Home Chandigrah ਨਾਂ ਮੈਂ ਕੋਈ ਝੂਠ ਬੋਲਿਆ…?ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ...

ਨਾਂ ਮੈਂ ਕੋਈ ਝੂਠ ਬੋਲਿਆ…?
ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਰਖਵਾਲਾ ਕੌਣ?

65
0


ਇੱਕ ਕਹਾਵਤ ਹੈ ਕਿ ਜਿਸ ਖੇਤ ਨੂੰ ਉਸਦੀ ਵਾੜ ਹੀ ਖਾਣ ਲੱਗ ਜਾਵੇ ਤਾਂ ਉਸ ਖੇਤ ਦੀ ਰਖਵਾਲੀ ਕੋਈ ਨਹੀਂ ਕਰ ਸਕਦਾ। ਇਹ ਕਹਾਵਤ ਆਮ ਤੌਰ ਤੇ ਪੰਜਾਬ ਵਿਚ ਜਦੋਂ ਕੋਈ ਰਖਵਾਲਾ ਸਮਝਿਆ ਜਾਣ ਵਾਲਾ ਹੀ ਦੁਸ਼ਮਣ ਬਣ ਜਾਵੇ ਤਾਂ ਉਪਯੋਗ ਕੀਤੀ ਜਾਂਦੀ ਹੈ। ਪੰਜਾਬ ਵਿਚ ਇਕ ਪੁਲਿਸ ਅਧਿਕਾਰੀ ਅਤੇ ਗੈਂਗਸਟਰ ਵਿਚਲੀ ਹੋਈ ਫੋਨ ਤੇ ਗੱਲਬਾਤ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਵਿਚ ਪੁਲਿਸ ਅਧਿਕਾਰੀ ਕਿਸੇ ਵੱਡੇ ਗੈਂਗਸਟਰ ਨੂੰ ਉਸਦੇ ਇਲਾਕੇ ਵਿਚ ਵਾਰਦਾਤ ਕਰਨੀ ਛੱਡ ਕੇ ਬਾਕੀ ਪੰਜਾਬ ਦੇ ਕਿਸੇ ਵੀ ਖੇਤਰ ਵਿਚ ਵਾਰਦਾਤ ਕਰਨ ਦੀ ਖੁੱਲ੍ਹ ਦੇ ਰਿਹਾ ਹੈ। ਭਾਵੇਂ ਪੁਲਸ ਜਾਂਚ ਦੇ ਨਾਂ ’ਤੇ ਇਸ ਆਡੀਓ ਨੂੰ ਦਬਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਪਰ ਇਹ ਗੱਲ ਜੋ ਸਾਹਮਣੇ ਆ ਚੁੱਕੀ ਹੈ ਉਸਨੂੰ ਛੁਪਾਉਣਾ ਮੁਸ਼ਿਕਲ ਹੋ ਜਾਵੇਗਾ ਕਿਉਂਕਿ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਲੈ ਕੇ ਸਰਕਾਰ ਅਤੇ ਪੁਲਿਸ ਤੇ ਨਿਸ਼ਾਨਾ ਸਾਧ ਰਹੀਆਂ ਹਨ। ਗੰੈਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦੀ ਤਰਨਤਾਰਨ ਇਲਾਕੇ ਦੇ ਇੱਕ ਪੁਲਿਸ ਮੁਲਾਜ਼ਮ ਨਾਲ ਹੋਈ ਗੱਲਬਾਤ ਦੇ ਵਾਇਰਲ ਹੋਣ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਹੋਇਆ ਹੈ ਕਿ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਜੀ ਜਿੰਮੇਵਾਰੀ ਜਿਸ ਪੁਲਸ ਤੇ ਹੈ ਉਸੇ ਪੁਲਿਸ ਦਾ ਅਧਿਕਾਰੀ ਮੁਜਰਿਮ ਨੂੰ ਆਪਣੇ ਇਲਾਕੇ ਵਿੱਚ ਜੁਰਮ ਨਾ ਕਰਨ ਅਤੇ ਪੰਜਾਬ ਵਿੱਚ ਕਿਸੇ ਵੀ ਹੋਰ ਥਾਂ ਤੇ ਜੁਰਮ ਕਰਨ ਦੀ ਇਜ਼ਾਜਤ ਦੇਣ ਲਈ ਕਹਿ ਰਿਹਾ ਹੋਵੇ ਤਾਂ ਵੱਡੀ ਚਿੰਤਾ ਦੀ ਅਤੇ ਅਹਿਮ ਗੱਲ ਹੈ। ਹਾਲਾਂਕਿ ਵਾਇਰਲ ਹੋਈ ਆਡੀਓ ਦੀ ਅਜੇ ਤਫਤੀਸ਼ ਹੋਣੀ ਬਾਕੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਪੁਲਿਸ ਦੇਸ਼ ਦੀਆਂ ਸਭ ਤੋਂ ਬਹਾਦਰ ਪੁਲਿਸ ਵਿਚੋਂ ਇਕ ਗਿਣੀ ਜਾਂਦੀ ਹੈ। ਜੇਕਰ ਉਸਦਾ ਕੋਈ ਅਧਿਕਾਰੀ ਆਪਣੇ ਖੇਤਰ ਨੂੰ ਛੱਡ ਕੇ ਪੰਜਾਬ ਦੇ ਕਿਸੇ ਹੋਰ ਖੇਤਰ ਵਿੱਚ ਮਾਹੌਲ ਖਰਾਬ ਕਰਨ ਦੀ ਇਜਾਜਤ ਦਿੰਦਾ ਹੈ ਤਾਂ ਚਿੰਤਾ ਦੀ ਗੱਲ ਹੈ ਅਤੇ ਵਿਰੋਧੀ ਧਿਰ ਵੱਲੋਂ ਸਵਾਲ ਉਠਾਉਣਾ ਅਤੇ ਆਵਾਜ਼ ਉਠਾਉਣੀ ਜਾਇਜ਼ ਹੈ ਕਿਉਂਕਿ ਹਰ ਕਿਸੇ ਨੂੰ ਪੁਲਿਸ ਤੋਂ ਸੁਰੱਖਿਆ ਮਿਲਦੀ ਹੈ। ਇੱਕ ਲਹੋਰ ਵੱਡੀ ਗੱਲ ਇਹ ਸਾਹਮਣੇ ਆਈ ਕਿ ਉਕਤ ਪੁਲਿਸ ਅਧਿਕਾਰੀ ਦਾ ਇਹ ਕਹਿਣਾ ਕਿ ਵਿਦੇਸ਼ ਵਿਚ ਬੈਠਾ ਗੈਂਗਸਟਰ ਉਸ ਪਾਸੋਂ 50 ਲੱਖ ਰੁਪਏ ਦੀ ਫਿਰੌਤੀ ਮੰਗਦਾ ਹੈ ਅਤੇ ਧਮਕੀਆਂ ਦਿੰਦਾ ਹੈ। ਜਿਸ ਦੀ ਸ਼ਿਕਾਇਤ ਉਸ ਨੇ ਉੱਚ ਅਧਿਕਾਰੀ ਨੂੰ ਦਿਤੀ ਜਿਸਤੋਂ ਬਾਅਦ ਉਸਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਗਈ। ਇਹ ਉਸਤੋਂ ਵੀ ਵੱਡੀ ਚਿੰਤਾ ਦੀ ਗੱਲ ਹੈ ਕਿ ਜੇਕਰ ਕੋਈ ਅਪਰਾਧੀ ਇੰਨਾ ਹੌਂਸਲਾ ਕਰਦਾ ਹੈ ਕਿ ਉਹ ਪੁਲਿਸ ਅਧਿਕਾਰੀਆਂ ਤੋਂ ਫਿਰੌਤੀ ਦੀ ਮੰਗ ਕਰਦਾ ਹੈ ਅਤੇ ਪੁਲਿਸ ਅਧਿਕਾਰੀ ਨੂੰ ਹੀ ਧਮਕੀਆਂ ਦਿੰਦਾ ਹੈ ਤਾਂ ਫਿਰ ਆਮ ਪਬਲਿਕ ਕਿਸਦੀ ਵਿਚਾਰੀ ਹੈ ? ਆਮ ਪਬਲਿਕ ਦੀ ਰਖਵਾਲੀ ਕੌਣ ਕਰੇਗਾ ਜੇਕਰ ਸਾਡੀ ਪੁਲਿਸ ਨੂੰ ਹੀ ਗੈਂਗਸਟਰਾਂ ਤੋਂ ਖਤਰਾ ਹੋਵੇ। ਇਸ ਮਾਮਲੇ ’ਚ ਇਕ ਹੋਰ ਵੱਡੀ ਗੱਲ ਸਾਹਮਣੇ ਆ ਰਹੀ ਹੈ ਉਕਤ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਨੂੰ ਸਾਲ 2017 ਵਿਚ ਫੜ ਕੇ ਇਕ ਮਾਮਲੇ ਵਿਚ ਪੁੱਛ ਗਿਛ ਕੀਤੀ ਸੀ। ਜਿਸ ਕਾਰਨ ਮੇਰੀ ਉਸ ਨਾਲ ਰੰਜਿਸ਼ ਹੈ। ਇਸ ਲਈ ਹੁਣ ਇਕ ਸਵਾਲ ਹੋਰ ਖੜਾ ਹੋ ਗਿਆ ਕਿ ਜੇਕਰ ਉਹ 2017 ’ਚ ਉਸਨੇ ਲਖਵੀਰ ਸਿੰਘ ਲੰਡਾ ਨੂੰ ਫੜਿਆ ਗਿਆ ਤਾਂ ਉਸ ’ਤੇ ਕੋਈ ਨਾ ਕੋਈ ਕੇਸ ਹੋਵੇਗਾ ਤਾਂ ਫਿਰ ਉਸਦੇ ਬਾਵਜੂਦ ਵੀ ਉਹ ਪੁਲਿਸ ਕਲੀਅਰੈਂਸ ਹਾਸਿਲ ਕਰਕੇ ਵਿਦੇਸ਼ ਚਲਾ ਗਿਆ। ਉਸ ਨੂੰ ਵਿਦੇਸ਼ ਭੱਜਣ ਲਈ ਪੁਲਿਸ ਅਧਿਕਾਰੀਆਂ ਪਾਸੋਂ ਹੀ ਕਲੀਅਰੈਂਸ ਲੈਣੀ ਸੀ, ਉਸਨੂੰ ਕਿਹੜੇ ਪੁਲਿਸ ਅਧਿਕਾਰੀਆਂ ਅਤੇ ਵੈਰੀਫਿਕੇਸ਼ਨ ਕਰਨ ਵਾਲੇ ਕਰਮਚਾਰੀਆਂ ਨੇ ਕਲੀਅਰੈਂਸ ਦਿਤੀ ਇਹ ਵੀ ਵੱਡਾ ਜਾਂਚ ਦਾ ਵਿਸ਼ਾ ਹੈ। ਪੁਲਿਸ ਅਤੇ ਅਪਰਾਧੀਆਂ ਦੇ ਗਠਜੋੜ ਦੀ ਗੱਲ ਕਿਸੇ ਤੋਂ ਛੁਪੀ ਨਹੀਂ ਹੋਈ। ਇਸ ਸਮੇਂ ਪੰਜਾਬ ਦੇ ਕਈ ਵੱਡੇ ਗੈਂਗਸਟਰ ਅਤੇ ਹੋਰ ਅਪਰਾਧਿਕ ਗਤਵਿਧੀਆਂ ਵਿਚ ਸ਼ਾਮਿਲ ਲੋਕ ਹਨ ਉਹ ਵਿਦੇਸ਼ਾਂ ਵਿਚ ਬੈਠਏ ਹੋਏ ਹਨ ਅਤੇ ਉਨ੍ਹਾਂ ਦੇ ਵਿਦੇਸ਼ ਜਾਣ ਲਈ ਬਕਾਇਦਾ ਪੀ ਸੀ ਸੀ ਪੁਲਿਸ ਵਲੋਂ ਹੀ ਦਿਤੀ ਜਾਂਦੀ ਹੈ ਕਿਉਂਕਿ ਪਾਸਪੋਰਟ ਲਈ ਜਾਂਚ ਉਸੇ ਇਲਾਕੇ ਦਾ ਪੁਲਿਸ ਅਫਸਰ ਵਲੋਂ ਹੀ ਕੀਤੀ ਅਤੇ ਕਰਵਾਈ ਜਾਂਦੀ ਹੈ। ਹੁਣ ਤਾਂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਨ੍ਹੰ ਨੂੰ ਪਤਾ ਨਹੀਂ ਸੀ ਚੱਲਿਆ ਕਿ ਕਿਸੇ ਵਿਅਕਤੀ ਖਿਲਾਫ ਪੰਜਾਬ ਦੇ ਕਿਸੇ ਹੋਰ ਜਿਲੇ ਵਿਚ ਮੁਕਦਮਾ ਹੈ ਕਿਉਂਕਿ ਹੁਣ ਤਾਂ ਸਭ ਕੁਝ ਔਨਲਾਇਨ ਹੈ। ਕਿਤੇ ਵੀ ਕਿਸੇ ਦੇ ਖਿਲਾਫ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਉਸ ਸਮੇਂ ਉਹ ਆਨਲਾਈਨ ਆ ਜਾਂਦਾ ਹੈ। ਇਸ ਲਈ ਗੈਂਗਸਟਰ ਅਤੇ ਪੁਲਿਸ ਅਧਿਕਾਰੀ ਦੀ ਗੱਲਬਾਤ ਗੰਭੀਰਤਾ ਨਾਲ ਜਾਂਚ ਦੇ ਦਾਇਰੇ ਵਿਚ ਲਿਆਉਣੀ ਚਾਹੀਦੀ ਹੈ। ਕਿਸੇ ਪੁਲਿਸ ਅਧਿਕਾਰੀ ਪਾਸੋਂ ਗੈਂਗਸਟਰ ਪੰਜਾਹ ਲੱਖ ਦੀ ਫਿਰੌਤੀ ਮੰਗਦੀ ਹੈ ਅਤੇ ਉਸਨੂੰ ਧਮਕੀਆਂ ਦਿੰਦਾ ਹੈ, ਗੈਂਗਸਟਰ ਕਿਸ ਗੱਲ ਤੋਂ ਉਸ ਪਾਸੋਂ ਫਿਰੌਤੀ ਮੰਗਦਾ ਹੈ ? ਪੁਲਿਸ ਅਧਿਕਾਰੀ ਉਸਨੂੰ ਉਸਦਾ ਇਲਾਕਾ ਛੱਡ ਕੇ ਪੰਜਾਬ ਵਿਚ ਬਾਕੀ ਕਿਧਰੇ ਵੀ ਵਾਰਦਜਾਤ ਕਰਨ ਦੀ ਖੁੱਲ੍ਹ ਦਿੰਦਾ ਹੈ ਕਿਉਂ ? ਤੀਸਰਾ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਬਾਵਜੂਦ ਵਿਦੇਸ਼ ਜਾਣ ਲਈ ਉਸਨੂੰ ਪੁਲਿਸ ਕਲੀਅਰੈਂਸ ਕਿਸ ਅਧਿਕਾਰੀ ਵਲੋਂ ਦਿਤੀ ਗਈ।ਇਨ੍ਹਾਂ ਸਵਾਲਾਂ ਦੇ ਜਵਾਬ ਹਰੇਕ ਪੰਜਾਬ ਨਿਵਾਸੀ ਚਾਹੁੰਦਾ ਹੈ। ਮੌਜੂਦਾ ਪੰਜਾਬ ਸਰਕਾਰ ਨੂੰ ਇਸ ਮਾਮਲੇ ਨੂੰ ਪਾਰਦਰਸ਼ਤਾ ਨਾਲ ਨੰਗਾ ਕਰਨ ਲਈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਲੋਕਾਂ ਦੇ ਸਾਹਮਣੇ ਸੱਚਾਈ ਲਿਆਉਣੀ ਚਾਹੀਦੀ ਹੈ ਕਿਉਂਕਿ ਜੇਕਰ ਪੁਲਿਸ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੀ ਤਾਂ ਆਮ ਲੋਕ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਸਮਝ ਸਕਦੇ ਹਨ?
ਹਰਵਿੰਦਰ ਸਿੰਘ ਸੱਗੂ ।

LEAVE A REPLY

Please enter your comment!
Please enter your name here