Home Chandigrah ਨਾਂ ਮੈਂ ਕੋਈ ਝੂਠ ਬੋਲਿਆ..?‘‘ ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ...

ਨਾਂ ਮੈਂ ਕੋਈ ਝੂਠ ਬੋਲਿਆ..?
‘‘ ਅਵੱਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ’’

40
0


ਜਦੋਂ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਸੀ ਤਾਂ ਉਸ ਸਮੇਂ ਉਸ ਨੇ ਕਿਸੇ ਵੀ ਧਰਮ, ਜਾਤ-ਪਾਤ, ਰੰਗ-ਭੇਦ ਭਾਵ ਦਾ ਸਭ ਲਈ ਕੋਈ ਵਿਤਕਰਾ ਨਹੀਂ ਰੱਖਿਆ ਸੀ ਅਤੇ ਜਨਮ ਸਮੇਂ ਇਨਸਾਨ ਇਸ ਸਭ ਤੋਂ ਅਨਜਾਣ ਹੁੰਦਾ ਹੈ ਅਤੇ ਨਾ ਹੀ ਉਸਨੂੰ ਇਸਦਾ ਕੋਈ ਮਤਲਬ ਹੁੰਦਾ ਹੈ। ਕੁਦਰਤ ਦੇ ਕਿਸੇ ਵੀ ਭੇਦ ਭਾਵ ਰੱਖਣ ਦੇ ਅਸੂਲ ਨੂੰ ਨਾ ਮੰਨਦੇ ਹੋਏ ਇਨਸਾਨ ਨੇ ਖੁਦ ਆਪਣੇ ਆਪ ਹੀ ਜਾਤ-ਪਾਤ, ਧਰਮ, ਰੰਗ, ਨਸਲ, ਭੇਦ ਦੇ ਵਿਚਕਾਰ ਵੰਡ ਲਿਆ ਅਤੇ ਇਕ ਦੂਸਰੇ ਪ੍ਰਤੀ ਦੀਵਾਰਾਂ ਖੜ੍ਹੀਆਂ ਕਰ ਲਈਆਂ। ਇਸ ਸਮੇਂ ਹਰ ਕੋਈ ਆਪਣੇ ਧਰਮ ਨੂੰ ਉੱਤਮ ਸਾਬਤ ਕਰਨ ਲਈ ਦੂਜੇ ਧਰਮਾਂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਕਰਕੇ ਅਕਸਰ ਹੀ ਧਰਮ ਦੇ ਨਾਮ ਉੱਤੇ ਦੰਗੇ ਹੁੰਦੇ ਹਨ। ਹਾਲ ਹੀ ਵਿਚ ਹਰਿਆਣਾ ਦੇ ਨੂੰਹ ਵਿਚ ਜੋ ਹਿੰਸਕ ਤਾਂਡਵ ਵਾਪਰਿਆ ਉਹ ਬੇ-ਬੱਦ ਨਿੰਦਾਯੋਗ ਹੈ। ਕੁਦਰਤ ਨੇ ਭਾਵੇਂ ਇਕ ਹੀ ਧਰਮ ਇਨਸਾਨੀਅਤ ਦਾ ਬਣਾਇਆ ਪਰ ਅਸੀਂ ਇਥੇ ਅਪਣੇ ਅਪਣੇ ਧਰਮਾਂ ਵਿਚ ਵੰਡੇ ਗਏ। ਸਾਰੇ ਧਰਮਾਂ ਦਾ ਗੁਰੂ ਅਤੇ ਧਰਮ ਗ੍ਰੰਥ ਸਿਰਫ ਮਨੁੱਖਤਾ ਦਾ ਹੀ ਉਪਦੇਸ਼ ਦਿੰਦੇ ਹਨ। ਕਿਸੇ ਨੇ ਵੀ ਕਿਸੇ ਦੂਸਰੇ ਧਰਮ ਦੀ ਨਿੰਦਾ ਨਹੀਂ ਕੀਤੀ ਅਤੇ ਨਾ ਹੀ ਲਿਖਿਆ। ਸਗੋਂ ਸਭ ਨੂੰ ਆਪਣੇ ਆਪਣੇ ਧਰਮ ਵਿਚ ਪਰਪੱਕ ਰਹਿਣ ਦਾ ਉਪਦੇਸ਼ ਦਿਤਾ। ਸਾਰੇ ਧਰਮ ਗ੍ਰੰਥਾਂ ਵਿੱਚ ਇਹੀ ਉਪਦੇਸ਼ ਦਿੱਤਾ ਗਿਆ ਹੈ ਕਿ ਸਮੱੁਚੀ ਸ਼ਿ੍ਰਸਟੀ ਨੂੰ ਚਲਾਉਣ ਵਾਲਾ ਅਤੇ ਪੈਦਾ ਕਰਨ ਵਾਲਾ ਇਕ ਹੀ ਹੈ। ਅਸੀਂ ਸਾਰੇ ਉਸਦੀ ਹੀ ਸੰਤਾਨ ਹਾਂ। ਪਰ ਇਸ ਤੋਂ ਬਾਅਦ ਵੀ ਅਸੀਂ ਆਪਣੇ ਗੁਰੂਆਂ ਅਤੇ ਧਾਰਮਿਕ ਗ੍ਰੰਥਾਂ ਦੀ ਗੱਲ ਨੂੰ ਮੰਨਣ ਦੀ ਬਜਾਏ ਆਪਣੀ ਗੱਲ ਨੂੰ ਸਾਬਤ ਕਰਨ ਲਈ ਸਭ ਕੁਝ ਕਰਦੇ ਹਾਂ। ਇਸੇ ਕਰਕੇ ਹੁਣ ਧਰਮ ਦੇ ਨਾਮ ’ਤੇ ਦੰਗੇ ਫਸਾਦ ਸੌਖਿਆਂ ਹੀ ਹੋ ਜਾਂਦੇ ਹਨ। ਇੱਕ ਗੱਲ ਤਾਂ ਪੱਕੀ ਹੈ ਕਿ ਜੇਕਰ ਕੋਈ ਵੀ ਫਿਰਕਾ ਕਿਸੇ ਹੋਰ ਧਰਮ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਉਹ ਆਪਣੇ ਹੀ ਗੁਰੂ ਦੀਆਂ ਨਜ਼ਰਾਂ ਵਿੱਚ ਡਿੱਗਦਾ ਹੈ। ਉਹ ਜਿਸਨੂੰ ਵੀ ਮੰਨਦਾ ਹੈ ਉਹੀ ਈਸ਼ਟ ਉਸਨੂੰ ਕਦੇ ਮਾਫ ਨਹੀਂ ਕਰਦਾ ਕਿਉਂਕਿ ਕੋਈ ਵੀ ਮਨੁੱਖਤਾ ਦੀ ਹੱਤਿਆ ਦਾ ਸੰਦੇਸ਼ ਨਹੀਂ ਦਿੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ‘‘ ਅੱਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਦੇ ਸਭ ਬੰਦੇ ’’ ਭਾਵ ਇਕ ਹੀ ਨੂਰ ਤੋਂ ਇਹ ਸਾਰਾ ਸੰਸਾਰ ਉਪਜਿਆ ਹੈ ਅਤੇ ਸਭ ਉਸਦੇ ਹੀ ਬੰਦੇ ਹਨ, ਕੋਈ ਚੰਗਾ ਮੰਦਾ ਨਹੀਂ। ਧਰਮ ਦੇ ਨਾਂ ’ਤੇ ਸਮੇਂ-ਸਮੇਂ ’ਤੇ ਹੋਣ ਵਾਲੇ ਦੰਗਿਆਂ ਦਾ ਇੱਕ ਹੋਰ ਪਹਿਲੂ ਵੀ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਜਦੋਂ ਚੋਣਾਂ ਨੇੜੇ ਹੁੰਦੀਆਂ ਹਨ ਤਾਂ ਅਜਿਹੀਆਂ ਵੱਡੀਆਂ ਘਟਨਾਵਾਂ ਅਚਾਨਕ ਸਾਹਮਣੇ ਆ ਜਾਂਦੀਆਂ ਹਨ ਜਾਂ ਇਹ ਕਿਹਾ ਜਾ ਸਕਦਾ ਹੈ ਕਿ ਅਜਿਹੀਆਂ ਘਟਨਾਵਾਂ ਸਿਆਸੀ ਪੁਸ਼ਤਪਨਾਹੀ ਤੋਂ ਬਗੈਰ ਸੰਭਵ ਨਹੀਂ ਬਨ। ਇਸ ਤੋਂ ਇਲਾਵਾ ਜੇਕਰ ਕਿਸੇ ਭਾਈਚਾਰੇ ਨਾਲ ਹੋਈ ਬੇਇਨਸਾਫੀ ਤੇ ਇਨਸਾਫ਼ ਲਈ ਵਾਰ-ਵਾਰ ਦੁਹਾਈ ਦੇਣ ਦੇ ਬਾਵਜੂਦ ਵੀ ਪੀੜਤ ਨੂੰ ਇਨਸਾਫ਼ ਨਾ ਮਿਲਣ ਤਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਹਰਿਆਣੇ ਦੇ ਨੂੰਹ ਵਿੱਚ ਜਲਾਭਿਸ਼ੇਕ ਦੀ ਯਾਤਰਾ ’ਤੇ ਮੁਸਲਿਮ ਭਾਈਚਾਰੇ ਦੇ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਵਲੋਂ ਅਚਾਨਕ ਹਮਲਾ ਕਰ ਦਿੱਤਾ ਗਿਆ ਅਤੇ ਹੁਣ ਘਟਨਾ ਦੀ ਜਾਂਚ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਪਹਿਲਾਂ ਤੋਂ ਹੀ ਸੋਚੀ ਸਮਝੀ ਯੋਜਨਾ ਤਹਿਤ ਕੀਤਾ ਗਿਆ ਸੀ। ਇਸ ਲਈ ਦਲੀਲ ਇਹ ਦਿਤੀ ਜਾ ਰਹੀ ਹੈ ਕਿ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਗੋਪਾਗੜ੍ਹ ਜਿਲੇ ਨਿਵਾਸੀ ਜੁਨੈਦ ਅਤੇ ਵਾਸਿਰ ਨੂੰ ਹਰਿਆਣਾ ਦੇ ਭਿਵਾਨੀ ਵਿੱਚ ਬੋਲੈਰੋ ਕਾਰ ਵਿਚ ਕਾਰ ਸਮੇਤ ਜ਼ਿੰਦਾ ਸਾੜ ਦਿੱਤਾ ਗਿਆ ਸੀ। ਉਸ ਘਟਨਾ ਦੇ ਦੋਸ਼ ਇਕ ਹਿੰਦੂ ਸੰਗਠਨ ’ਤੇ ਲਗਾਏ ਜਾ ਰਹੇ ਸਨ ਅਤੇ ਮੋਨੂੰ ਮਾਨੇਸਰ ਨੂੰ ਉਕਤ ਘਟਨਾ ਦਾ ਮੁੱਖ ਮਾਸਟਰਮਾਈਂਡ ਦੱਸਿਆ ਜਾ ਰਿਹਾ ਸੀ ਅਤੇ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਹਰਿਆਣਾ ’ਚ ਕੱਢੀ ਜਾ ਰਹੀ ਜਲਾਭਿਸ਼ੇਕ ਯਾਤਰਾ ’ਚ ਮੋਨੂੰ ਮਾਨੇਸਰ ਸ਼ਾਮਲ ਹੋਵੇਗਾ। ਭਿਵਾਨੀ ’ਚ ਦੋ ਮੁਸਲਿਮ ਨੌਜਵਾਨਾਂ ਦੇ ਬੇਰਹਿਮੀ ਨਾਲ ਕਤਲ ਨੇ ਭਾਈਚਾਰੇ ’ਚ ਗੁੱਸੇ ਦੀ ਲਹਿਰ ਸੀ। ਉਹ ਇਸ ’ਚ ਇਨਸਾਫ ਨਾ ਮਿਲਣ ਦੀ ਦੁਹਾਈ ਦੇ ਰਹੇ ਸਨ। ਜਿਸ ਕਾਰਨ ਮੌਕਾ ਮਿਲਣ ’ਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਇਆ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿਤਾ ਗਿਆ। ਭਾਰਤ ਵਿੱਚ ਸਭ ਧਰਮਾਂ ਦੇ ਲੋਕ ਸਦੀਆਂ ਤੋਂ ਸ਼ਾਂਤੀ ਨਾਲ ਰਹਿ ਰਹੇ ਹਨ। ਜਦੋਂ ਵੀ ਨਫ਼ਰਤ ਦੇ ਬੀਜ ਉੱਗਦੇ ਹਨ ਤਾਂ ਉਹ ਆਪਣੇ ਹੀ ਲੋਕਾਂ ਦੇ ਦੁਸ਼ਮਣ ਬਣ ਜਾਂਦੇ ਹਨ। ਧਰਮ ਇੱਕ ਅਜਿਹਾ ਵਿਸ਼ਾ ਹੈ ਜਿਸ ਉੱਤੇ ਕਿਸੇ ਨੂੰ ਵੀ ਉਸਦੀਆਂ ਧਾਰਮਿਕ ਭਾਵਨਾਵਾਂ ਝੰਜੋੜ ਕੇ ਸਹੀ ਜਾਂ ਗਲਤ ਕੀਤਾ ਅਤੇ ਕਰਵਾਇਆ ਜਾ ਸਕਦਾ ਹੈ। ਧਰਮ ਦੇ ਨਾਂ ’ਤੇ ਲੋਕ ਬਹੁਤ ਜਲਦੀ ਜਜ਼ਬਾਤੀ ਹੋ ਜਾਂਦੇ ਹਨ। ਸ਼ਰਾਰਤੀ ਲੋਕ ਅਜਿਹੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਜਦੋਂ ਦੋ ਫਿਰਕਿਆਂ ਵਿੱਚ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਗਲਤ ਹੋਇਆ ਹੈ। ਪਰ ਉਦੋਂ ਤੱਕ ਸਭ ਕੁਝ ਤਬਾਹ ਹੋ ਜਾਂਦਾ ਹੈ। ਧਰਮ ਦੀ ਆੜ ਵਿਚ ਨਫਰਤ ਦੀ ਅੱਗ ਵਿਚ ਸਮੇਂ ਸਮੇਂ ਤੇ ਹਿੰਦੂ, ਸਿੱਖ, ਮੁਸਲਮਾਨ ਅਤੇ ਇਸਾਈ ਚੜ੍ਹਦੇ ਆਏ ਹਮ ਅਤੇ ਉਸ ਅੱਗ ਦਾ ਸੇਕ ਸਦੀਆਂ ਤੱਕ ਮਹਿਸੂਸ ਹੁੰਦਾ ਰਹਿੰਦਾ ਹੈ। ਇਸ ਲਈ ਸ਼ਰਾਰਤੀ ਲੋਕਾਂ ਵਲੋਂ ਨਫਰਤ ਫੈਲਾਉਣ ਲਈ ਧਰਮ ਦੀ ਆੜ ਨਾ ਲਈ ਜਾ ਸਕੇ ਉਸ ਲਈ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।
ਹਰਵਿੰਦਰ ਸਿੰਘ ਸੱਗੂ।

LEAVE A REPLY

Please enter your comment!
Please enter your name here