Home Political ਪੰਜਾਬ ਦੀ ਅਮਨ-ਕਾਨੂੰਨ ਲਈ ਖਤਰਨਾਕ ਮਾਨ ਸਰਕਾਰ : ਜੈਵੀਰ ਸ਼ੇਰਗਿੱਲ

ਪੰਜਾਬ ਦੀ ਅਮਨ-ਕਾਨੂੰਨ ਲਈ ਖਤਰਨਾਕ ਮਾਨ ਸਰਕਾਰ : ਜੈਵੀਰ ਸ਼ੇਰਗਿੱਲ

41
0

ਚੰਡੀਗੜ੍ਹ, 14 ਫਰਵਰੀ ( ਬੌਬੀ ਸਹਿਜਲ, ਅਸ਼ਵਨੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਸੁਧਾਰਨ ਸਬੰਧੀ ਦਿੱਤੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਵਿੱਚ ਆਪ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਅਪਰਾਧਿਕ ਘਟਨਾਵਾਂ ਹੋਣ ਦੇ ਬਾਵਜੂਦ ਮਾਨ ਝੂਠੇ ਦਾਅਵੇ ਕਰ ਰਹੇ ਹਨ।ਮੁੱਖ ਮੰਤਰੀ ‘ਤੇ ਤਿੱਖਾ ਹਮਲਾ ਕਰਦਿਆਂ ਸ਼ੇਰਗਿੱਲ ਨੇ ਕਿਹਾ ਕਿ ਨਾਮੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ, ਮੁਕਤਸਰ ਜ਼ਿਲ੍ਹੇ ਦੇ 20 ਸਾਲਾ ਨੌਜਵਾਨ ਹਰਮਨਦੀਪ ਸਿੰਘ ਦੀ ਫਿਰੌਤੀ ਨੂੰ ਲੈ ਕੇ ਹੱਤਿਆ, ਪ੍ਰਸਿੱਧ ਕਬੱਡੀ ਖਿਡਾਰੀਆਂ (ਸੰਦੀਪ ਸਿੰਘ “ਨੰਗਲ” ਅੰਬੀਆਂ ਅਤੇ ਧਰਮਿੰਦਰ ਸਿੰਘ) ਦੇ ਕਤਲ, ਪਟਿਆਲਾ ‘ਚ ਚੱਲਦੀ ਕਾਰ ‘ਚ 11 ਸਾਲਾ ਬੱਚੀ ਨਾਲ ਬਲਾਤਕਾਰ, ਜਲੰਧਰ ‘ਚ ਨਸ਼ਾ ਵਿਰੋਧੀ ਵਰਕਰ ਰਾਮ ਗੋਪਾਲ ਦਾ ਕਤਲ, ਨਕੋਦਰ (ਜਲੰਧਰ) ‘ਚ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਗੋਲੀਬਾਰੀ ਵਿੱਚ ਹੱਤਿਆ, ਪੁਲਿਸ ਦੇ ਸੰਸਥਾਨਾਂ ‘ਤੇ ਦੋ ਵੱਖ-ਵੱਖ ਆਰਪੀਜੀ ਹਮਲਿਆਂ ਤੋਂ ਇਲਾਵਾ ਕਈ ਅਪਰਾਧਿਕ ਘਟਨਾਵਾਂ ਦੇ ਬਾਵਜੂਦ, ਮਾਨ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ।ਸ਼ੇਰਗਿੱਲ ਨੇ ਸਰਹੱਦੀ ਸੂਬੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਬੁਰੀ ਤਰ੍ਹਾਂ ਨਾਲ ਅਸਫਲਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਆਪ ਸਰਕਾਰ ਵਿੱਚ ਪੰਜਾਬ ਅਤੇ ਪੰਜਾਬੀ ਸੁਰੱਖਿਅਤ ਨਹੀਂ ਹਨ।  ਭਾਜਪਾ ਦੇ ਬੁਲਾਰੇ ਨੇ ਸੂਬੇ ‘ਚ ਫੈਲੀ ਅਰਾਜਕਤਾ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ‘ਚ ਅਮਨ-ਕਾਨੂੰਨ ਦੀ ਸਥਿਤੀ ਵਿਗੜ ਚੁੱਕੀ ਹੈ।  ਆਪ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਤੇ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਕਰਨ ‘ਚ ਮਾਨ ਦੀ ਪੂਰੀ ਤਰ੍ਹਾਂ ਅਸਮਰੱਥਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ।ਸ਼ੇਰਗਿੱਲ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਢੇ ਅੱਠ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਇਨਸਾਫ਼ ਦੀ ਗੁਹਾਰ ਲਗਾ ਰਹੇ ਹਨ ਪਰ ਸਰਕਾਰ ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਨੂੰ ਫੜਨ ਵਿੱਚ ਨਾਕਾਮ ਰਹੀ ਹੈ। ਸ਼ੇਰਗਿੱਲ ਨੇ ਕਿਹਾ ਕਿ ਆਪ ਸਰਕਾਰ ਨੂੰ ਸੱਤਾ ‘ਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।  ਉਨ੍ਹਾਂ ਦੇ ਕਾਰਜਕਾਲ ਦੇ ਮਹਿਜ਼ 11 ਮਹੀਨਿਆਂ ‘ਚ ਕਾਨੂੰਨ ਵਿਵਸਥਾ ਇੰਨੀ ਮਾੜੀ ਹਾਲਤ ‘ਤੇ ਪਹੁੰਚ ਗਈ ਹੈ ਕਿ ਹਰ ਰੋਜ਼ ਕਤਲ ਹੋ ਰਹੇ ਹਨ।  ਉਨ੍ਹਾਂ ਕਿਹਾ ਕਿ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਆਪ ਦੀ ਸਰਕਾਰ ਦੇ ਪਹਿਲੇ 21 ਦਿਨਾਂ ‘ਚ ਸੂਬੇ ‘ਚ 19 ਕਤਲ ਹੋਏ ਸਨ।  ਇਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇੱਥੇ ਕਾਨੂੰਨ ਦਾ ਰਾਜ ਨਹੀਂ ਹੈ, ਸਗੋਂ ਤੁਹਾਡੇ ਸ਼ਾਸਨ ਦੌਰਾਨ ਜੰਗਲ ਰਾਜ ਅਤੇ ਅਰਾਜਕਤਾ ਸਥਾਪਤ ਹੋ ਗਏ ਹਨ।ਸ਼ੇਰਗਿੱਲ ਨੇ ਮਾਨ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਹਾਲ ਹੀ ‘ਚ ਮੁੱਖ ਮੰਤਰੀ ਦੀ ਪਤਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।  ਮੀਡੀਆ ਰਿਪੋਰਟਾਂ ਅਨੁਸਾਰ ਸੂਬੇ ਦੇ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਹੁਣ 40 ਪੁਲਿਸ ਮੁਲਾਜ਼ਮ

ਤੈਨਾਤ ਹੋਣਗੇ, ਜੋ ਮਾਨ ਦੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੁਠਲਾਉਂਦਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।  ਮੁੱਖ ਮੰਤਰੀ ‘ਤੇ ਨਿਸ਼ਾਨਾ ਸਾਧਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਇਹ ਬਦਲਾਅ ਨਹੀਂ ਚਾਹੁੰਦਾ ਸੀ। ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਗੈਂਗਸਟਰ/ਅਪਰਾਧੀ ਸ਼ਰੇਆਮ ਘੁੰਮ ਰਹੇ ਹਨ ਅਤੇ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਦਾ ਜਾਇਜ਼ਾ ਲੈਣ ਦੀ ਬਜਾਏ ਮਾਨ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੀਆਂ ਸਿਆਸੀ ਖਾਹਿਸ਼ਾਂ ਦੀ ਪੂਰਤੀ ਲਈ ਸੂਬੇ ਦੇ ਵਸੀਲਿਆਂ ਦਾ ਸ਼ੋਸ਼ਣ ਕਰਕੇ ਦਿੱਲੀ ਦਰਬਾਰ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ।ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਪੰਜਾਬ ਦੀ ਸ਼ਾਂਤੀ ਖ਼ਤਰੇ ਵਿੱਚ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ ਅਮਨ-ਕਾਨੂੰਨ ਨੂੰ ਕਾਇਮ ਰੱਖਣਾ ਅਤੇ ਪੰਜਾਬ ਦੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਹੋਣਾ ਚਾਹੀਦਾ ਹੈ।

LEAVE A REPLY

Please enter your comment!
Please enter your name here