ਜਗਰਾਉਂ, 23 ਮਾਰਚ ( ਵਿਕਾਸ ਮਠਾੜੂ, ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਗਿਆ। ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਕਲਾਸਾਂ ਵਿਚ ਸਾਂਝਾ ਕੀਤਾ ਗਿਆ। ਉਹਨਾਂ ਦੀਆਂ ਭਰ ਜਵਾਨੀ ਵਿਚ ਪ੍ਰਾਪਤ ਕੀਤੀਆਂ ਸ਼ਹੀਦੀਆਂ ਦਾ ਅੱਜ ਅਸੀਂ ਅਜ਼ਾਦ ਮੁਲਕ ਵਿਚ ਨਿੱਘ ਮਾਣ ਰਹੇ ਹਾਂ। ਇਸ ਮੌਕੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਅਜਿਹੇ ਸੂਰਮਿਆਂ ਦੀ ਸ਼ਹਾਦਤ ਨੂੰ ਅੱਜ ਦੀ ਪੀੜੀ ਨਾਲ ਸਾਂਝਾ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਉਹ ਆਪਣੇ ਹੱਕਾਂ ਲਈ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚਲ ਕੇ ਆਪਣੀ ਪਹਿਚਾਣ ਬਣਾ ਸਕਣ। ਅਸੀਂ ਜਿਸ ਦੇਸ਼ ਦੇ ਵਾਸੀ ਹਾਂ ਉੱਥੇ ਸ਼ਹੀਦ ਭਗਤ ਸਿੰਘ ਵਰਗੇ ਅਨੇਕਾਂ ਨੌਜਵਾਨਾਂ ਦੇ ਜ਼ੁਲਮ ਦੇ ਵਿਰੁੱਧ ਟਾਕਰਾ ਕਰਦੇ ਹੋਏ ਛੋਟੀ ਉਮਰੇ ਹੀ ਸ਼ਹਾਦਤਾਂ ਦਾ ਜਾਮ ਪੀਤਾ ਹੈ। ਸਾਡਾ ਇਹਨਾਂ ਦਿਹਾੜਿਆਂ ਤੇ ਬੱਚਿਆਂ ਨੂੰ ਜਾਣਕਾਰੀ ਦੇਣਾ ਫਰਜ਼ ਬਣਦਾ ਹੈ ਕਿਉਂਕਿ ਨੌਜਵਾਨ ਪੀੜੀ ਆਪਣਾ ਰੁੱਖ ਕਿਸੇ ਹੋਰ ਪਾਸੇ ਨਾ ਮੋੜ ਲਵੇ ਸਗੋਂ ਇਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜ਼ਜ਼ਬਾ ਲੈ ਕੇ ਆਪਣੀ ਕੌਮ ਲਈ ਅਜਿਹਾ ਯੋਗਦਾਨ ਪਾਉਣ ਜਿਸਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਵੇ। ਇਸ ਮੌਕੇ ਬੱਚਿਆਂ ਨੇ ਸੱਚ ਦੇ ਮਾਰਗ ਤੇ ਚੱਲਣ ਦਾ ਪ੍ਰਣ ਕਰਦਿਆਂ ਕਿਹਾ ਕਿ ਅਸੀਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਾਂਗੇ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਵੱਲੋਂ ਵੀ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਗਿਆ।