ਮੋਗਾ, 1 ਮਾਰਚ ( ਅਸ਼ਵਨੀ) -ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਪਸ਼ੂਆਂ ਉਤੇ ਜੁਲਮ ਰੋਕੂ ਸੰਸਥਾ (ਐਸ.ਪੀ.ਸੀ.ਏ.) ਦੀ ਮੀਟਿੰਗ ਬੁਲਾਈ। ਮੀਟਿੰਗ ਵਿੱਚ ਸੰਸਥਾ ਵੱਲੋਂ ਬੇਸਹਾਰਾ ਪਸ਼ੂ/ਪੰਛੀਆਂ ਉਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕਣ ਲਈ ਕੀਤੇ ਗਏ ਉਪਰਾਲਿਆਂ ਉਪਰ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਸਮੂਹ ਉਪ ਮੰਡਲ ਮੈਜਿਸਟ੍ਰੇਟ, ਨਗਰ ਨਿਗਮ ਦੇ ਅਧਿਕਾਰੀ ਅਤੇ ਜ਼ਿਲ੍ਹੇ ਦੇ ਸਮਾਜ ਸੇਵੀ ਹਾਜ਼ਰ ਸਨ।ਬੇਸਹਾਰਾ ਪਸ਼ੂ/ਪੰਛੀਆਂ ਉੱਪਰ ਹੋਣ ਵਾਲੇ ਅੱਤਿਆਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਰਬਸੰਮਤੀ ਨਾਲ ਕਮੇਟੀ ਦੇ ਪੁਨਰਗਠਨ ਦਾ ਮਤਾ ਪਾਸ ਕੀਤਾ ਗਿਆ। ਹਾਜ਼ਰ ਮੈਂਬਰਾਂ ਵੱਲੋਂ ਬੇਸਹਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਕਰਨ ਦਾ ਮੁੱਦਾ ਚੁੱਕਿਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਮੋਗਾ ਦੇ ਅਧਿਕਾਰੀਆਂ ਨੂੰ ਬੇਸਹਾਰਾ ਕੁੱਤਿਆਂ ਲਈ 5 ਏਕੜ ਦੇ ਰਕਬੇ ਹੇਠ ਨਿਯਮਾਂ ਤਹਿਤ ਸ਼ੈਲਟਰ ਬਣਾਉਣ ਲਈ ਯਤਨ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਮੀਟਿੰਗ ਵਿੱਚ ਹਾਜ਼ਰ ਸਮਾਜ ਸੇਵੀ ਸੱਜਣਾਂ ਵੱਲੋਂ ਗਊਧਨ ਦੇ ਗੋਬਰ ਤੋਂ ਵਰਤੋਂ ਯੋਗ ਸਮਾਨ ਬਣਨ ਬਾਰੇ ਵੀ ਵਿਚਾਰ ਸਾਂਝੇ ਕੀਤੇ ਤਾਂ ਜੋ ਗਊਸ਼ਾਲਾਵਾਂ ਦੀ ਆਮਦਨ ਵਧਾਉਣ ਵਿੱਚ ਯੋਗਦਾਨ ਮਿਲ ਸਕੇ। ਡਿਪਟੀ ਕਮਿਸ਼ਨਰ ਵੱਲੋਂ ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਨੂੰ ਹਦਾਇਤ ਕੀਤੀ ਕਿ ਕੈਟਲ ਪੌਂਡ ਕਿਸ਼ਨਪੁਰਾ ਕਲਾਂ ਵਿਖੇ ਗਊਧਨ ਲਈ ਹਰੇ ਚਾਰੇ ਨੂੰ ਪੈਦਾ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣ।
ਡਾਕਟਰ ਹਰਵੀਨ ਕੌਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਨੇ ਦੱਸਿਆ ਕਿ ਐਸ.ਪੀ.ਸੀ.ਏ ਦਾ ਦਫ਼ਤਰ ਕੈਟਲ ਪਾਊਂਡ ਕਿਸ਼ਨਪੁਰਾ ਕਲਾਂ ਵਿਖੇ ਬਣਾਉਣ ਬਾਰੇ ਐਮ.ਓ.ਯੂ. ਹੋ ਚੁੱਕਾ ਹੈ। ਉਨ੍ਹਾਂ ਐਸ.ਪੀ.ਸੀ.ਏ ਮੈਂਬਰਸ਼ਿਪ ਵਧਾਉਣ ਅਤੇ ਫ਼ੰਡ ਰੇਜਿੰਗ ਲਈ ਕੀਤੇ ਜਾ ਸਕਣ ਵਾਲੇ ਉਪਰਾਲਿਆਂ ਬਾਰੇ ਵਿਚਾਰ ਚਰਚਾ ਕੀਤੀ। ਕਮੇਟੀ ਦੀ ਮੀਟਿੰਗ ਵਿੱਚ ਸੰਸਥਾ ਦੇ ਪੁਰਾਣੇ ਬੰਦ ਅਕਾਊਂਟ ਨੂੰ ਨਵੇਂ ਬੈਂਕ ਅਕਾਊਂਟ ਵਿੱਚ ਤਬਦੀਲ ਕਰਨ ਦਾ ਵੀ ਮਤਾ ਪਾਸ ਹੋਇਆ। ਮੀਟਿੰਗ ਵਿੱਚ ਇਸ ਸੰਸਥਾ ਦੇ ਮੈਂਬਰ/ਵਲੰਟੀਅਰਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣ ਦੇ ਮੁੱਦੇ ਉੱਪਰ ਵੀ ਵਿਚਾਰ ਚਰਚਾ ਹੋਈ ਤਾਂ ਜੋ ਇਹ ਮੈਂਬਰ ਅਗਰ ਕੋਈ ਸ਼ਿਕਾਇਤ ਦਰਜ਼ ਕਰਵਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਕੋਲ ਜਾਵੇ ਤਾਂ ਉਸਦੀ ਰਿਪੋਰਟ ਪਹਿਲ ਦੇ ਅਧਾਰ ਉਤੇ ਦਰਜ ਕੀਤੀ ਜਾਵੇ।