ਜਗਰਾਉਂ, 27 ਮਈ ( ਵਿਕਾਸ ਮਠਾੜੂ, ਜਗਰੂਪ ਸੋਹੀ )-ਸ਼ੁੱਕਰਵਾਰ ਦੇਰ ਰਾਤ ਕਰੀਬ 9 ਵਜੇ ਮਾਣੂੰਕੇ ਤੋਂ ਦੇਹੜਕਾ ਰੋਡ ’ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਹੋਈ ਟੱਕਰ ’ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਜਗਰਾਉਂ ਦੇ ਐਸ.ਐਮ.ਓ ਡਾ.ਪੁਨੀਤ ਸਿੱਧੂ ਨੇ ਦੱਸਿਆ ਕਿ ਦੋ ਨੌਜਵਾਨ ਬੇਅੰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਪਿੰਡ ਝੋਰੜਾਂ ਉਮਰ 25 ਸਾਲ ਅਤੇ ਇੱਕ ਹੋਰ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਸਾਧੂ ਸਿੰਘ ਪਿੰਡ ਡੱਲਾ, ਉਮਰ 43, ਸੜਕ ਹਾਦਸੇ ’ਚ ਜਖਮੀ ਹੋ ਗਏ ਸਨ। ਜਿੰਨਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦਰਜ਼ੀ ਦਾ ਕੰਮ ਕਰਦਾ ਸੀ ਅਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਜਦੋਂ ਕਿ ਬੇਅੰਤ ਸਿੰਘ ਮੇਲਿਆਂ ਵਿੱਚ ਝੂਲੇ ਲਾਉਣ ਦਾ ਕੰਮ ਕਰਦਾ ਸੀ। ਥਾਣਾ ਹਠੂਰ ਤੋਂ ਏ.ਐਸ.ਆਈ ਰਛਪਾਲ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਦਿਆਂ ਦੋਵਾਂ ਨੌਜਵਾਨਾਂ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।