ਪੀੜ੍ਹੀਉ ਪੀੜ੍ਹੀ ਮਿਲਦੀ ਗਿਆਨ ਪੋਟਲੀ ਹੁੰਦੀ ਹੈ ਸਭ ਲਈ ਮਾਂ-ਬੋਲੀ
ਵਾਲਿਆਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਪੰਜਾਬੀ ਭਾਸ਼ਾ ਦੇ ਮੁੱਢਲੇ ਲੇਖਕਾਂ ਵਿੱਚ ਬਾਂਕੇ ਦਯਾਲ,ਈਸ਼ਵਰ ਚੰਦਰ ਨੰਦਾ, ਲਾਲਾ ਕਿਰਪਾ ਸਾਗਰ, ਬਿਹਾਰੀ ਲਾਲ ਪੁਰੀ, ਸ਼ਰਧਾ ਰਾਮ ਫਿਲੌਰੀ, ਧਨੀ ਰਾਮ ਚਾਤ੍ਰਿਕ, ਪ੍ਰੋ: ਬ੍ਰਿਜ ਲਾਲ ਸਾਸ਼ਤਰੀ, ਡਾ: ਵਿਦਿਆ ਭਾਸਕਰ ਅਰੁਣ, ਨੰਦ ਲਾਲ ਨੂਰਪੁਰੀ, ਬਕਰਤ ਰਾਮ ਯੁਮਨ,ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ , ਮੋਹਨ ਭੰਡਾਰੀ, ਪ੍ਰੇਮ ਪ੍ਰਕਾਸ਼, ਭੂਸ਼ਨ ਧਿਆਨਪੁਰੀ ਤੇ ਖਾਲਿਦ ਹੁਸੈਨ ਵਰਗੇ ਮਹਾਨ ਵਿਅਕਤੀ ਕਿਸ ਪਿਛੋਕੜ ਵਿੱਚੋਂ ਆਏ ਸਨ। ਸ਼ਿਵ ਕੁਮਾਰ ਬਟਾਲਵੀ, ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਕੇਵਲ ਸੂਦ, , ਕੇ ਐਲ ਗਰਗ, ਸਤੀਸ਼ ਕੁਨਾਰ ਵਰਮਾ ਤੇ ਲੋਕ ਨਾਥ ਆਦਿ ਵਰਗੇ ਸਿਰਜਣਹਾਰਿਆਂ ਨੇ ਆਪਣੀ ਧਰਤੀ ਦੀ ਜ਼ੁਬਾਨ ਨੂੰ ਕਿਵੇਂ ਸਿਖ਼ਰਾਂ ਤੇ ਪਹੁੰਚਾਇਆ ਹੈ। ਵੰਡੀਆਂ ਨਾਲ ਸ਼ਕਤੀ ਕਮਜ਼ੋਰ ਪੈਂਦੀ ਹੈ ਅਤੇ ਏਕੇ ਨਾਲ ਸਵਾਈ ਹੁੰਦੀ ਹੈ। ਆਓ ਆਪਣੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸ਼ਬਦ ਸਭਿਆਚਾਰ ਦੀ ਉਸਾਰੀ ਹਿਤ ਪਿੰਡਾਂ ਵਿੱਚ ਲਾਇਬ੍ਰੇਰੀਆਂ ਦਾ ਢਾਂਚਾ ਉਸਾਰੀਏ। ਸਾਡੇ ਕੋਲ ਧਰਮਸਾਲ ਦਾ ਮਾਡਲ ਪਹਿਲਾਂ ਹੀ ਹਾਜ਼ਰ ਹੈ। ਧਰਮਸਾਲ ਓਨਾ ਚਿਰ ਸੰਪੂਰਨ ਨਹੀਂ ਜਿੰਨਾਂ ਚਿਰ ਉਸ ਵਿੱਚ ਪਾਠਸਾਲ, ਚਕਿਤਸਾਲ ਅਤੇ ਪੁਸਤਕਸਾਲ ਨਹੀਂ ਹੈ। ਧਰਮਸਾਲ ਅੱਜ ਦਾ ਗੁਰਦੁਆਰਾ, ਮੰਦਰ, ਗਿਰਜਾਘਰ ਜਾਂ ਮਸੀਤ ਹੈ। ਪਾਠਸਾਲ ਸਕੂਲ ਹੈ, ਚਕਿਤਸਾਲ ਹਸਪਤਾਲ ਹੈ ਅਤੇ ਪੁਸਤਕਸਾਲ ਲਾਇਬ੍ਰੇਰੀ ਹੈ। ਇਨ੍ਹਾਂ ਚਾਰ ਪਾਵਿਆਂ ਤੇ ਹੀ ਸਾਡਾ ਸੱਭਿਆਚਾਰਕ ਵਿਕਾਸ ਮਾਡਲ ਖੜ੍ਹਾ ਹੈ। ਇਨ੍ਹਾਂ ਵਿੱਚ ਸੁਮੇਲ ਕਰਨਾ ਪਵੇਗਾ ਫਿਰ ਕਿਸੇ ਅੰਤਰ ਰਾਸ਼ਟਰੀ ਏਜੰਸੀ ਨੂੰ ਇਹ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿ ਪੰਜਾਬੀ ਭਾਸ਼ਾ ਮਰ ਰਹੀ ਹੈ। ਪੰਜਾਬੀ ਦੇ ਸ਼ਬਦ ਭੰਡਾਰ ਵਿੱਚ ਵਾਧੇ ਅਤੇ ਵਿਕਾਸ ਲਈ ਭਾਸ਼ਾ ਦੀ ਵਰਤੋਂ ਯੋਗਤਾ ਵਧਾਉਣੀ ਪਵੇਗੀ। ਨਿਰੰਤਰ ਮੋਹ ਅਤੇ ਮੁਹੱਬਤ ਦਾ ਰਿਸ਼ਤਾ ਸੁਰਜੀਤ ਕਰਕੇ ਹੀ ਅਸੀਂ ਆਪਣੀ ਮਾਂ ਬੋਲੀ ਸਮਰੱਥਾਵਾਨ ਸੁਆਣੀ ਬਣਾ ਸਕਾਂਗੇ। ਭਾਸ਼ਾ ਕੋਈ ਉਦਯੋਗਿਕ ਇਕਾਈ ਅੰਦਰ ਵਿਗਸਣ ਵਾਲੀ ਵਸਤੂ ਨਹੀਂ ਹੈ, ਇਸ ਦਾ ਉਤਪਾਦਨ ਨਹੀਂ ਹੁੰਦਾ। ਸ਼ਬਦਕੋਸ਼ ਜਿਉਂਦੀਆਂ ਭਾਸ਼ਾਵਾਂ ਦਾ ਖਜ਼ਾਨਾ ਤਾਂ ਹੁੰਦੇ ਹਨ ਪਰ ਇਨ੍ਹਾਂ ਨੂੰ ਕਬਰਾਂ ਨਾ ਬਣਾਈਏ। ਇਹ ਪੂੰਜੀ ਲਗਾਤਾਰ ਵਰਤਣ ਵਾਸਤੇ ਹੈ, ਸਿਰਫ ਸੰਭਾਲਣ ਵਾਸਤੇ ਨਹੀਂ। ਕਤਰੇ ਕਤਰੇ ਨਾਲ ਹੀ ਸਮੁੰਦਰ ਭਰਦਾ ਹੈ। ਆਓ ਪ੍ਰਣ ਕਰੀਏ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕਿਸੇ ਹੋਰ ਧਿਰ ਦਾ ਸਾਥ ਲੱਭਣ ਦੀ ਥਾਂ ਖੁਦ ਹਿੰਮਤ ਕਰੀਏ। ਪੰਜਾਬੀ ਦੇ ਨਾਮਵਰ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਮੁੱਢਲੇ ਸਫਰ ਦੌਰਾਨ ਕੁਝ ਕਵਿਤਾਵਾਂ ਵੀ ਲਿਖੀਆਂ ਸਨ। ਉਨ•ਾਂ ਦੀ ਇਕ ਕਵਿਤਾ ਦੇ ਬੋਲਾਂ ਨਾਲ ਮੈਂ ਆਪਣੀ ਗੱਲ ਮੁਕਾਉਂਦਾ ਹਾਂ:-
ਕਿਸ ਨੂੰ ਉਡੀਕਦੇ ਹੋ,
ਗੋਬਿੰਦ ਨੇ ਹੁਣ ਪਟਨੇ ਚੋਂ ਨਹੀਂ ਆਉਣਾ।
ਮਸਤਕ ਤੋਂ ਹੱਥ ਤਕ ਸਿੱਧਾ ਰਸਤਾ
ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ।
