ਕੈਬਨਿਟ ਮੰਤਰੀ ਵੱਲੋਂ ਪਿੰਡ ਨੱਥੋਵਾਲ ਵਿਖੇ ਇੰਗਲੈਂਡ ਨਿਵਾਸੀ ਹਰਦਿਆਲ ਸਿੰਘ ਕਰਨ ਬੁੱਟਰ ਨਾਲ ਮੁਲਾਕਾਤ
ਰਾਏਕੋਟ, 17 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ) -ਚੇਤਨ ਸਿੰਘ ਜੌੜੇਮਾਜਰਾ, ਸੁਤੰਤਰਤਾ ਸੈਨਾਨੀ, ਸੈਨਿਕ ਸੇਵਾਵਾਂ ਤੇ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ, ਪੰਜਾਬ ਵੱਲੋਂ ਬੀਤੇ ਦਿਨੀਂ ਪਿੰਡ ਨੱਥੋਵਾਲ ਵਿਖੇ ਇੰਗਲੈਂਡ ਨਿਵਾਸੀ ਹਰਦਿਆਲ ਸਿੰਘ ਕਰਨ ਬੁੱਟਰ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਗੱਲਬਾਤ ਕਰਦਿਆਂ ਸ੍ਰ ਜੌੜੇਮਾਜਰਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਭਰਾਵਾਂ ਨੂੰ ਸੂਬੇ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੌ ਇਸ ਖਿੱਤੇ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕਰਨ ਬੁੱਟਰ ਨੂੰ ਸੱਦਾ ਦਿੱਤਾ ਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣ ਤਾਂ ਜੌ ਸੂਬੇ ਦਾ ਵਿਕਾਸ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਬਾਗਬਾਨੀ ਖੇਤਰ ਵਿੱਚ ਨਿਵੇਸ਼ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਬਾਗਬਾਨੀ ਦੀਆਂ ਨਵੀਨਤਮ ਤਕਨੀਕਾਂ ਨੂੰ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਕੇ ਫਸਲੀ ਵਿਭਿੰਨਤਾ ਲਿਆਉਣਾ ਅਤੇ ਬਾਗਬਾਨੀ ਫਸਲਾਂ ਨੂੰ ਕੌਮਾਂਤਰੀ ਪੱਧਰ ਤੇ ਮੁਕਾਬਲੇ ਯੋਗ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਰਾਜ ਭਾਰਤ ਦਾ ਪਹਿਲਾ ਅਜਿਹਾ ਸੂਬਾ ਬਣਿਆ ਹੈ, ਜਿਸ ਵੱਲੋਂ ਰਾਜ ਦੇ ਮਿੱਟੀ, ਪਾਣੀ ਅਤੇ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਜਿਮੀਦਾਰਾਂ ਦੀ ਆਮਦਨ ਵਧਾਉਣ ਲਈ ਇਸ ਅਤਿ ਆਧੁਨਿਕ ਬਾਇਓਫਰਟੀਲਾਈਜ਼ਰ ਲੈਬਾਰਟਰੀ ਦੀ ਸਥਾਪਨਾ ਕੀਤੀ ਹੈ।
