ਜਗਰਾਉਂ, 10 ਫਰਵਰੀ ( ਵਿਕਾਸ ਮਠਾੜੂ)-ਜੀ .ਐਚ. ਜੀ. ਅਕੈਡਮੀ,ਜਗਰਾਉਂ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਦਸਵੀ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ ਭਾਸ਼ਣ ਰਾਹੀਂ ਬਾਬਾ ਅਜੀਤ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਵਿਵਾਦ 23 ਮਾਘ) 26 ਜਨਵਰੀ 1687 ਈ. ਹਿਮਾਚਲ ਪ੍ਰਦੇਸ਼ ਦੇ ਰਣੀਕ ਸਥਾਨ ਪਾਉਂਟਾ ਸਾਹਿਬ ਹੋਇਆ। ਸਾਹਿਬਜਾਦਾ ਅਜੀਤ ਸਿੰਘ ਜੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ, ਗੁਰੂ ਤੇਗ ਸਾਹਿਬ ਜੀ ਦੇ ਪੋਤੇ ਹੋਏ ਹਨ । ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ19-20 ਦਸੰਬਰ 1704 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਸਰਸਾ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ । ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਅੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ।ਅਖੀਰ ਵਿੱਚ ਜੀ .ਐਚ. ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਵਿਦਿਆਰਥੀਆਂ ਨੂੰ ਸਿੱਖ ਯੋਧਿਆਂ ਦੀਆਂ ਜੀਵਨੀਆਂ ਨੂੰ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ । ਜੀ. ਐਚ .ਜੀ. ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਬਾਬਾ ਅਜੀਤ ਸਿੰਘ ਜੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ ।
