ਮੋਗਾ, 1 ਮਾਰਚ ( ਲਿਕੇਸ਼ ਸ਼ਰਮਾਂ) -ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਵੱਲੋ ਅਕਸ਼ੈ ਤ੍ਰਿਤੀਆ ਤਿਉਹਾਰ ਮੌਕੇ ਕਰਵਾਏ ਜਾਂਦੇ ਬਾਲ ਵਿਆਹਾਂ ਉੱਪਰ ਨਜ਼ਰ ਰੱਖਣ, ਕਾਰਵਾਈ ਕਰਨ ਅਤੇ ਗੈਰ ਕਾਨੂੰਨਨ ਬਾਲ ਵਿਆਹ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਬੰਧਤ ਵਿਭਾਗਾਂ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਉਪ ਮੰਡਲ ਮੈਜਿਸਟ੍ਰੇਟ ਮੋਗਾ ਰਾਮ ਸਿੰਘ, ਉਪ ਮੰਡਲ ਮੈਜਿਸਟ੍ਰੇਟ ਧਰਮਕੋਟ ਚਾਰੂ ਮਿਤਾ, ਡੀ.ਐਸ.ਪੀ. ਹਰੀਸ਼ ਬਹਿਲ, ਸੀ.ਡੀ.ਪੀ.ਓ. ਪਰਮਜੀਤ ਕੌਰ, ਬਾਲ ਸੁਰੱਖਿਆ ਅਫ਼ਸਰ ਸੁਖਵੀਰ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਜਗਦੀਸ਼ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਨਿਸ਼ਾਨ ਸਿੰਘ, ਸਹਾਇਕ ਲੇਬਰ ਕਮਿਸ਼ਨਰ ਐਸ.ਐਸ. ਸਿੱਧ ਅਤੇ ਮੈਂਬਰ ਬਾਲ ਭਲਾਈ ਕਮੇਟੀ ਬਲਵਿੰਦਰ ਸਿੰਘ ਆਦਿ ਹਾਜਰ ਸਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਕਸ਼ੈ ਤ੍ਰਿਤੀਆ ਤਿਉਹਾਰ ਜਿਸਨੂੰ ਅੱਖਾ ਤੀਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਸਾਲ 22 ਅਪ੍ਰੈਲ, 2023 ਨੂੰ ਮਨਾਇਆ ਜਾ ਰਿਹਾ ਹੈ। ਅਜੋਕੇ ਸਮੇਂ ਦੌਰਾਨ ਭਾਵੇਂ ਲੋਕਾਂ ਵਿੱਚ ਬਾਲ ਵਿਆਹ ਪ੍ਰਤੀ ਬਹੁਤ ਜਾਗਰੂਕਤਾ ਫੈਲ ਚੁੱਕੀ ਹੈ ਪ੍ਰੰਤੂ ਕੁਝ ਜਾਤੀਆਂ ਅਤੇ ਧਰਮਾਂ ਵੱਲੋਂ ਇਸ ਦਿਨ ਆਪਣੇ ਬੱਚਿਆਂ ਦੇ ਬਾਲ ਵਿਆਹ ਕਰਨੇ ਸ਼ੁੱਭ ਮੰਨੇ ਜਾਂਦੇ ਹਨ।ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਜਾਰੀ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਕਿ ਬੱਚਿਆਂ ਦਾ ਬਾਲ ਵਿਆਹ ਨਾ ਕੀਤਾ ਜਾਵੇ। ਉਨ੍ਹਾਂ ਉਪ ਮੰਡਲ ਮੈਜਿਸਟ੍ਰੇਟਸ ਨੂੰ ਵੀ ਹਦਾਇਤ ਜਾਰੀ ਕੀਤੀ ਕਿ ਉਹ ਬਾਲ ਵਿਆਹਾਂ ਬਾਰੇ ਪ੍ਰਾਪਤ ਹੁੰਦੀਆਂ ਸ਼ਿਕਾਇਤਾਂ ਦਾ ਤੁਰੰਤ ਪ੍ਰਭਾਵ ਨਾਲ ਨਿਪਟਾਰਾ ਕਰਨ ਅਤੇ ਦੋਸ਼ੀਆਂ ਉੱਪਰ ਕਾਨੂੰਨਨ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿੱਚ ਪ੍ਰਿੰਸੀਪਲ ਜਾਂ ਹੈੱਡਮਾਸਟਰ ਨੂੰ ਬਿਨ੍ਹਾਂ ਤਲਾਅ ਦਿੱਤੇ ਗੈਰ ਹਾਜ਼ਰ ਰਹਿਣ ਵਾਲੇ ਬੱਚਿਆਂ ਦੀ ਲਿਸਟ ਤਿਆਰ ਕਰਵਾਉਣ ਤਾਂ ਕਿ ਇਸ ਲਿਸਟ ਵਿੱਚੋਂ ਬਾਲ ਵਿਆਹ ਦੇ ਰਿਸਕ ਵਾਲੇ ਬੱਚਿਆਂ ਨੂੰ ਪਛਾਣਿਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਦੇ ਵੀ ਧਿਆਨ ਵਿੱਚ ਅਜਿਹਾ ਕੇਸ ਆਉਂਦਾ ਹੈ ਤਾਂ ਤੁਰੰਤ ਬਾਰੇ ਜਾਣਕਾਰੀ ਸਬੰਧਤ ਉਪ ਮੰਡਲ ਮੈਜਿਸਟ੍ਰੇਟ/ਬਾਲ ਵਿਕਾਸ ਪ੍ਰੋਜੈਕਟ ਅਫਸਰ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਬਾਲ ਵਿਆਹ ਦੇ ਦੋਸ਼ੀਆਂ ਉੱਪਰ ਸਖਤ ਤੋਂ ਸਖਤ ਕਾਨੂੰਨਨ ਕਾਰਵਾਈ ਅਮਲ ਵਿੱਚ ਲਿਆਵੇਗਾ।