ਜ਼ੀਰਕਪੁਰ (ਰਾਜੇਸ ਜੈਨ-ਭਗਵਾਨ ਭੰਗੂ) ਪਿਛਲੇ ਦਿਨੀਂ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਵਿਚ ਹੋਏ ਪੁਲਿਸ ਮੁਕਾਬਲੇ ਵਿਚ ਭਗੌੜੇ ਗੈਂਗਸਟਰ ਰੋਹਿਤ ਸਿਮਟੂ ਉਰਫ਼ ਮੋਟਾ ਵਾਸੀ ਖਰੀਆਂ, ਥਾਣਾ ਪਰਵਾਣੂ ਨੂੰ ਇਕ ਹੋਰ ਅਨਸਰ ਸਣੇ ਕਾਬੂ ਕਰ ਲਿਆ ਗਿਆ ਹੈ। ਮੁਲਜ਼ਮਾ ਪਾਸੋਂ 32 ਕੈਲੀਬਰ ਦੀ ਪਿਸਤੌਲ ਅਤੇ 5 ਕਾਰਤੂਸ ਬਰਾਮਦ ਕੀਤੇ ਗਏ ਹਨ। ਐੱਸਐੱਸਪੀ ਸੰਦੀਪ ਗਰਗ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਸਿਮਟੂ ਮੋਟਾ ਪੰਜਾਬ ਤੇ ਹਿਮਾਚਲ ਪ੍ਰਦੇਸ਼ ’ਚ ਕਰੀਬ 6 ਅਪਰਾਧਕ ਮਾਮਲਿਆਂ ’ਚ ਲੋੜੀਂਦਾ ਸੀ ਤੇ ਬਲਟਾਣਾ ਐਨਕਾਊਂਟਰ ਕੇਸ ਵਿਚ ਸ਼ਾਮਲ ਮੁਲਜ਼ਮਾਂ ’ਚੋਂ ਇਕ ਹੈ। ਇਸ ਵਿਅਕਤੀ ਦੀ ਜੇਲ੍ਹ ’ਚ ਬੰਦ ਦਵਿੰਦਰ ਬੰਬੀਹਾ ਗਿਰੋਹ ਦੇ ਗੈਂਗਸਟਰ ਭੂਪੀ ਰਾਣਾ ਦੇ ਕਹੇ ’ਤੇ ਸੱਤ ਗੁਰਗੇ ਇਕ ਹੋਟਲ ਦੇ ਮਾਲਕ ਤੋਂ ਜਬਰੀ ਵਸੂਲੀ ਕਰ ਰਹੇ ਸਨ। 17 ਫਰਵਰੀ ਨੂੰ ਬਲਟਾਣਾ ਵਿਖੇ ਪੁਲਿਸ ਟੀਮ ਨਾਲ ਹੋਏ ਸੰਖੇਪ ਮੁਕਾਬਲੇ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਕੀਤੀ ਜਵਾਬੀ ਗੋਲ਼ੀਬਾਰੀ ਦੌਰਾਨ ਗੈਂਗਸਟਰ ਦੀ ਲੱਤ ’ਤੇ ਗੋਲ਼ੀ ਲੱਗੀ ਸੀ ਅਤੇ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਸੀ।
ਇਸ ਦੌਰਾਨ ਰਿਲੈਕਸ ਇਨ ’ਚੋਂ ਤਿੰਨ ਮੁਲਜ਼ਮਾਂ ਰਣਬੀਰ ਸਿੰਘ ਰਣੀਆ, ਵਿਸ਼ਾਲ ਉਰਫ਼ ਵਿਕਰਾਂਤ ਅਤੇ ਅਸ਼ੀਸ਼ ਅਮਨ ਨੂੰ ਇਕ .30 ਕੈਲੀਬਰ ਪਿਸਤੌਲ, ਇਕ .32 ਕੈਲੀਬਰ ਪਿਸਤੌਲ ਤੇ 10 ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂ ਕਿ ਫਿਰੌਤੀ ਰੈਕੇਟ ਦੇ ਮੁੱਖ ਮੁਲਜ਼ਮ ਅੰਕਿਤ ਰਾਣਾ ਤੇ ਰੋਹਿਤ ਮੌਕੇ ਤੋਂ ਫ਼ਰਾਰ ਹੋ ਗਏ ਸਨ। ਬਾਅਦ ਵਿਚ ਅੰਕਿਤ ਨੂੰ 13 ਦਸੰਬਰ 22 ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
