ਜਗਰਾਉਂ, 24 ਮਾਰਚ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 585 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਸੀਆਈਏ ਸਟਾਫ਼ ਦੇ ਏਐਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਚੈਕਿੰਗ ਦੌਰਾਨ ਝਾਂਸੀ ਰਾਣੀ ਚੌਕ ਵਿੱਚ ਮੌਜੂਦ ਸਨ। ਉੱਥੇ ਹੀ ਇਤਲਾਹ ਮਿਲੀ ਸੀ ਕਿ ਬਲਵਿੰਦਰ ਸਿੰਘ ਵਾਸੀ ਨਜ਼ਦੀਕ ਭੱਦਰਕਾਲੀ ਮੰਦਰ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਨਸ਼ਾ ਵੇਚਣ ਲਈ ਨਹਿਰ ਦੇ ਪੁਲ ਤੋਂ ਪਾਰ ਜਾ ਰਿਹਾ ਹੈ। ਇਸ ਸਬੰਧੀ ਸੂਚਨਾ ਮਿਲਣ ’ਤੇ ਬਲਵਿੰਦਰ ਸਿੰਘ ਵਾਸੀ ਭੱਦਰਕਾਲੀ ਮੰਦਰ ਨੇੜੇ ਮੁਹੱਲਾ ਪ੍ਰਤਾਪ ਨਗਰ ਜਗਰਾਉਂ ਨੂੰ ਰਾਏਕੋਟ ਰੋਡ ’ਤੇ ਪੁਲ ਸੂਆ ਨੇੜੇ ਭੱਠੇ ਕੋਲ ਨਾਕਾਬੰਦੀ ਦੌਰਾਨ 405 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਜੋਧਾ ਤੋਂ ਇੰਸਪੈਕਟਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਖੰਡੂਰ ਚੌਕ ਜੋਧਾ ਵਿਖੇ ਚੈਕਿੰਗ ਲਈ ਮੌਜੂਦ ਸਨ। ਉਥੇ ਇਤਲਾਹ ਮਿਲੀ ਕਿ ਅਮਰਜੀਤ ਸਿੰਘ ਉਰਫ ਹਰਮਨ ਵਾਸੀ ਪਿੰਡ ਸਹੋਲੀ ਥਾਣਾ ਜੋਧਾ ਨਸ਼ੇ ਵਾਲੀਆਂ ਗੋਲੀਆਂ ਖਾਣ ਅਤੇ ਵੇਚਣ ਦਾ ਆਦੀ ਹੈ ਅਤੇ ਵੱਖ-ਵੱਖ ਪਿੰਡਾਂ ’ਚ ਘੁੰਮ ਕੇ ਗੋਲੀਆਂ ਵੇਚਦਾ ਹੈ। ਜੋ ਪਿੰਡ ਢੈਪਈ ਤੋਂ ਜੋਧਾਂ ਨੂੰ ਨਸ਼ਾ ਵੇਚਣ ਜਾ ਰਿਹਾ ਹੈ। ਇਸ ਸੂਚਨਾ ’ਤੇ ਪੈਟਰੋਲ ਪੰਪ ਦੇ ਸਾਹਮਣੇ ਜੋਧਾ ਨੂੰ ਜਾਂਦੀ ਸੜਕ ’ਤੇ ਛਾਪਾ ਮਾਰ ਕੇ ਅਮਰਜੀਤ ਸਿੰਘ ਉਰਫ ਹਰਮਨ ਵਾਸੀ ਸਹੋਲੀ ਥਾਣਾ ਜੋਧਾ ਨੂੰ 180 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
