ਫ਼ਤਹਿਗੜ੍ਹ ਸਾਹਿਬ, 04 ਜਨਵਰੀ (ਅਸ਼ਵਨੀ – ਅਨਿਲ) : ਡੇਅਰੀ ਵਿਕਾਸ ਵਿਭਾਗ ਵੱਲੋਂ ਖੇਤੀ ਵਿਭਿੰਨਤਾ ਲਿਆਉਣ ਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਡੇਅਰੀ ਉਦਮ ਸਿਖਲਾਈ ਕੋਰਸ ਦਾ ਤੀਜਾ ਬੈਚ 15 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਡੇਅਰੀ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਲਈ ਉਮੀਦਵਾਰਾਂ ਦੀ ਚੋਣ ਕਰਨ ਵਾਸਤੇ 09 ਜਨਵਰੀ ਨੂੰ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ ਵਿਖੇ ਕਾਊਂਸਲਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਨੌਜਵਾਨ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਚਤਾਮਲੀ ਵਿਖੇ ਇਹ ਟਰੇਨਿੰਗ ਹਾਸਲ ਕਰ ਸਕਦੇ ਹਨ।ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਸਿਖਲਾਈ ਲੈਣ ਦਾ ਚਾਹਵਾਨ ਨੌਜਵਾਨ ਪੇਂਡੂ ਖੇਤਰ ਦਾ ਵਸਨੀਕ ਹੋਣਾ ਚਾਹੀਦਾ ਹੈ ਅਤੇ ਉਸ ਦੀ ਵਿਦਿਅਕ ਯੋਗਤਾ ਘੱਟੋ ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ। ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨ ਦੀ ਉਮਰ 18 ਸਾਲ ਤੋਂ 55 ਸਾਲ ਤੱਕ ਹੋਣੀ ਚਾਹੀਦਾ ਹੈ ਅਤੇ ਉਸ ਕੋਲ 05 ਦੁਧਾਰੂ ਪਸ਼ੂ ਹੋਣੇ ਚਾਹੀਦੇ ਹਨ।ਸਿਖਲਾਈ ਹਾਸਲ ਕਰਨ ਦੇ ਚਾਹਵਾਨ ਨੌਜਵਾਨ ਆਪਣੇ ਦਸਤਾਵੇਜ ਜਿਵੇਂ ਕਿ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਅਤੇ ਇੱਕ ਪਾਸਪੋਰਟ ਸਾਇਜ ਫੋਟੋ ਲੈ ਕੇ ਦਫ਼ਤਰ ਵਿਖੇ ਪਹੁੰਚ ਸਕਦੇ ਹਨ।ਦਲਬੀਰ ਕੁਮਾਰ ਨੇ ਦੱਸਿਆ ਕਿ ਇਸ ਟਰੇਨਿੰਗ ਵਿੱਚ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਰੱਖ-ਰਖਾਵ, ਖਾਦ-ਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਅਤੇ ਏ.ਆਈ. ਦੇ ਪ੍ਰੈਕਟੀਕਲ ਆਦਿ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਹੋਰ ਦੱਸਿਆ ਕਿ ਵਿਭਾਗ ਵੱਲੋਂ 02-20 ਪਸ਼ੂਆਂ ਦੇ ਯੁਨਿਟ ਲਈ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33 ਫੀਸਦੀ ਅਤੇ ਜਨਰਲ ਵਰਗ ਦੇ ਲਾਭਪਾਤਰੀਆਂ ਨੂੰ 25 ਫੀਸਦੀ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਤੇ ਡੇਅਰੀ ਦਾ ਧੰਦਾ ਸ਼ੁਰੂ ਕਰਨ ਦੇ ਚਾਹਵਾਨ ਨੌਜਵਾਨ ਛੇਤੀ ਤੋਂ ਛੇਤੀ ਆਪਣੇ ਆਪ ਨੂੰ ਇਸ ਸਿਖਲਾਈ ਪ੍ਰੋਗਰਾਮ ਵਿੱਚ ਦਾਖਲ ਕਰਵਾ ਕੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਭ ਉਠਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਹਾਸਲ ਕਰਨ ਵਾਸਤੇ ਮੋਬਾਇਲ ਨੰ: 96530-31054 ਅਤੇ 82830-45015 ਤੇ ਸੰਪਰਕ ਕੀਤਾ ਜਾ ਸਕਦਾ ਹੈ।