ਜਗਰਾਓਂ, 1 ਫਰਵਰੀ ( ਬਲਦੇਵ ਸਿੰਘ)-ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ,ਅੱਜ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2023—2024 ਲਈ ਦਾਖਲੇ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਬਲਾਕ ਸਿੱਧਵਾਂ ਬੇਟ ਦੇ ਬੀ ਐਨ ਓ ਪ੍ਰਿੰਸੀਪਲ ਵਿਨੋਦ ਕੁਮਾਰ (ਸਟੇਟ ਐਵਾਰਡੀ) ਦੀ ਅਗਵਾਈ ਵਿੱਚ ਬਲਾਕ ਸਿੱਧਵਾਂ ਬੇਟ ਇਲਾਕੇ ਦੇ 25 ਸਕੂਲਾਂ ਦੇ ਮੁਖੀਆਂ ਨੇ ਅੱਜ ਦੀ ਮੀਟਿੰਗ ਵਿੱਚ ਭਾਗ ਲਿਆ।ਇਸ ਸਮੇਂ ਸ਼੍ਰੀ ਵਿਨੋਦ ਕੁਮਾਰ ਜੀ ਨੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਸਕੂਲਾਂ ਵਿਚ ਵਿਦਿਆਰਥੀਆਂ ਦਾ ਵੱਧ ਤੋਂ ਵੱਧ ਦਾਖਲਾ ਕਰਨ ਲਈ , ਲੋਕਾਂ ਨੂੰ ਜਾਗਰੂਕ ਕਰਨ ਹਿੱਤ, ਆਪਣੇ ਆਪਣੇ ਇਲਾਕੇ ਵਿੱਚ ਰੈਲੀਆਂ ਕਰਨ, ਸਰਕਾਰੀ ਸਕੂਲਾਂ ਦੀ ਦਿੱਖ ਨੂੰ, ਲੋਕ ਦਿਲਾਂ ਵਿਚ ਪਰੋਣ, ਸਰਕਾਰੀ ਸਹੂਲਤਾਂ ਵਾਰੇ ਉਨ੍ਹਾਂ ਨੂੰ ਜਾਗਰੂਕ ਕਰਨ, ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਦਾਖਲਾ ਹੋ ਸਕੇ। ਇਸ ਸਮੇਂ ਵਿਦਿਆਰਥੀਆਂ ਸੰਗ ਵੀ ਗੱਲਬਾਤ ਕਰਦਿਆਂ ਬੀ ਐੱਨ ਓ ਜੀ ਨੇ ਕਿਹਾ ਕਿ ਉਹ ਵੀ ਆਪਣੇ ਆਪਣੇ ਭੈਣ ਭਰਾਵਾਂ ਨੂੰ ਨੇੜਲੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਲਈ, ਮਾਪਿਆਂ ਨੂੰ ਪ੍ਰੇਰਿਤ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਵਧੀਆ ਪੜ੍ਹਾਈ ਬਾਰੇ ਵੀ ਜਾਣਕਾਰੀ ਦੇਣ।ਇਸ ਸਮੇਂ ਪ੍ਰਿੰਸੀਪਲ ਵਿਨੋਦ ਕੁਮਾਰ ਤੋਂ ਇਲਾਵਾ ਪ੍ਰਿੰਸੀਪਲ ਸੰਜੀਵ ਕੁਮਾਰ ਮੈਨੀ ਗਾਲਿਬ ਕਲਾਂ, ਪ੍ਰਿੰਸੀਪਲ ਹਰਪ੍ਰੀਤ ਸਿੰਘ ਗਿੱਦੜਵਿੰਡੀ, ਪ੍ਰਿੰਸੀਪਲ ਹਰਕੇਸ਼ ਲਾਲ ਤਿਹਾੜਾ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਵਿਦਿਆਰਥੀਆਂ ਨੇ ਪਿੰਡ ਵਿੱਚ ਰੈਲੀ ਕੱਢਦਿਆਂ ,ਨਾਅਰਿਆਂ ਨਾਲ ਸਰਕਾਰੀ ਸਕੂਲਾਂ, ਚੋਂ ਮਿਲ ਰਹੀਆਂ ਸਹੂਲਤਾਂ ਬਾਰੇ , ਬੋਲੀਆਂ ਦੇ ਰੂਪ ਵਿੱਚ ਹੋਕਾ ਦਿੰਦਿਆਂ, ਵਿਸ਼ੇਸ਼ ਜਾਣਕਾਰੀ ਪਿੰਡ ਦੇ ਲੋਕਾਂ ਤੱਕ ਪਹੁੰਚਾਈ। ਇਸ ਰੈਲੀ ਵਿਚ ਵਿਦਿਆਰਥੀਆਂ ਤੋਂ ਇਲਾਵਾ, ਪ੍ਰਿੰਸੀਪਲ ਸ਼੍ਰੀ ਵਿਨੋਦ ਕੁਮਾਰ ਜੀ ਅਤੇ ਸਮੂਹ ਅਧਿਆਪਕ ਵਰਗ ਨੇ ਵੀ ਭਾਗ ਲਿਆ। ਯਾਦ ਰਹੇ ਕਿ ਅਜਿਹੀਆਂ ਹੋਰ ਰੈਲੀਆਂ ਵੀ ਕੱਢਣ ਦਾ ਪ੍ਰਣ ਲਿਆ ਗਿਆ ।
