ਮਾਲੇਰਕੋਟਲਾ 27 ਫਰਵਰੀ ( ਬੌਬੀ ਸਹਿਜਲ , ਧਰਮਿੰਦਰ)-ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਵੱਲੋਂ ਮਾਲ ਵਿਭਾਗ ਦੇ ਕੰਮਾਂ ਦੀ ਸਮੀਖਿਆ ਅਤੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕਰਦੇ ਹੋਏ ਕਿਹਾ ਕਿ ਮਾਲ ਵਿਭਾਗ ਸਬੰਧੀ ਸੇਵਾਵਾਂ ਨੂੰ ਮਿਥੇ ਸਮੇਂ ਅੰਦਰ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਡੀ.ਐਮ ਮਾਲੇਰਕੋਟਲਾ ਕਰਨਦੀਪ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਗੁਰਮੰਦਰ ਸਿੰਘ, ਸਦਰ ਕਾਨੂੰਗੋ ਰਣਜੀਤ ਸਿੰਘ ਮੌਜੂਦ ਸਨ ਅਤੇ ਐਸ.ਡੀ.ਐਮ.ਅਹਿਮਦਗੜ੍ਹ ਹਰਬੰਸ ਸਿੰਘ, ਤਹਿਸੀਲਦਾਰ ਅਹਿਮਦਗੜ੍ਹ ਹਰਫੂਲ ਸਿੰਘ, ਨਾਇਬ ਤਹਿਸੀਲਦਾਰ ਮਾਲੇਰਕੋਟਲਾ ਖੁਸ਼ਵਿੰਦਰ ਕੁਮਾਰ,ਨਾਇਬ ਤਹਿਸੀਲਦਾਰ ਰਾਮ ਲਾਲ ,ਨਾਇਬ ਤਹਿਸੀਲਦਾਰ ਮਿਸ ਗੁਰਵਿੰਦਰ ਕੌਰ ਵਰਚੂਅਲ (ਆਨ ਲਾਈਨ) ਮਾਧਿਅਮ ਨਾਲ ਜੁੜੇ ।ਅਗਰਵਾਲ ਨੇ ਮਾਲ ਵਿਭਾਗ ਦੇ ਵੱਖ ਵੱਖ ਕੰਮਾਂ ਦੀ ਸਮੀਖਿਆ ਕਰਦਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਮ੍ਹਾਬੰਦੀਆਂ,ਇੰਤਕਾਲ, ਕਬਜ਼ੇ ਆਦਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਦੇ ਤੁਰੰਤ ਨਿਪਟਾਰੇ ਲਈ ਕਦਮ ਚੁੱਕੇ ਜਾਣ ਅਤੇ ਇਨ੍ਹਾਂ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਹੋਣ ਤੋਂ ਬਾਅਦ ਇੰਤਕਾਲ ਦੇ ਕੰਮ ਨੂੰ ਸਰਕਾਰ ਵੱਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀ ਮਿਥੇ ਗਏ ਟੀਚੇ ਅਨੁਸਾਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ 45 ਦਿਨਾਂ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਦਾ ਢੁਕਵੀਂ ਪ੍ਰਕਿਰਿਆ ਅਪਣਾਉਂਦਿਆਂ ਤਰਜੀਹ ਦੇ ਅਧਾਰ ’ਤੇ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇੰਤਕਾਲ ਦੇ ਮਾਮਲਿਆਂ ਵਿੱਚ ਲੋੜੀਂਦੇ ਦਸਤਾਵੇਜ਼ ਜਾਰੀ ਕਰਕੇ ਅਜਿਹੀਆਂ ਅਰਜ਼ੀਆਂ ਦੀ ਬਕਾਇਆ ਦਰ ਸਿਫ਼ਰ ਕਰਨ ਨੂੰ ਪੂਰੀ ਤਵੱਜੋ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇੰਤਕਾਲ ਜਾਰੀ ਕੀਤੇ ਜਾ ਸਕਣ।ਉਨ੍ਹਾਂ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਜਮ੍ਹਾਬੰਦੀਆਂ ਦੇ ਮਾਮਲਿਆਂ ਵਿੱਚ ਨਜ਼ਰਸਾਨੀ ਯਕੀਨੀ ਬਣਾਉਣ ਲਈ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵੀ ਘੱਟੋ ਘੱਟ ਸਮੇਂ ਵਿੱਚ ਮਾਲ ਵਿਭਾਗ ਨਾਲ ਸਬੰਧਤ ਸਮੁੱਚੀਆਂ ਸਹੂਲਤਾਂ ਘੱਟੋ-ਘੱਟ ਸਮੇਂ ਵਿੱਚ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ ।ਡਿਪਟੀ ਕਮਿਸ਼ਨਰ ਨੇ ਸਵਾਮਿਤਵਾ ਸਕੀਮ ‘ ਮੇਰਾ ਘਰ ਮੇਰੇ ਨਾਮ ‘ ਦੇ ਗਰਾਊਂਡ ਟਰੁੱਥਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਹੱਦ ਸਮਾਂ ਸੀਮਾ ਤਹਿਤ ਕੰਮ ਨੂੰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਸਰਕਾਰ ਦੀਆਂ ਉਪਚਾਰਿਕਤਾਵਾਂ ਮੁਕੰਮਲ ਕਰਨ ਉਪਰੰਤ ਲਾਲ ਲਕੀਰ ਦੇ ਵਸਨੀਕਾਂ ਨੂੰ ਕਾਨੂੰਨੀ ਮਾਲਕੀ ਦੇ ਹੱਕਾਂ ਦੇ ਸਰਟੀਫਿਕੇਟ ਦਿੱਤਾ ਜਾ ਸਕਣ ।
