ਬੱਚਿਓ, ਮਿੰਟੂ ਨਾਂ ਦਾ ਲੜਕਾ ਬੜਾ ਸ਼ਰਾਰਤੀ ਸੀ। ਇੱਕ ਦਿਨ ਉਹ ਟੋਕਰੇ ਦੁਆਰਾ ਚਿੜੀਆਂ ਫ਼ੜ ਰਿਹਾ ਸੀ। ਉਸ ਨੇ ਇੱਕ ਲੱਕੜ ਦੇ ਟੋਕਰੇ ਨੂੰ ਥੋੜ੍ਹਾ ਅੱਗੇ ਵੱਲ ਝੁਕਾਅ ਕੇ,ਉਸ ਥੱਲੇ ਛੋਟਾ ਜਿਹਾ ਡੰਡਾਂ ਲਾ, ਇੱਕ ਲੰਬੀ ਰੱਸੀ ਉਸ ਡੰਡੇ ਨਾਲ ਬੰਨ ਕੇ ਆਪ ਦੂਰ ਕੰਧ ਉਹਲੇ ਬੈਠ ਗਿਆ।
ਚਿੜੀਆਂ ਨੂੰ ਸੱਦਣ ਲਈ ਉਸ ਨੇ
ਇੱਕ ਕੌਲੀ ਵਿੱਚ ਪਾਣੀ ਤੇ ਕੁੱਝ ਰੋਟੀ ਦੇ ਟੁਕੜੇ ਉਸ ਟੋਕਰੇ ਥੱਲੇ ਰੱਖ ਦਿੱਤੇ। ਜਦੋਂ ਚਿੜੀਆਂ ਇਕੱਠੀਆਂ ਹੋ ਕੇ ਦੁਪਹਿਰ ਵੇਲੇ ਪਾਣੀ ਪੀਣ ਤੇ ਰੋਟੀ ਖਾਣ ਆਈਆਂ, ਤਾਂ ਮਿੰਟੂ ਨੇ ਰੱਸੀ ਨਾਲ ਡੰਡਾਂ ਖਿਚ ਦਿੱਤਾ, ਤੇ ਟੋਕਰੇ ਥੱਲੇ ਚਿੜੀਆਂ ਆ ਗਈਆਂ। ਜਦੋਂ ਉਸ ਦੀ ਮੰਮੀ ਨੂੰ ਪਤਾ ਲੱਗਿਆ, ਤਾਂ ਉਸ ਨੇ ਮਿੰਟੂ ਨੂੰ ਘੂਰਿਆ ਤੇ ਸਮਝਾਇਆ ਕਿ “ਬੇਟਾ ਇਹ ਪੰਛੀ ਬਹੁਤ ਹੀ ਕੋਮਲ ਅਤੇ ਦਿਲ ਨਰਮ ਹੁੰਦੇ ਹਨ। ਇਹਨਾਂ ਨੂੰ ਇਸ ਤਰਾਂ ਫੜਨਾ ਬਹੁਤ ਪਾਪ ਹੈ। ਚਿੜੀਆਂ ਸਾਡੇ ਘਰਾਂ ਦੀ ਰੌਣਕ ਹਨ । ਜੇ ਚਿੜੀਆਂ ਨਾ ਰਹੀਆਂ ਤਾਂ ਸਾਡੇ ਆਲੇ ਦੁਆਲੇ ਰੌਣਕ ਖਤਮ ਹੋ ਜਾਵੇਗੀ। ਫਿਰ ਚਿੜੀਆਂ ਤੋਂ ਬਿਨਾਂ ਚੜਚੋਲਾ ਕਿਸ ਨੇ ਪਾਉਣਾ ਹੋਇਆ। ਵਾਤਾਵਰਨ ਨੂੰ
ਸੋਹਣਾ ਬਣਾਉਣ ਵਿੱਚ ਚਿੜੀਆਂ ਦਾ ਬਹੁਤ ਵੱਡਾ ਯੋਗਦਾਨ ਹੈ।
ਬੇਟਾ ਉਹਨਾਂ ਨੂੰ ਅਜ਼ਾਦ ਕਰ ਦੇਵੋ , ਇਹ ਪੰਛੀ ਸਾਡੇ ਮਿੱਤਰ ਹਨ। ਜੇ ਅਸੀਂ ਇਸ ਤਰ੍ਹਾਂ ਕਰਾਂਗੇ, ਤਾਂ ਪੰਛੀ ਸਾਡੇ ਨਾਲ ਪਿਆਰ ਕਿਸ ਤਰ੍ਹਾਂ ਕਰਨਗੇ। ਕੁਦਰਤ ਵੀ ਰੁਸ ਜਾਵੇਗੀ”। ਮਿੰਟੂ ਨੇ ਆਪਣੀ ਮੰਮੀ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਚਿੜੀਆਂ ਨੂੰ ਅਜ਼ਾਦ ਕਰ ਦਿੱਤਾ। ਅੱਗੇ ਤੋਂ ਅਜਿਹੇ ਕੰਮ ਕਰਨ ਤੋਂ ਤੋਬਾ ਕੀਤੀ। ਉਸ ਦੀ ਮੰਮੀ ਨੇ ਕਿਹਾ,” ਬੇਟਾ ਚੱਲ ਆਪਾਂ ਕੋਠੇ ਦੀ ਛੱਤ ਉੱਪਰ, ਕਿਸੇ ਖੁੱਲ੍ਹੇ ਭਾਂਡੇ ਵਿੱਚ ਚਿੜੀਆਂ ਦੇ ਪੀਣ ਵਾਸਤੇ ਪਾਣੀ ਰੱਖ ਕੇ ਆਈਏ, ਤੇ ਨਾਲੇ ਰੋਟੀ ਦੇ ਛੋਟੇ ਛੋਟੇ ਟੁਕੜੇ ਪਾ ਦੇਈਏ”।
ਮਿੰਟੂ ਹੁਣ ਆਪਣੇ ਕੀਤੇ ਤੇ ਪਛਤਾ ਰਿਹਾ ਸੀ।
ਅਤੇ ਆਪਣੀ ਮੰਮੀ ਤੋਂ ਮੁਆਫੀ ਮੰਗ, ਅੱਗੇ ਤੋਂ ਰੋਜ਼ ਦੀ ਤਰਾਂ ਕੋਠੇ ਉੱਪਰ ਪਾਣੀ ਤੇ ਰੋਟੀ ਪਾਉਣ ਲੱਗ ਪਿਆ ਸੀ ਤੇ ਚਿੜੀਆਂ ਵੀ ਉਸ ਨਾਲ ਪਿਆਰ ਕਰਨ ਲੱਗ ਪਈਆਂ ਸਨ।
ਸੋ ਬੱਚਿਓ ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹਨ।
ਇਹਨਾਂ ਤੋਂ ਬਿਨਾਂ ਸਾਡਾ ਜੀਵਨ ਅਧੂਰਾ ਹੈ। ਸਾਨੂੰ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ, ਤਾਂ ਕੇ ਅਸੀਂ ਆਪਣੇ ਜੀਵਨ ਵਿੱਚ ਸੋਹਣਾ ਰੰਗ ਭਰ ਸਕੀਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ