ਸੁਧਾਰ, 27 ਮਈ ( ਜਸਵੀਰ ਹੇਰਾਂ )-ਪਰਿਵਾਰਕ ਝਗੜੇ ’ਚ ਘਰ ਪਹੁੰਚ ਕੇ ਗੋਲੀਆਂ ਚਲਾਉਣ ਦੇ ਦੋਸ਼ ’ਚ 3 ਵਿਅਕਤੀਆਂ ਖਿਲਾਫ ਥਾਣਾ ਸੁਧਾਰ ਵਿਖੇ ਵੱਖ ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰਛਪਾਲ ਕੌਰ ਵਾਸੀ ਪਿੰਡ ਡਾਂਗੋ ਥਾਣਾ ਜੋਧਾਂ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਜਸਪਾਲ ਕੌਰ ਦੇ ਦੋ ਲੜਕੇ ਹਨ। ਦੋਵੇਂ ਵਿਆਹੇ ਹੋਏ ਹਨ। ਮੇਰਾ ਭਰਾ ਸਤਨਾਮ ਸਿੰਘ ਜੋ ਕਿ ਅਰੋੜਾ ਨਿਊਰੋ ਹਸਪਤਾਲ ਵਿੱਚ ਦਾਖਲ ਹੈ। ਜਿਸ ਦਾ ਪਤਾ ਲੈ ਕੇ ਉਹ 24 ਮਈ ਨੂੰ ਹਸਪਤਾਲ ਤੋਂ ਸਿੱਧਾ ਆਪਣੀ ਭੈਣ ਦੇ ਪਿੰਡ ਹਲਵਾਰਾ ਆਈ ਸੀ। ਜਦੋਂ ਮੈਂ ਆਪਣੀ ਭੈਣ ਕੋਲ ਆਈ ਤਾਂ ਉਸ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਜਸਜੀਤ ਸਿੰਘ ਦੀ ਪਤਨੀ ਗਗਨਦੀਪ ਕੌਰ ਦਾ ਉਸ ਨਾਲ ਮਾਮੂਲੀ ਝਗੜਾ ਹੋਇਆ ਸੀ। ਜਿਸ ਸਬੰਧੀ ਉਸ ਨੇ ਆਪਣੇ ਪੇਕੇ ਘਰ ਫੋਨ ਕਰਕੇ ਦੱਸਿਆ ਹੈ। ਸ਼ਾਮ ਨੂੰ ਗਗਨਦੀਪ ਕੌਰ ਦਾ ਭਰਾ ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਕੁਲਦੀਪ ਸਿੰਘ ਨੂੰ ਆਪਣੇ ਨਾਲ ਸਵਿਫ਼ਟ ਕਾਰ ਵਿੱਚ ਲੈ ਆਇਆ ਅਤੇ ਘਰ ਆ ਕੇ ਸਾਡੇ ਨਾਲ ਬਹਿਸ ਕਰਨ ਲੱਗੇ। ਜਿਸ ’ਤੇ ਅਸੀਂ ਉਸ ਨੂੰ ਝਗੜਾ ਨਾ ਵਧਾਉਣ ਅਤੇ ਬਹਿਸ ਨਾ ਕਰਨ ਲਈ ਕਿਹਾ। ਜਿਸ ’ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਗੁੱਸੇ ’ਚ ਆ ਕੇ ਆਪਣਾ ਰਿਵਾਲਵਰ ਕੱਢ ਲਿਆ ਅਤੇ ਹਵਾ ’ਚ ਅਤੇ ਜ਼ਮੀਨ ’ਤੇ ਕੁਝ ਗੋਲੀਆਂ ਚਲਾ ਦਿੱਤੀਆਂ। ਅਸੀਂ ਸਾਰੇ ਡਰ ਗਏ ਅਤੇ ਉਥੋਂ ਆਪਣੇ ਘਰ ਅੰਦਰ ਚਲੇ ਗਏ। ਜ਼ਮੀਨ ’ਤੇ ਚੱਲੀ ਗੋਲੀ ਦੇ ਛਰੇ ਰਛਪਾਲ ਕੌਰ ਦੀ ਲੱਤ ’ਤੇ ਵੀ ਲੱਗੇ। ਇਸ ਤੋਂ ਬਾਅਦ ਉਹੰ ਹਥਿਆਰ ਸਮੇਤ ਗਗਨਦੀਪ ਕੌਰ ਨੂੰ ਨਾਲ ਲੈ ਕੇ ਉਥੋਂ ਚਲੇ ਗਏ। ਰਛਪਾਲ ਕੌਰ ਦੀ ਸ਼ਿਕਾਇਤ ’ਤੇ ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਕੁਲਦੀਪ ਸਿੰਘ ਵਾਸੀ ਢਿੱਲੋਂ ਪੱਤੀ ਭੀਖੀ ਜ਼ਿਲ੍ਹਾ ਮਾਨਸਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।