ਜਗਰਾਓਂ, 31 ਜਨਵਰੀ ( ਭਗਵਾਨ ਭੰਗੂ, ਵਿਕਾਸ ਮਠਾੜੂ )-ਜਗਰਾਓ ਸ਼ਹਿਰ ਦੇ ਇੱਕ ਨਾਮੀ ਕਰਿਆਨਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਪੁਲੀਸ ਨੇ ਤਿੰਨ ਮੁਲਜ਼ਮਾਂ ਜਗਤਾਰ ਸਿੰਘ ਉਰਫ ਜੱਗਾ ਵਾਸੀ ਪਿੰਡ ਫੇਰੋਕੇ, ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ’ਤੇ ਗੋਲੀ ਚਲਾ ਕੇ ਭੱਜਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੀ ਮਾਸੀ ਦਾ ਲੜਕਾ ਅੰਮ੍ਰਿਤਪਾਲ ਸਿੰਘ ਉਰਫ਼ ਐਮੀ ਵੀ ਮਨੀਲਾ ਵਿਖੇ ਹੀ ਬੈਠਾ ਹੈ। ਜਿਸਦੀ ਇਸ ਮਾਮਲੇ ਵਿਚ ਵੱਡੀ ਭੂਮਿਕਾ ਸਾਹਮਣੇ ਆਈ ਹੈ। ਜਗਤਾਰ ਸਿੰਘ ਜੱਗਾ ਦਾ ਭਰਾ ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖਾ ਦੀ ਮਾਸੀ ਦਾ ਲੜਕਾ ਅੰਮ੍ਰਿਤਪਾਲ ਸਿੰਘ ਉਰਫ ਐਮੀ ਕੈਨੇਡਾ ਬੈਠੇ ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਹਨ। ਐਸਐਸਪੀ ਹਰਜੀਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਰਸ਼ ਡਾਲਾ ਦੇ ਨਾਂ ’ਤੇ ਇਹ ਲੋਕ ਇਸ ਤੋਂ ਪਹਿਲਾਂ ਜਗਰਾਉਂ ਇਲਾਕੇ ’ਚ ਵੀ ਫਿਰੌਤੀ ਮੰਗ ਚੁੱਕੇ ਸਨ। ਇਸ ਤੋਂ ਇਲਾਵਾ ਇਨ੍ਹਾਂ ਵਲੋਂ ਕਿਸ-ਕਿਸ ਤੋਂ ਕਦੋਂ ਫਿਰੌਤੀ ਲਈ ਧਮਕਾਇਆ ਜਾਂ ਫਿਰੌਤੀ ਦੀ ਰਕਮ ਕਿਸ ਕੋਲੋਂ ਅਤੇ ਕਿੱਥੋਂ ਇਕੱਠੀ ਕੀਤੀ ਹੈ। ਇਸ ਸਭ ਦਾ ਖੁਲਾਸਾ ਕਰਵਾਉਣ ਲਈ ਇਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਕੇ 4 ਫਰਵਰੀ ਤੱਕ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਗਰੋਹ ਦੇ ਹੋਰ ਕਿਹੜੇ-ਕਿਹੜੇ ਮੈਂਬਰ ਉਨ੍ਹਾਂ ਦੇ ਨਾਲ ਪੰਜਾਬ ਭਰ ਵਿੱਚ ਸਰਗਰਮ ਹਨ ਅਤੇ ਵਾਰਦਾਤ ਸਮੇਂ ਵਰਤੀ ਗਈ ਪਿਸਤੌਲ ਵੀ ਬਰਾਮਦ ਕੀਤੀ ਜਾਣੀ ਹੈ।

