ਕੀ ਹੁਣ ਚੱਲ ਸਕੇਗਾ ਯੂਪੀ ਵਿਚ ਯੋਗੀ ਦਾ ਬੁਲਡੋਜ਼ ?
ਉੱਤਰ ਪ੍ਰਦੇਸ਼ ’ਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੁਲਡੋਜ਼ਰ ਬਾਬਾ ਕਿਹਾ ਜਾਂਦਾ ਹੈ, ਉਹ ਵੱਡੇ ਅਪਰਾਧੀਆਂ ਅਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਘਰਾਂ ’ਤੇ ਸੈਂਕੜੇ ਵਾਰ ਬੁਲਡੋਜ਼ਰ ਚਲਾ ਚੁੱਕੇ ਹਨ ਅਤੇ ਭਾਜਪਾ ਦਾ ਮੰਨਣਾ ਹੈ ਕਿ ਉਥੋਂ ਦੇ ਲੋਕਾਂ ਵਲੋਂ ਯੋਗੀ ਆਦਿੱਤਿਆਨਾਥ ਦਾ ਮਾਡਲ ਬਹੁਤ ਪਸੰਦ ਕੀਤਾ ਗਿਆ ਹੈ। ਹੁਣ ਅਪਰਾਧੀ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ 100 ਵਾਰ ਸੋਚਣ ਲੱਗ ਪਏ ਹਨ। ਭਾਵੇਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਇਸ ਕਦਮ ਦੀ ਉਥੇ ਕਾਫੀ ਤਾਰੀਫ ਵੀ ਹੋਈ ਸੀ ਪਰ ਵਿਰੋਧੀਆਂ ਨੇ ਉਨ੍ਹਾਂ ਨੂੰ ਇਸ ਲਈ ਹਰ ਵਾਰ ਨਿਸ਼ਾਨੇ ਤੇ ਵੀ ਲਿਆ। ਇਸ ਵਾਰ ਲੋਕ ਸਭਾ ਚੋਣ ਪ੍ਰਚਾਰ ’ਚ ਉਹ ਜਿੱਥੇ ਵੀ ਗਏ, ਉਨ੍ਹਾਂ ਨੇ ਆਪਣੇ ਬੁਲਡੋਜ਼ਰ ਦਾ ਪ੍ਰਚਾਰ ਕੀਤਾ, ਪਰ ਲੋਕ ਸਭਾ ਚੋਣਾਂ ਦੌਰਾਨ ਯੂਪੀ ਵਿਚ ਯੋਗੀ ਦੇ ਬੁਲਡੋਜ਼ਰ ਦਾ ਕਰਾਰਾ ਜਵਾਬ ਵੀ ਦਿਤਾ। ਹੁਣ ਉਨ੍ਹਾਂ ਦੇ ਬੁਲਡੋਜ਼ਰ ਦੀ ਅਸਲ ਪ੍ਰੀਖਿਆ ਦਾ ਸਮਾਂ ਆ ਗਿਆ ਹੈ। ਇਸ ਸਮੇਂ ਉੱਤਰ ਪ੍ਰਦੇਸ਼ ਦੇ ਹਾਥਰਸ ’ਚ ਬਾਬਾ ਨਰਾਇਣ ਸਾਕਾਰ ਦੇ ਡੇਰੇ ’ਤੇ ਮਚੀ ਭਗਦੜ ’ਚ ਕਰੀਬ 125 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਹਨ। ਇਸ ਦਰਦਜਨਾਕ ਮੰਜ਼ਿਰ ਦਾ ਦੋਸ਼ੀ ਜਿੰਨਾਂ ਬਾਬਾ ਹੈ ਉਨ੍ਹਾਂ ਹੀ ਉਥੋਂ ਦਾ ਪ੍ਰਸਾਸ਼ਨ ਅਤੇ ਸਰਕਾਰ ਵੀ ਹੈ। ਜਗ੍ਹਾ ਘੱਟ ਹੋਣ ਦੇ ਬਾਵਜੂਦ ਇੰਨੇ ਲੋਕਾਂ ਦਾ ਇਕੱਠ ਕਰਨ ਦੀ ਇਜ਼ਾਜਤ ਪ੍ਰਸ਼ਾਸਨ ਨੇ ਕਿਵੇਂ ਦਿਤੀ। ਇੰਨੇ ਵੱਡੇ ਲੋਕਾਂ ਦੇ ਇਕੱਠ ਨੂੰ ਲੈ ਕੇ ਉਥੋਂ ਦਾ ਖੁਫੀਆ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਦੀ ਨੀਂਦ ਕਿਉਂ ਪਹਿਲਾਂ ਨਹੀਂ ਖੁੱਲ੍ਹੀ। ਇਥੇ ਇੱਕ ਹੋਰ ਵੱਡੀ ਗੱਲ ਸਾਹਮਣੇ ਆਈ ਕਿ ਜਦੋਂ ਇਸ ਭਗਦੜ ਵਿੱਚ ਲੋਕ ਮਰ ਰਹੇ ਸਨ ਤਾਂ ਬਾਬਾ ਰੂਪੋਸ਼ ਹੋ ਗਿਆ। ਬਾਬੇ ਨੂੰ ਜ਼ਮੀਨ ਨਿਗਲ ਗਈ ਜਾਂ ਆਸਮਾਨ ਖਾ ਗਿਆ ਇਹ ਖੁਦ ਸਰਕਾਰ ਨੂੰ ਵੀ ਨਹੀਂ ਪਤਾ। ਹੈਰਾਨੀਜਨਕ ਗੱਲ ਇਹ ਹੈ ਕਿ ਇੰਨੇਂ ਵੱਡੇ ਕਤਲੇਆਮ ਸੰਬੰਧੀ ਦਰਜ ਕੀਤੇ ਗਏ ਮੁਕਦਮੇਂ ਵਿਚ ਬਾਬੇ ਦਾ ਨਾਮ ਤੱਕ ਨਹੀਂ ਹੈ। ਜੋ ਕਿ ਸਿੱਧੇ ਤੌਰ ਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦਾ ਹੀ ਨਤੀਜਾ ਹੈ। ਇਸ ਬਾਬਾ ਨਰਾਇਣ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਹ ਬਲਾਤਕਾਰ ਕੇਸ ਵਿਚ ਜੇਲ ਰਹਿ ਕੇ ਵੀ ਆਇਆ ਹੈ। ਇਸ ਦੇ ਬਾਵਜੂਦ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣ ਦੀ ਕੀ ਮਜਬੂਰੀ ਹੈ ਇਹ ਸਰਕਾਰ ਅਤੇ ਉਥੋਂ ਦਾ ਪ੍ਰਸਾਸ਼ਨ ਹੀ ਦੱਸ ਸਕਦਾ ਹੈ। ਜਦੋਂ ਤੋਂ ਯੋਗੀ ਸਰਕਾਰ ਯੂਪੀ ਵਿਚ ਸੱਤਾ ਵਿੱਚ ਆਈ ਹੈ, ਉਹ ਅਪਰਾਧੀਆਂ ਵਿੱਚ ਡਰ ਪੈਦਾ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਪਰ ਬਾਬਾ ਨਾਰਾਇਣ ਦੇ ਮਾਮਲੇ ਵਿੱਚ ਇਹ ਕਿਸੇ ਵੀ ਤਰ੍ਹਾਂ ਦੀ ਡਰ ਪੈਦਾ ਕਰਨ ਤੋਂ ਕੋਹਾਂ ਦੂਰ ਹੈ। ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਉਸ ਦਾ ਨਾਂ ਵੀ ਐਫਐਆਰ ’ਚ ਨਹੀਂ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਲੱਗੀਆਂ ਹੋਈਆਂ ਹਨ ਕਿ ਛੋਟੇ-ਮੋਟੇ ਅਪਰਾਧਾਂ ’ਚ ਸ਼ਾਮਲ ਲੋਕਾਂ ਦੇ ਘਰਾਂ ਤੇ ਹੋਰ ਇਮਾਰਤਾਂ ’ਤੇ ਬੁਲਡੋਜ਼ਰ ਚਲਾਉਣ ਵਾਲੀ ਯੋਗੀ ਸਰਕਾਰ ਇਸ ਬਾਬਾ ਨਰਾਇਣ ਸਾਕਾਰ ਦੇ ਡੇਰੇ ’ਤੇ ਬੁਲਡੋਜ਼ਰ ਚਲਾ ਸਕੇਗੀ। ਇਸਦੇ ਨਾਲ ਹੀ ਲੋਕ ਇਹ ਜਵਾਬ ਵੀ ਚਾਹੁੰਦੇ ਹਨ ਕਿ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਹ ਸਹੀ-ਸਲਾਮਤ ਕਿਵੇਂ ਬਾਹਰ ਆ ਗਿਆ ? ਉਸ ਦਾ ਨਾਮ ਐਫਆਈਆਰ ਵਿਚ ਕਿਉਂ ਨਹੀਂ ਆਇਆ, ਇਹ ਸਭ ਸਵਾਲ ਲੋਕਾਂ ਦੀ ਜੁਬਾਨ ਤੇ ਹਨ। ਪਰ ਯੋਗੀ ਆਦਿਤਿਆਨਾਥ ਇਸ ਮਾਮਲੇ ਨੂੰ ਫਿਰ ਤੋਂ ਸਿਆਸੀ ਰੰਗ ਦੇ ਰਹੇ ਹਨ ਅਤੇ ਇਸ ਨੂੰ ਸਾਜ਼ਿਸ਼ ਕਰਾਰ ਦੇ ਰਹੇ ਹਨ। ਜੇਕਰ ਇਹ ਸਾਜ਼ਿਸ਼ ਰਚੀ ਗਈ ਹੈ, ਤਾਂ ਇਸ ਨੂੰ ਕਿਸ ਨੇ ਰਚਿਆ ਅਤੇ ਕਿਸ ਨੇ ਇਸ ਨੂੰ ਸਫਲ ਪੜਾਅ ’ਤੇ ਪਹੁੰਚਾਇਆ। ਕੀ ਇਸ ਸਾਜਿਸ਼ ’ਚ ਇੰਨੇ ਬੇਕਸੂਰ ਲੋਕਾਂ ਦੀ ਬਲੀ ਦੇਣ ਦੀ ਲੋੜ ਸੀ ? ਇਹ ਸਾਰੇ ਸਵਾਲ ਸਾਹਮਣੇ ਖੜ੍ਹੇ ਹਨ। ਇੰਨੇ ਵੱਡੇ ਕਤਲ ਕਾਂਡ ’ਚ ਸਭ ਤੋਂ ਪਹਿਲਾਂ ਬਾਬੇ ’ਤੇ ਮਾਮਲਾ ਦਰਜ ਹੋਣਾ ਚਾਹੀਦਾ ਸੀ, ਜੋ ਨਹੀਂ ਕੀਤਾ ਗਿਆ। ਉਸਨੂੰ ਗਿਰਫਤਾਰ ਕਰਕੇ ਗਹਿਰਾਈ ਤੱਕ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪ੍ਰਸ਼ਾਸਨ ਨੇ ਕਿਸ ਮਜ਼ਬੂਰੀ ਵਿਚ ਉਸ ਨੂੰ ਇੰਨਾ ਵੱਡਾ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਨੂੰ ਸਮੇਂ ਦੇ ਪ੍ਰਸ਼ਾਸਨ ਅਤੇ ਸਰਕਾਰ ਦਾ ਖੁਫੀਆ ਵਿਭਾਗ ਵੀ ਕਿਉਂ ਸੁੱਤਾ ਰਿਹਾ ਇਹ ਵੀ ਜਾਂਚ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਬਾਬਾ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਹੁਕਮਾਂ ’ਤੇ ਹੋਰ ਅਪਰਾਧੀਆਂ ਵਾਂਗ ਹੁਣ ਇਸ ਬਾਬੇ ਦੇ ਡੇਰੇ ਤੇ ਵੀ ਬੁਲਡੋਜ਼ਰ ਚਲਾਉਣ ਦੀ ਕੋਈ ਹਿੰਮਤ ਦਿਖਾ ਸਕੇਗਾ ? ਹੁਣ ਅਸਲ ਵਿਚ ਇਹ ਹੀ ਪ੍ਰਖਿਆ ਹੈ ਯੋਗੀ ਅਦਿਤਅਨਾਥ ਸਰਕਾਰ ਦੀ ਅਤੇ ਬੁਲਡੋਜ਼ਰ ਬਾਬਾ ਨਾਮ ਪ੍ਰਸਿੱਧ ਹੋਏ ਯੋਗੀ ਦੀ। ਹੁਣ ਇਸ ਕਤਲੇਆਮ ਸੰਬੰਧੀ ਉਨ੍ਹਾਂ ਦੀ ਸਰਕਾਰ ਕੀ ਫੈਸਲਾ ਲੈਂਦੀ ਹੈ ਇਸ ਗੱਲ ਤੇ ਸਮੱੁਚੇ ਦੇਸ਼ ਦੀਆਂ ਨਜ਼ਰਾਂ ਹਨ।
ਹਰਵਿੰਦਰ ਸਿੰਘ ਸੱਗੂ।
98723-27899