ਵਿਰੋਧੀ ਧਿਰ ਨੇ ਹਾਊਸ ਦੀ ਮੀਟਿੰਗ ਵਿੱਚ ਕੋਈ ਵੀ ਮਤਾ ਪਾਸ ਨਹੀਂ ਹੋਣ ਦਿੱਤਾ
ਜਗਰਾਉਂ, 1 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪਿਛਲੇ ਲੰਮੇ ਸਮੇਂ ਤੋਂ ਨਗਰ ਕੌੰਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਬਰਕਰਾਰ ਰੱਖਣ ਅਤੇ ਹਟਾਉਣ ਦੇ ਮਾਮਲੇ ਨੂੰ ਲੈ ਕੇ ਦੋਫਾੜ ਹੋਏ ਕੌਸਲਰਾਂ ਵਿਚਾਲੇ ਚੱਲ ਰਹੀ ਆਪਸੀ ਲੜਾਈ ਕਾਰਨ ਸ਼ਹਿਰ ਦਾ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਜਿਨ੍ਹਾਂ ਆਸਾਂ ਨਾਲ ਉਨ੍ਹਾਂ ਨੂੰ ਲੋਕਾਂ ਨੇ ਕੌਂਸਲਰ ਚੁਣਿਆ ਸੀ, ਉਨ੍ਹਾਂ ’ਤੇ ਪੂਰਾ ਉਤਰਨ ਦੀ ਬਜਾਏ ਉਹ ਆਪਸੀ ਖਹਿਬਾਜੀ ਵਿਚ ਲੱਗੇ ਹੋਏ ਹਨ ਜਿਸ ਨਾਲ ਸ਼ਹਿਰ ਦਾ ਨੁਕਸਾਨ ਹੋ ਰਿਹਾ ਹੈ। ਇਸ ਦੀ ਮਿਸਾਲ ਬੁੱਧਵਾਰ ਨੂੰ ਹਾਊਸ ਦੀ ਬੈਠਕ ’ਚ ਵੀ ਦੇਖਣ ਨੂੰ ਮਿਲੀ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਸਰਕਾਰੀ ਕੰਮਾਂ ਲਈ 14 ਪ੍ਰਸਤਾਵ ਪੇਸ਼ ਕੀਤੇ ਗਏ। ਜਿਸ ਵਿਚ ਨਗਰ ਕੌਸਲ ਦੇ ਕਰਮਚਾਰੀਆਂ ਨਾਲ ਸਬੰਧਿਤ, ਨਗਰ ਕੌਸਲ ਅਧੀਨ ਆਉਂਦੀਆਂ ਜਾਇਦਾਦਾਂ ਦਾ ਜੀ.ਆਈ.ਐਸ. ਸਰਵੇ, ਸ਼ਹਿਰ ਨੂੰ ਵਾਟਰ ਪਲੱਸ ਅਤੇ ਕੂੜਾ ਮੁਕਤ ਥ੍ਰੀ ਸਟਾਰ ਬਣਾਉਣ, ਬਾਜਵਾ ਕਾਲੋਨੀ ਡਿਸਪੋਜ਼ਲ ਰੋਡ ’ਤੇ ਨਗਰ ਕੌਸਲ ਦੀ ਜਗ੍ਹਾ ’ਤੇ ਸਰਕਾਰੀ ਸਕੂਲ ਅਤੇ ਨਗਰ ਕੌਂਸਲ ਦੀਆਂ ਦੁਕਾਨਾਂ ਦੀ ਉਸਾਰੀ ੍ਟ , ਸਵੱਛ ਭਾਰਤ ਅਭਿਆਨ ਤਹਿਤ ਭੱਦਰਕਾਲੀ ਮੰਦਿਰ ਦੇ ਨੇੜੇ ਵਾਲੀ ਥਾਂ ’ਤੇ ਰੀਮੌਡਲਿੰਗ ਅਤੇ ਰੈਨੋਵੇਸ਼ਨ ਸੰਬੰਧੀ ਕੰਮ, ਇਸ਼ਤਿਹਾਰਬਾਜ਼ੀ ਦਾ ਕੰਮ ਠੇਕੇ ’ਤੇ ਦੇਣ, ਨਗਰ ਕੌਸਲ ਦੀ ਹਦੂਦ ਅੰਦਰ ਬਣੇ ਜਨਤਕ ਪਖਾਨਿਆਂ ਦੀ ਸਫ਼ਾਈ ਅਤੇ ਸਾਂਭ-ਸੰਭਾਲ ਲਈ ਲੋੜੀਂਦੇ ਕੰਮ ਕਰਨ ਦੀ ਤਜਵੀਜ਼ ਰੱਖੀ ਗਈ ਸੀ। ਇਨ੍ਹਾਂ ਸਾਰੀਆਂ ਤਜਵੀਜ਼ਾਂ ਨੂੰ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਇਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਮਹਾਨ ਸ਼ਹੀਦ ਲਾਲਾ ਲਾਜਪਤ ਰਾਏ ਦੇ ਜਨਮ ਦਿਨ ’ਤੇ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਏ.ਡੀ.ਸੀ. ਨੇ ਉਨ੍ਹਾਂ ਦੇ ਜੱਦੀ ਘਰ ਜਾ ਕੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤਾਂ ਉਨ੍ਹਾਂ ਦੇ ਜੱਦੀ ਘਰ ਵਾਲੀ ਗਲੀ ਦਾ ਨਾਂ ਬਦਲ ਕੇ ਲਾਲਾ ਲਾਜਪਤ ਰਾਏ ਸਟਰੀਟ ਰੱਖਣ ਦੀ ਇੱਛਾ ਜਾਹਿਰ ਕੀਤੀ ਸੀ ਤਾਂ ਜੋ ਸ਼ਹੀਦ ਨੂੰ ਉਨ੍ਹਾਂ ਦੇ ਆਪਣੇ ਜੱਦੀ ਸ਼ਹਿਰ ਵਿਚ ਹੋਰ ਸਤਿਕਾਰ ਦਿਤਾ ਜਾ ਸਕੇ। ਉਸ ਵਾਰਡ ਦੇ ਸਬੰਧਤ ਕੌਂਸਲਰ ਵੱਲੋਂ ਇਸ ਦੀ ਤਜਵੀਜ਼ ਵੀ ਪੇਸ਼ ਕੀਤੀ ਗਈ ਤਾਂ ਵਿਰੋਧੀ ਕੌਂਸਲਰਾਂ ਵੱਲੋਂ ਉਸ ਮਹਾਨ ਸ਼ਹੀਦ ਦੇ ਸਨਮਾਨ ਲਈ ਕੀਤੇ ਗਏ ਕੰਮਾਂ ਨੂੰ ਵੀ ਪ੍ਰਵਾਨ ਨਹੀਂ ਕੀਤਾ ਗਿਆ। ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿਉਂਕਿ ਸ਼ਹੀਦ ਕਿਸੇ ਇੱਕ ਸ਼ਹਿਰ ਜਾਂ ਫਿਰਕੇ ਦੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਹੁੰਦੇ ਹਨ। ਇਸ ਲਈ ਸ਼ਹੀਦਾਂ ਦਾ ਸਤਿਕਾਰ ਕਰਨਾ ਸਾਰੇ ਦੇਸ਼ ਵਾਸੀਆਂ ਦਾ ਧਰਮ ਹੈ।
ਕੀ ਕਹਿਣਾ ਹੈ ਵਿਰੋਧੀ ਕੌਂਸਲਰਾਂ ਦਾ- ਇਸ ਸਬੰਧੀ ਵਿਰੋਧੀ ਧਿਰ ਦੇ ਕੌਂਸਲਰ ਕੰਵਰਪਾਲ ਸਿੰਘ, ਸਤੀਸ਼ ਕੁਮਾਰ ਪੱਪੂ, ਅਜੀਤ ਸਿੰਘ ਠੁਕਰਾਲ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਨਗਰ ਕੌਂਸਲ ਦੀਆਂ ਦੋ ਮੀਟਿੰਗਾਂ ਹੋਈਆਂ। ਸਵੇਰੇ 11.30 ਵਜੇ ਮੀਟਿੰਗ ਲਈ ਪ੍ਰਧਾਨ ਪਾਸ ਕੋਰਮ ਪੂਰਾ ਨਹੀਂ ਸੀ। ਇਸ ਲਈ ਉਨ੍ਹਾਂ ਦੇ 13 ਸਾਥੀ ਕੌਂਸਲਰਾਂ ਵੱਲੋਂ ਮੀਟਿੰਗ ਰੱਦ ਕਰ ਦਿੱਤੀ ਗਈ। ਦੂਜੀ ਮੀਟਿੰਗ 12.30 ਵਜੇ ਹੋਈ। ਜਿਸ ਵਿੱਚ ਪਿਛਲੀ ਮੀਟਿੰਗ ਦੀ ਰੀਕੋਜੀਸ਼ਨ ਦੀ ਪੁਸ਼ਟੀ ਕਰਨ ਦਾ ਮਾਮਲਾ ਸੀ। ਇਸੇ ਲਈ ਪਹਿਲੀ ਮੀਟਿੰਗ 1 ਨਵੰਬਰ 2022 ਨੂੰ ਹੋਈ ਸੀ। ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਅੱਜ ਦੀ ਰੀਕੋਜੀਸ਼ਨ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਦੂਜਾ ਉਸ ਮੀਟਿੰਗ ਵਿੱਚ ਕੋਈ ਵਿਸ਼ੇਸ਼ ਪ੍ਰਸਤਾਵ ਜਾਂ ਮੰਗ ਪੱਤਰ ਨਹੀਂ ਦਿੱਤਾ ਜਾ ਸਕਦਾ ਸੀ। ਨਿਯਮਾਂ ਦੇ ਉਲਟ ਜਾ ਕੇ ਕੁਝ ਕੌਂਸਲਰਾਂ ਵੱਲੋਂ ਮੰਗ ਪੱਤਰ ਦਿੱਤਾ ਗਿਆ। ਜੋ ਕਿ ਅਣਉਚਿਤ ਸੀ। ਉਨ੍ਹਾਂ ਈਓ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਭੇਜੇ ਆਪਣੇ ਇਤਰਾਜ਼ ਪੱਤਰ ਵਿੱਚ ਕਿਹਾ ਹੈ ਕਿ ਨਗਰ ਕੌਂਸਲ ਪ੍ਰਧਾਨ ਆਪਣਾ ਬਹੁਮਤ ਗੁਆ ਚੁੱਕਾ ਹੈ। ਮਿਉਂਸਪਲ ਐਕਟ 1911 ਦੀ ਉਲੰਘਣਾ ਕਰਦਿਆਂ ਪ੍ਰਧਾਨ ਨੇ 2 ਮਹੀਨਿਆਂ ਬਾਅਦ ਮੀਟਿੰਗ ਰੱਖੀ ਹੈ। ਇਸ ਲਈ ਪ੍ਰੋਸੀਡਿੰਗ ਬੁੱਕ ਵਿੱਚ ਉਨ੍ਹਾਂ ਵਲੋਂ ਦਿਤਾ ਇਤਰਾਜ਼ ਦਰਜ ਕਰਵਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਈਓ ਦਾ- ਇਸ ਸਬੰਧੀ ਨਗਰ ਕੌਸਲ ਦੇ ਈਓ ਮਨੋਹਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਪੇਸ਼ ਕੀਤੀਆਂ ਗਈਆਂ ਤਜਵੀਜ਼ਾਂ ਨੂੰ ਵਿਰੋਧੀ ਕੌਸਲਰਾਂ ਨੇ ਰੱਦ ਕਰਕੇ ਲਿਖਤੀ ਤੌਰ ’ਤੇ ਆਪਣਾ ਇਤਰਾਜ਼ ਦਿੱਤਾ ਹੈ। ਜਿਸ ਨੂੰ ਵਿਭਾਗ ਨੂੰ ਭੇਜਿਆ ਜਾਵੇਗਾ। ਉਥੋਂ ਜੋ ਹੁਕਮ ਆਵੇਗਾ ਉਸ ਅਨੁਸਾਰ ਅੱਗੇ ਕੰਮ ਕੀਤਾ ਜਾਵੇਗਾ।