ਨਵੀਂ ਦਿੱਲੀ : ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਮੰਗਲਵਾਰ ਸ਼ਾਮ ਹੋਏ ਹਮਲੇ ਦੇ ਮਾਮਲੇ ‘ਚ ਪਾਣੀਪਤ ਦੇ ਜੀਆਰਪੀ ਥਾਣੇ ‘ਚ ਐੱਫਆਈਆਰ ਦਰਜ ਕੀਤੀ ਗਈ ਹੈ।ਜੀਆਰਪੀ ਪੁਲਿਸ ਨੇ ਰੇਲਵੇ ਐਕਟ ਦੀ ਧਾਰਾ 152 ਤਹਿਤ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਤੇ ਮੰਗਲਵਾਰ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਪਾਣੀਪਤ ਰੇਲਵੇ ਸਟੇਸ਼ਨ ਦੇ ਨਜ਼ਦੀਕ ਇਕ ਸਟੇਸ਼ਨ ’ਤੇ ਬੁੱਧਵਾਰ ਨੂੰ ਹਮਲਾ ਹੋਇਆ ਸੀ। ਸਿੱਧੂ ਮੰਗਲਵਾਰ ਸ਼ਾਮ ਨੂੰ ਦਿੱਲੀ ਤੋਂ ਵਾਪਸ ਚੰਡੀਗੜ੍ਹ ਸ਼ਤਾਬਦੀ ਐਕਸਪ੍ਰੈੱਸ ’ਚ ਆ ਰਹੇ ਸਨ। ਐਡਵੋਕੇਟ ਜਨਰਲ ਸਿੱਧੂ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਸੁਪਰੀਮ ਕੋਰਟ ’ਚ ਲਾਰੈਂਸ ਬਿਸ਼ਨੋਈ ਦੇ ਕੇਸ ਲਈ ਦਿੱਲੀ ਗਏ ਸਨ ਤੇ ਮੰਗਲਵਾਰ ਨੂੰ ਜਦੋਂ ਸ਼ਤਾਬਦੀ ਐਕਸਪ੍ਰੈੱਸ ’ਚ ਚੰਡੀਗੜ੍ਹ ਵਾਪਸ ਆ ਰਹੇ ਸਨ, ਜਿਵੇਂ ਹੀ ਉਨ੍ਹਾਂ ਦੀ ਟ੍ਰੇਨ ਪਾਣੀਪਤ ਨੇੜੇ ਇਕ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਕੁਝ ਲੋਕਾਂ ਨੇ ਟ੍ਰੇਨ ਦੇ ਬਾਹਰੋਂ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੱਥਰਬਾਜ਼ੀ ਕੀਤੀ ਜਿਸ ਨਾਲ ਉਨ੍ਹਾਂ ਦੀ ਸੀਟ ਦੀ ਖਿੜਕੀ ਦਾ ਸ਼ੀਸ਼ਾ ਵੀ ਟੁੱਟ ਗਿਆ।ਇਸ ਤੋਂ ਬਾਅਦ ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਰੇਲਵੇ ਪੁਲਿਸ ਨੂੰ ਦਿੱਤੀ ਤੇ ਰੇਲਵੇ ਪੁਲਿਸ ਹੁਣ ਇਸ ਦੀ ਜਾਂਚ ਕਰ ਰਹੀ ਹੈ