ਇਕ ਹਫਤੇ ਚ ਦੁਬਾਰਾ ਮੀਟਿੰਗ ਕਰਕੇ ਮਸਲੇ ਦੇ ਹਲ ਦਾ ਭਰੋਸਾ
ਜਗਰਾਓਂ, 18 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ)-ਐਨ ਆਰ ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ ਦੇ ਵਫਦ ਨੇ ਐਸ ਐਸ ਪੀ ਨਵਨੀਤ ਸਿੰਘ ਬੈਂਸ ਨਾਲ ਉਨਾਂ ਦੇ ਦਫਤਰ ਚ ਮੀਟਿੰਗ ਕੀਤੀ। ਜਿਲਾ ਪੁਲਿਸ ਮੁਖੀ ਨੂੰ ਮਿਲਕੇ ਵਫਦ ਨੇ ਹਲਕਾ ਵਿਧਾਇਕ ਵਲੋਂ ਐਨ ਆਰ ਆਈ ਪਰਿਵਾਰ ਦੀ ਕੋਠੀ ਕਿਰਾਏ ਤੇ ਲੈਣ ਦੀ ਆੜ ਚ ਕੀਤੇ ਗੈਰ ਕਾਨੂੰਨੀ ਕੰਮਾਂ ਦੇ ਦੋਸ਼ੀ ਸਾਰੇ ਵਿਅਕਤੀਆਂ ਖਿਲਾਫ ਕਨੂੰਨੀ ਕਾਰਵਾਈ ਕਰਨ ਚ ਕੀਤੀ ਜਾ ਰਹੀ ਦੇਰੀ ਤੇ ਸਖਤ ਰੋਸ ਜਾਹਿਰ ਕੀਤਾ। ਵਫਦ ਨੇ ਅਫਸੋਸ ਪ੍ਰਗਟ ਕੀਤਾ ਕਿ ਜਿਲਾ ਪੁਲਿਸ ਮੁਖੀ ਵਲੋਂ ਪੰਦਰਾ ਦਿਨ ਚ ਕਾਰਵਾਈ ਦੇ ਭਰੋਸੇ ਦੇ ਬਾਵਜੂਦ ਕੋਈ ਸਿੱਟਾ ਨਹੀਂ ਨਿਕਲਿਆ। ਵਫਦ ਨੇ ਕਿਹਾ ਕਿ ਜਥੇਬੰਦਕ ਦਬਾਅ ਕਾਰਨ ਭਾਵੇਂ ਐਨ ਆਰ ਆਈ ਪਰਿਵਾਰ ਨੂੰ ਪੁਲਿਸ ਵਲੋਂ ਕਬਜਾ ਵਾਪਸ ਦਿਵਾ ਦਿੱਤਾ ਗਿਆ ਸੀ। ਪਰ ਕਰਮ ਸਿੰਘ ਕੋਲ ਸਿਰਫ ਚਾਰ ਵਿਸਵੇ ਦੀ ਜਾਲੀ ਰਜਿਸਟਰੀ ਦੇ ਚੱਲਦਿਆਂ ਬਾਕੀ ਅਸਲ ਮਾਲਕ ਅਮਰਜੀਤ ਕੋਰ ਦੇ ਗਿਆਰਾਂ ਵਿਸਵੇ ਕੋਠੀ ਦੇ ਪਿਛਲੇ ਹਿੱਸੇ ਚ ਨਵੀਂ ਉਸਾਰੀ ਕਰਨ, ਕਿਰਾਏ ਵਾਲੀ ਕੋਠੀ ਚ ਲੱਖਾਂ ਰੁਪਏ ਲਗਾ ਕੇ ਰੰਗਰੋਗਨ ਤੇ ਮੁਰੰਮਤ ਕਰਨ, ਸਮਾਨ ਚੋਰੀ ਕਰਨ, ਵੱਧ ਪਾਵਰਵਾਲੇ ਬਿਜਲੀ ਮੀਟਰ ਲਗਵਾਉਣ , ਗੈਰਕਾਨੂੰਨੀ ਢੰਗ ਨਲ ਕੋਠੀ ਦੇ ਅੱਗੇ ਪਿੱਛੇ ਸੜਕਾਂ ਦਾ ਨਿਰਮਾਣ ਆਦਿ ਸਾਰੇ ਮਾਮਲੇ ਦੇ ਦੋਸ਼ੀ ਹਲਕਾ ਵਿਧਾਇਕ ਸਮੇਤ ਸਾਰੇ ਸਹਿਦੋਸ਼ੀਆਂ ਤੇ ਕਨੂੰਨੀ ਕਾਰਵਾਈ ਲਟਕਾ ਕੇ ਲੋਕ ਰੋਹ ਤਿੱਖਾ ਕੀਤਾ ਜਾ ਰਿਹਾ ਹੈ। ਜਿਲਾ ਪੁਲਿਸ ਮੁਖੀ ਨੇ ਪੜਤਾਲ ਤੇਜ ਕਰਕੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ। ਉਨਾਂ ਮਾਲ ਵਿਭਾਗ ਦੀ ਰਜਿਸਟਰੀ ਮਾਮਲੇ ਚ ਕੀਤੀ ਜਾ ਰਹੀ ਕਾਰਵਾਈ ਬਾਰੇ ਵੀ ਦੱਸਿਆ। ਉਪਰੰਤ ਵਫਦ ਸਥਾਨਕ ਵਧੀਕ ਡਿਪਟੀ ਕਮਿਸ਼ਨਰ ਮੇਜਰ ਅਮਿਤ ਸਰੀਨ ਦੇ ਦਫਤਰ ਚ ਨਾ ਹੋਣ ਕਾਰਨ ਉਨਾਂ ਨਾਲ ਫੋਨ ਤੇ ਗੱਲਬਾਤ ਕਰਦਿਆਂ ਕੋਠੀ ਵਿਵਾਦ ਚ ਫੋਰੀ ਕਾਰਵਾਈ ਦੀ ਮੰਗ ਕੀਤੀ। ਏ ਡੀ ਸੀ ਨੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਵਫਦ ਚ ਕੰਵਲਜੀਤ ਖੰਨਾ, ਗੁਰਮੇਲ ਸਿੰਘ ਰੂਮੀ,ਹਰਦੇਵ ਸਿੰਘ ਸੰਧੂ, ਤਰਲੋਚਨ ਸਿੰਘ ਝੋਰੜਾਂ, ਸੁਖਦੇਵ ਸਿੰਘ ਭੂੰਦੜੀ,ਜਸਦੇਵ ਸਿੰਘ ਲਲਤੋਂ, ਜਗਸੀਰ ਸਿੰਘ ਢੁੱਡੀਕੇ, ਜਗਜੀਤ ਸਿੰਘ ਕਲੇਰ, ਬਲਦੇਵ ਸਿੰਘ ਰਸੂਲਪੁਰ, ਹੁਕਮ ਰਾਜ ਦੇਹੜਕਾ, ਜਗਦੀਸ਼ ਸਿੰਘ ਕਾਉਂਕੇ ਆਦਿ ਹਾਜਰ ਸਨ।