ਲੁਧਿਆਣਾ(ਭਗਵਾਨ ਭੰਗੂ-ਲਿਕੇਸ ਸ਼ਰਮਾ )ਸੇਵਾ ਮੁਕਤ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਆਟੋ ਗਿਰੋਹ ਦੇ ਮੈਂਬਰਾਂ ਨੇ ਬਲੇਡ ਨਾਲ ਉਸਦੀ ਜੇਬ ਕੱਟ ਕੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਰਾਮ ਨਗਰ ਦੇ ਰਹਿਣ ਵਾਲੇ ਖਰੈਤੀ ਲਾਲ ਨਾਰੰਗ ਦੀ ਸ਼ਿਕਾਇਤ ‘ਤੇ ਮੁੱਕਦਮਾ ਦਰਜ ਕਰਕੇ ਮੁਹੱਲਾ ਨਾਨਕਸਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਅਤੇ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਖਰੈਤੀ ਲਾਲ (70) ਨੇ ਦੱਸਿਆ ਕਿ ਉਹ ਮਾਡਲ ਟਾਊਨ ਇਲਾਕੇ ਵਿੱਚ ਪੈਂਦੇ ਬੈਂਕ ਆਫ ਇੰਡੀਆ ਤੋਂ ਪੈਨਸ਼ਨ ਲੈਣ ਲਈ ਆਏ ਸਨ। ਪੈਨਸ਼ਨ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਵੈਸਟਰਨ ਮਾਲ ਵਿੱਚ ਕਿਸੇ ਨਿੱਜੀ ਕੰਮ ਲਈ ਜਾਣਾ ਸੀ। ਖਰੈਤੀ ਲਾਲ ਬੈਂਕ ਦੇ ਬਾਹਰੋਂ ਵੈਸਟਰਨ ਮਾਲ ਜਾਣ ਲਈ ਇਕ ਆਟੋ ਵਿਚ ਬੈਠੇ। ਸ਼ਿਕਾਇਤ ਵਿਚ ਖਰੈਤੀ ਲਾਲ ਨੇ ਦੱਸਿਆ ਕਿ ਆਟੋ ਦੀ ਪਿਛਲੀ ਸੀਟ ਤੇ ਪਹਿਲਾਂ ਤੋਂ ਹੀ ਇੱਕ ਨੌਜਵਾਨ ਬੈਠਾ ਸੀ। ਥੋੜ੍ਹੀ ਦੂਰੀ ‘ਤੇ ਜਾ ਕੇ ਆਟੋ ਚਾਲਕ ਨੇ ਵਾਰ-ਵਾਰ ਬ੍ਰੇਕ ਮਾਰਨੀ ਸ਼ੁਰੂ ਕਰ ਦਿੱਤੀ। ਖਰੈਤੀ ਲਾਲ ਯੂਨੀਵਰਸਿਟੀ ਦੇ ਲਾਗੇ ਹੀ ਆਟੋ ਤੋਂ ਉਤਰ ਗਏ। ਉਹ ਜਦ ਆਪਣੀ ਪੈਂਟ ਦੀ ਅੰਦਰ ਵਾਲੀ ਜੇਬ ‘ਚੋਂ ਨਕਦੀ ਕੱਢਣ ਲੱਗੇ ਤਾਂ ਪਤਾ ਲੱਗਾ ਕਿ ਜੇਬ ‘ਤੇ ਬਲੇਡ ਵਜਿਆ ਹੋਇਆ ਸੀ। ਖਰੈਤੀ ਲਾਲ ਨੇ ਦੱਸਿਆ ਕਿ ਆਟੋ ਚਾਲਕ ਅਤੇ ਉਸ ਦਾ ਸਾਥੀ ਉਨ੍ਹਾਂ ਦੇ 30 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ 5 ਦੇ ਤਫ਼ਤੀਸ਼ੀ ਅਫ਼ਸਰ ਦਵਿੰਦਰ ਪਾਸੀ ਨੇ ਦੱਸਿਆ ਕਿ ਪੁਲਿਸ ਨੇ ਖਰੈਤੀ ਲਾਲ ਦੀ ਸ਼ਿਕਾਇਤ ‘ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਸੁਖਵਿੰਦਰ ਸਿੰਘ ਅਤੇ ਹਰਵਿਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਤਫਤੀਸ਼ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ।
