ਸਿੱਧਵਾਂ ਬੇਟ, 19 ( ਜਗਰੂਪ ਸੋਹੀ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 21 ਜੁਲਾਈ ਦਿਨ ਐਤਵਾਰ ਨੂੰ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਸ਼ਹਿਰ ਫਰੀਦਕੋਟ ਵਿਖੇ ਉਹਨਾਂ ਦੇ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠਣਗੀਆਂ ।
ਇਹ ਜਾਣਕਾਰੀ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਅੰਮਿਰਤ ਕੌਰ ਲੀਹਾਂ ਅਤੇ ਬਲਾਕ ਸਿੱਧਵਾਂ ਬੇਟ ਪ੍ਰਧਾਨ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਦਿੱਤੀ ।
ਉਹਨਾਂ ਦੱਸਿਆ ਕਿ ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਚਪੈਹਰਾ ਸਾਹਿਬ ਦਾ ਪਾਠ ਕੀਤਾ ਜਾਵੇਗਾ । ਆਗੂਆਂ ਨੇ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਆਂਗਣਵਾੜੀ ਸੈਂਟਰਾਂ ਵਿੱਚੋਂ 2017 ਤੋਂ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿੱਚ ਭੇਜੇ ਜਾਣ , ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ , ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਰਾਸ਼ਨ ਦਾ ਠੇਕਾ ਪ੍ਰਾਈਵੇਟ ਕੰਪਨੀਆਂ ਤੋਂ ਰੱਦ ਕਰਕੇ ਸਰਕਾਰੀ ਅਦਾਰਿਆਂ ਰਾਹੀਂ ਸਪਲਾਈ ਕੀਤਾ ਜਾਵੇ , ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਮੁੱਹਈਆ ਕਰਵਾਏ ਜਾਣ , ਸਮਾਜ ਭਲਾਈ ਬੋਰਡ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਦਾ ਪਿਛਲੇਂ 10 ਮਹੀਨਿਆਂ ਦਾ ਰੁਕਿਆ ਹੋਇਆ ਮਾਣ ਭੱਤਾ ਤੁਰੰਤ ਦਿੱਤਾ ਜਾਵੇ । ਇਹਨਾਂ ਮੰਗਾਂ ਤੋਂ ਇਲਾਵਾ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਬਹਾਲ ਕੀਤੀਆਂ ਜਾਣ।