ਦੇਸ਼ ’ਚ ਆਉਣ ਵਾਲੇ ਸਾਲ 2024 ’ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਲਈ ਸਾਰੀਆਂ ਪਾਰਟੀਆਂ ਆਪਣੇ-ਆਪਣੇ ਪੱਧਰ ’ਤੇ ਚੋਣਾਂ ਦੀਆ ਤਿਆਰੀਆਂ ਵਿਚ ਜੁਟੀਆਂ ਹੋਈਆਂ ਹਨ। ਹੋਰ ਮਜ਼ਬੂਤੀ ਲਈ ਸਰਕਾਰ ਵਿਰੋਧੀ ਗਠਜੋੜ ਤਿਆਰ ਕਰਨ ਲਈ ਵੀ ਜੋਰ ਅਜਮਾਇਸ਼ ਹੋ ਰਹੀ ਹੈ। ਮੌਜੂਦਾ ਸਮੇਂ ਅੰਦਰ ਦੇਸ਼ ਦੀਆਂ ਰਾਸ਼ਟਰੀ ਪਾਰਟੀਆਂ ਲਈ ਖੇਤਰੀ ਪਾਰਟੀਆਂ ਨਾਲ ਦਠਜੋੜ ਕਰਨਾ ਵੱਡੀ ਮਜਬੂਰੀ ਬਣ ਗਿਆ ਹੈ। ਇੱਕ ਸਮਾਂ ਸੀ ਕਿ ਪੂਰੇ ਦੇਸ਼ ਵਿੱਚ ਕਾਂਗਰਸ ਆਪਣੇ ਪੱਧਰ ’ਤੇ ਚੋਣ ਲੜਦੀ ਸੀ ਅਤੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਦੀ ਰਹੀ ਹੈ। ਇਸ ਸਮੇਂ ਕਾਂਗਰਸ ਦੀ ਹਾਲਤ ਦੇਸ਼ ਭਰ ਵਿਚ ਬੇਹੱਦ ਮੰਦੀ ਹੋ ਚੁੱਕੀ ਹੈ। ਲਗਾਤਾਰ ਇਕ ਇਕ ਕਰਕੇ ਸੂਬੇ ਕਾਂਗਰਸ ਹਥੋਂ ਫਿਸਲਦੇ ਜਾ ਹੇ ਹਨ। ਇਸ ਮੌਕੇ ਭਾਜਪਾ ਨੂੰ ਦੇਸ਼ ਦੀ ਸਭ ਤੋਂ ਵੱਡੀ ਰਾਸ਼ਟਰੀ ਪਾਰਟੀ ਮੰਨਿਆ ਜਾਂਦਾ ਹੈ। ਇਸਦੇ ਬਾਵਜੂਦ ਵੀ ਕਾਂਗਰਸ ਹੋਵੇ ਚਾਹੇ ਭਾਜਪਾ ਦੋਵਾਂ ਨੂੰ ਹੀ ਦੇਸ਼ ਦੇ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਦੀ ਜਰੂਰਤ ਹੈ ਅਤੇ ਉਨ੍ਹਾਂ ਨਾਲ ਗਠਜੋੜ ਤੋਂ ਬਗੈਰ ਜਿੰਤ ਸੰਭਵ ਨਹੀਂ ਹੈ। ਕਾਂਗਰਸ ਗੀਆਂ ਹਮਖਿਆਲ ਪਾਰਟੀਆਂ ਦਾ ਯੂ ਪੀ ਏ ਗਠਦੋੜ ਹੈ ਅਤੇ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਦਾ ਨਾਮ ਐਨ ਡੀ ਏ ਹੈ। ਖੇਤਰੀ ਪਾਰਟੀਆਂ ਦੇ ਸਹਿਯੋਗ ਤੋਂ ਬਿਨਾਂ ਦੋਵੇਂ ਦਲ ਅਧੂਰੇ ਹਨ। ਕਿਸੇ ਸਮੇਂ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਸਭ ਖੇਤਰੀ ਪਾਰਟੀਆਂ ਅਤੇ ਰਾਸ਼ਟਰੀ ਪਾਰਟੀਆਂ ਮਿਲ ਕੇ ਗਠਦੋੜ ਬਣਾ ਕੇ ਮੈਦਾਨ ਵਿਚ ਉਤਰਦੀਆਂ ਸਨ ਅਤੇ ਹੁਣ ਉਹੀ ਢੰਗ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਵਰਤÇਆ ਜਾ ਰਿਹਾ ਹੈ। ਸਾਰੇ ਖੇਤਰੀ ਦਲ ਭਾਜਪਾ ਨੂੰ ਚੋਣ ਮੈਦਾਨ ’ਚੋਂ ਬਾਹਰ ਕਰਨ ਲਈ ਇਕਜੁੱਟ ਹੋ ਕੇ ਚੋਣਾਂ ਲੜਨਾ ਚਾਹੁੰਦੇ ਹਨ। ਪਰ ਦੇਸ਼ ’ਚ ਕਾਂਗਰਸ ਪਾਰਟੀ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਕੁਝ ਖੇਤਰੀ ਪਾਰਟੀਆਂ ਕਾਂਗਰਸ ਦੀ ਅਗਵਾਈ ਕਬੂਲ ਕਰਨ ਦੇ ਮੂਡ ’ਚ ਨਹੀਂ ਹਨ। ਹਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਮਹਾਗਠਜੋੜ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਚੋਣਾਂ ਤੋਂ ਪਹਿਲਾਂ ਪਹਿਲਾਂ ਹੀ ਟੁੱਟ ਜਾਂਦੀਆਂ ਹਨ। ਇਸ ਵਾਰ ਵੀ ਸਥਿਤੀ ਉਹੀ ਹੈ। ਭਾਵੇਂ ਦੇਸ਼ ਭਰ ਦੀਆਂ ਜ਼ਿਆਦਾਤਰ ਖੇਤਰੀ ਪਾਰਟੀਆਂ ਭਾਜਪਾ ਦੇ ਖਿਲਾਫ ਗਠਜੋੜ ਬਣਾਉਣ ਲਈ ਇੱਕਠੀਆਂ ਹੋਣ ਦਾ ਰਾਗ ਅਲਾਪ ਰਹੀਆਂ ਹਨ ਪਰ ਇਕਜੁੱਟ ਹੁੰਦੇ ਨਜ਼ਰ ਨਹੀਂ ਆ ਰਹੇ। ਹੁਣ ਤ੍ਰਿਪੁਰਾ, ਮੇਘਾਲਿਆ ਅਤੇ ਨਾਗਾਲੈਂਡ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਅਤੇ ਇਸ ਦੇ ਗਠਜੋੜ ਦੀ ਹਾਰ ਕਾਰਨ ਇਕ ਵੱਡੀ ਰੁਕਾਵਟ ਬਣ ਰਹੀ ਹੈ। ਉਥੇ ਜਿੰਨਾਂ ਨੇ ਚੋਣਾਂ ਮਿਲ ਕੇ ਲੜੀਆਂ ਸਨ, ਹਾਰ ਤੋਂ ਬਾਅਦ ਹੁਣ ਉਹੀ ਗਠਜੋੜ ਉਹ ਇੱਕ-ਦੂਜੇ ’ਤੇ ਹਾਰ ਦੇ ਦੋਸ਼ ਲਗਾ ਰਹੇ ਹਨ। ਅਜਿਹੇ ’ਚ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ’ਚ ਉਹ ਕਿਵੇਂ ਇਕੱਠੇ ਹੋ ਸਕਣਗੇ। ਵੈਸੇ ਵੀ ਪੱਛਮੀ ਬੰਗਾਲ ਦੀ ਵੱਡੀ ਖੇਤਰੀ ਪਾਰਟੀ ਤ੍ਰਿਣਮੂਲ ਕਾਂਗਰਸ ਦੀ ਨੇਤਾ ਮਮਤਾ ਬੈਨਰਜੀ ਸਿੱਧੇ ਤੌਰ ’ਤੇ ਕਾਂਗਰਸ ਦੀ ਅਗਵਾਈ ਤੋਂ ਇਨਕਾਰ ਕਰ ਚੁੱਕੀ ਹੈ। ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਅਤੇ ਕੇਸੀਐਫ ਆਪਣੇ ਤੌਰ ਤੇ ਕਾਂਗਰਸ ਮੁਕਤ ਗਠਜੋੜ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਇਹ ਮਹਾਗਠਜੋੜ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਲਈ ਸਿੱਧਾ ਵਰਦਾਨ ਸਾਬਤ ਹੋਵੇਗਾ। ਇਸ ਸਮੇਂ ਦੇਸ਼ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਮਹਿੰਗਾਈ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਹੈ, ਨੋਟਬੰਦੀ ਅਤੇ ਕਰੋਨਾ ਕਾਲ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ, ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਨਾਮ ਤੇ ਸਰਕਾਰ ਉਨ੍ਹਾਂ ਨੂੰ ਸੁਪਨਿਆਂ ਦੇ ਲਾਲੀਪਾਪ ਦੇ ਰਹੀ ਹੈ। ਅੰਦਰੋਂ ਹਰ ਕੋਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਪਰ ਇਹ ਉਦੋਂ ਹੀ ਸੰਭਵ ਹੋਵੇਗਾ ਜਦੋਂ ਸਮੁੱਚੀ ਵਿਰੋਧੀ ਧਿਰ ਇਕਜੁੱਟ ਹੋਵੇਗੀ। ਜੇਕਰ ਸਭ ਦੀ ਆਪਣੀ ਡਫਲੀ ਤੇ ਆਪਣਾ ਰਾਗ ਹੋਵੇਗਾ ਤਾਂ ਵੋਟ ਬੈਂਕ ਵੰਡਿਆ ਜਾਵੇਗਾ। ਜਿਸ ਨਾਲ ਭਾਜਪਾ ਦਾ ਸਾਹਮਣਾ ਕਰਨਾ ਨਾ ਮੁਮਕਿਨ ਹੋਵੇਗਾ ਅਤੇ ਭਾਜਪਾ ਨੂੰ ਮੁੜ ਸੱਤਾ ਵਿੱਚ ਆਉਣ ਤੋਂ ਕੋਈ ਰੋਕ ਨਹੀਂ ਸਕੇਗਾ। ਇਸ ਲਈ ਜੇਕਰ ਵਿਰੋਧੀ ਧਿਰ ਏਕਤਾ ਚਾਹੁੰਦੀ ਹੈ ਤਾਂ ਪਹਿਲਾਂ ਸਾਰਿਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖ ਕੇ ਦੇਸ਼ ਹਿਤ ਲਈ ਸੋਚਣਾ ਹੋਵੇਗਾ।
ਹਰਵਿੰਦਰ ਸਿੰਘ ਸੱਗੂ।