ਲੁਧਿਆਣਾ, 26 ਮਾਰਚ ( ਮੋਹਿਤ ਜੈਨ ) – ਵਿਧਾਨ ਸਭਾ ਹਲਕਾ ਆਤਮ ਨਗਰ ਅਧੀਨ ਦੁੱਗਰੀ ਫੇਸ-1 ਦੇ ਐਮ.ਜੀ.ਐਮ. ਸਕੂਲ ਵਿਖੇ 6ਵੇਂ ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਹੋਇਆ ਜਿੱਥੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।ਵਿਧਾਇਕ ਸਿੱਧੂ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਪ੍ਰੇਰਣਾ ਦਾ ਨੌਜਵਾਨਾਂ ‘ਤੇ ਅਸਰ ਸਾਫ ਦੇਖਣ ਨੂੰ ਨਜ਼ਰ ਆ ਰਿਹਾ ਹੈ। ਇਨ੍ਹਾਂ ਖੇਡਾਂ ਦੌਰਾਨ ਜਿੱਥੇ ਨੌਜਵਾਨਾਂ ਵੱਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ ਸੀ ਉੱਥੇ ਹੀ ਆਪਣੇ ਪੱਧਰ ‘ਤੇ ਵੀ ਵੱਖ-ਵੱਖ ਟੂਰਨਾਮੈਂਟ ਕਰਵਾਏ ਜਾ ਰਹੇ ਹਨ।ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਅਗਵਾਈ ਹੇਠ ਪੰਜਾਬੀ ਨੌਜਵਾਨਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ ਜੋ ਕਿ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੋਵੇਗੀ ਅਤੇ ਉਹ ਆਪਣੇ ਪਰਿਵਾਰ ਦਾ ਸਹਾਰਾ ਬਣ ਸਕਣਗੇ।