ਮੋਗਾ, 24 ਫਰਵਰੀ ( ਅਸ਼ਵਨੀ ) -ਗੁਲਾਬੀ ਸੁੰਡੀ ਨਰਮੇ ਦੀ ਸਭ ਤੋਂ ਖਤਰਨਾਕ ਕੀਟਾਂ ਵਿੱਚੋਂ ਮੁੱਖ ਸਥਾਨ ਰੱਖਦੀ ਹੈ। ਇਹ ਕੀੜਾ (ਸੁੰਡੀ) ਨਰਮੇ ਦੀ ਫ਼ਸਲ ਉਪਰ ਅਗਸਤ ਤੋਂ ਨਵੰਬਰ ਮਹੀਨੇ ਵਿੱਚ ਹਮਲੇ ਕਰਦਾ ਹੈ। ਪਰ ਇਸਦੀ ਰੋਕਥਾਮ ਲਈ ਸਭ ਤੋਂ ਉੱਤਮ ਮਹੀਨੇ ਫਰਵਰੀ-ਮਾਰਚ ਹੁੰਦੇ ਹਨ। ਇਹਨਾਂ ਮਹੀਨਿਆਂ ਵਿਚ ਕਿਸਾਨ ਵੱਲੋਂ ਕੀਤੇ ਯਤਨਾਂ ਨਾਲ ਇਹ ਸੁੰਡੀ ਫਸਲ ਉੱਤੇ ਹਮਲਾ ਨਹੀਂ ਕੇ ਸਕਦੀ।ਦੱਸਣਯੋਗ ਹੈ ਕਿ ਗੁਲਾਬੀ ਸੁੰਡੀ ਤੋਂ ਨਰਮੇ ਡੀ ਫਸਲ ਨੂੰ ਬਚਾਉਣ ਲਈ ਹੁਣੇ ਤੋਂ ਹੀ ਉਪਰਾਲੇ ਸ਼ੁਰੂ ਕਰਨ ਅਤੇ ਕਿਸਾਨਾਂ ਅਤੇ ਮਿੱਲ ਮਾਲਕਾਂ ਨੂੰ ਜਾਗਰੂਕ ਕਰਨ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਨੂੰ ਹਦਾਇਤ ਕੀਤੀ ਗਈ ਸੀ ਜਿਸ ਉੱਤੇ ਵਿਭਾਗ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਇਸ ਵੇਲੇ 148 ਹੈਕਟੇਅਰ ਦੇ ਕਰੀਬ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਦੀ ਕੋਸ਼ਿਸ਼ ਹੈ ਕਿ ਇਸ ਸਾਰੇ ਰਕਬੇ ਨੂੰ ਹਮਲੇ ਤੋਂ ਬਚਾਇਆ ਜਾਵੇ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦੇ ਖੇਤੀਬਾੜੀ ਅਫ਼ਸਰ ਡਾ ਸੁਖਰਾਜ ਕੌਰ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਤੋਂ ਬਾਅਦ ਇਹ ਕੀੜਾ ਠੰਡ ਦਾ ਸਮਾਂ ਫ਼ਸਲ ਦੇ ਟੀਡਿਆਂ ਦੇ ਅੰਦਰ ਵੜੇਵਿਆਂ ਵਿੱਚ ਨੀਂਦ ਦੀ ਹਾਲਤ ਵਿੱਚ ਕੱਟਦਾ ਹੈ। ਮਾਰਚ ਦੇ ਅੰਤ, ਅਪ੍ਰੈਲ ਮਹੀਨਿਆਂ ਵਿੱਚ ਇਹ ਕੀੜਾਂ ਤਿਤਲੀਆਂ ਦੇ ਰੂਪ ਵਿੱਚ ਟੀਡਿਆਂ ਵਿੱਚੋਂ ਬਾਹਰ ਆਉਂਦਾ ਹੈ ਅਤੇ ਨਰਮੇ ਦੀ ਫ਼ਸਲ ਉਤੇ ਦੁਬਾਰਾ ਅੰਡੇ ਦੇਣ ਲਈ ਤਿਆਰ ਹੋਣ ਲੱਗਦਾ ਹੈ।ਇਹ ਕੀੜਾ ਹਾਲਾਂਕਿ ਬਹੁਤ ਖਤਰਨਾਕ ਰੂਪ ਵਿੱਚ ਹਮਲਾ ਕਰਦਾ ਹੈ ਪਰ ਇਸ ਦਾ ਸਾਰਾ ਜੀਵਨ ਚੱਕਰ ਨਰਮੇ ਦੀ ਫ਼ਸਲ ਅਤੇ ਰਹਿੰਦ-ਖੂੰਦ ਵਿੱਚ ਹੋਣ ਕਾਰਨ ਆਸਾਨੀ ਨਾਲ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਇਸ ਲਈ ਠੰਡ/ਬਸੰਤ ਦੀ ਰੁੱਤ ਵਿੱਚ ਹੇਠ ਲਿਖੀਆਂ ਸਾਵਧਾਨੀਆਂ ਦਾ ਪੂਰਨ ਰੂਪ ਵਿੱਚ ਪਾਲਣ ਕਰਕੇ ਆਉਣ ਵਾਲੀ ਫ਼ਸਲ ਨੂੰ ਇਸ ਕੀੜੇ ਦੇ ਹੋਣ ਵਾਲੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ।ਗੁਲਾਬੀ ਸੁੰਡੀ ਦੀ ਰੋਕਥਾਮ ਲਈ ਫਰਵਰੀ-ਮਾਰਚ ਮਹੀਨੇ ਵਿੱਚ ਕਿਸਾਨਾਂ ਨੂੰ ਕੁਝ ਉਪਰਾਲੇ ਕਰ ਲੈਣੇ ਚਾਹੀਦੇ ਹਨ ਤਾਂ ਜੌ ਇਹ ਫ਼ਸਲ ਉੱਤੇ ਹਮਲਾ ਨਾ ਕਰ ਸਕੇ। ਨਰਮੇ ਦੀਆਂ ਛਿਟੀਆਂ ਦੀਆਂ ਢੇਰਾਂ ਨੂੰ ਬਾਲਣ ਵਾਸਤੇ ਵਰਤ ਲੈਣੀਆਂ ਚਾਹੀਦੀਆਂ ਹਨ। ਛਿਟੀਆਂ ਦੇ ਢੇਰ ਕਿਸੇ ਵੀ ਹਾਲਤ ਵਿੱਚ ਖੇਤਾਂ ਵਿੱਚ ਨਾ ਰੱਖੇ ਜਾਣ। ਨਰਮੇ ਦੀਆਂ ਛਿਟੀਆਂ ਤੇ ਅਣਖਿੜੇ ਟੀਂਡੇ ਅਤੇ ਸਿੱਕਰੀਆ ਨੂੰ ਝਾੜ ਅਤੇ ਨਸ਼ਟ ਕਰ ਦੇਣਾ ਚਾਹੀਦਾ ਹੈ। ਪਸ਼ੂਆਂ ਲਈ ਵੜੇਵਿਆਂ ਦੀ ਖਲ ਵਰਤੋਂ ਅਤੇ ਵੜੇਵੇ ਨਹੀਂ ਰੱਖਣੇ ਚਾਹੀਦੇ।ਕਈ ਵਾਰ ਤੰਦਰੁਸਤ ਲੱਗ ਰਹੇ ਬੀਜਾਂ ਵਿੱਚ ਵੀ ਟੀਂਡੇ ਦੀਆਂ ਗੁਲਾਬੀ ਸੁੰਡੀ ਦੇ ਸੁੰਡ ਛੁਪੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਾਰਚ ਮਹੀਨੇ ਦੇ ਅਖੀਰ ਤੱਕ ਨਰਮੇ ਨੂੰ ਵੇਲ ਲੈਣ ਅਤੇ ਵੜੇਵਿਆਂ ਦੀ ਖਲ ਬਣਾ ਲੈਣ।ਉਹਨਾਂ ਇਸੇ ਤਰ੍ਹਾਂ ਮਿਲ੍ਹਾਂ ਲਈ ਜਰੂਰੀ ਕਦਮ ਉਠਾਉਣ ਦੀ ਹਦਾਇਤ ਕਰਦਿਆਂ ਦੱਸਿਆ ਕਿ ਵੇਲਾਈ ਸਮੇਂ ਦੀ ਸਾਰੀ ਬੱਚ-ਖੁੱਚ ਨੂੰ ਸਾੜ ਦੇਣਾ ਚਾਹੀਦਾ ਹੈ। ਮਾਰਚ ਦੇ ਅਖੀਰ ਤੱਕ ਵੇਲਾਈ ਮਸ਼ੀਨ ਵਿਚੋਂ ਸਭ ਤਰਾਂ ਦੇ ਬੀਜ ਬਾਹਰ ਕੱਢ ਦੇਣੇ ਚਾਹੀਦੇ ਹਨ। ਜਿਹੜਾ ਬੀਜ ਤੇਲ ਮਿਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉਸ ਨੂੰ ਅਪ੍ਰੈਲ ਦੇ ਅਖੀਰ ਤੱਕ ਹਵਾਬੰਦ ਕਮਰਿਆਂ ਵਿੱਚ ਸੈਲਫਾਸ (ਇੱਕ ਘਣ ਮੀਟਰ ਲਈ ਤਿੰਨ ਗ੍ਰਾਮ) ਦਾ ਧੂੰਆਂ ਦੇਣਾ ਚਾਹੀਦਾ ਹੈ।
ਅਣ ਸੋਧੇ ਬੀਜ ਨੂੰ ਵੇਲਾਈ ਮਸੀਨਾਂ ਵਾਲੇ ਆਪਣੇ ਪਾਸ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਆਮ ਮੰਡੀ ਵਿੱਚ ਵੇਚਣਾ ਚਾਹੀਦਾ ਹੈ। ਮਿਲ੍ਹਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਨਰਮੇ ਦਾ ਬੀਜ ਵੇਚਣ ਤੋਂ ਪਹਿਲਾਂ ਤੇਜ਼ਾਬ ਨਾਲ ਉਸਦੇ ਲੂੰ ਲਾਹ ਦੇਣ ਇਸ ਤਰ੍ਹਾਂ ਸੋਧੇ ਬੀਜ ਵਿੱਚੋਂ ਗੁਲਾਬੀ ਸੁੰਡੀ ਨਸ਼ਟ ਹੋ ਜਾਂਦੀ ਹੈ।
