“ਲੀਡ ਬੈਂਕ ਵੱਲੋਂ ਸਲਾਨਾ ਕਰਜਾ ਯੋਜਨਾ 2023—24 ਵੀ ਕੀਤੀ ਗਈ ਜਾਰੀ”
ਫਾਜਿ਼ਲਕਾ, 27 ਮਾਰਚ (ਲਿਕੇਸ਼ ਸ਼ਰਮਾ) : ਫਾਜਿ਼ਲਕਾ ਜਿ਼ਲ੍ਹੇ ਦੇ ਬੈਂਕਾਂ ਦੇ ਕੰਮਕਾਜ ਦੀ ਤਿਮਾਹੀ ਸਮੀਖਿਆ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਹੋਈ।ਬੈਠਕ ਵਿਚ ਭਾਰਤੀ ਰਿਜਰਵ ਬੈਂਕ ਦੇ ਏਜੀਐਮ ਵਿਨੋਦ ਕੁਮਾਰ, ਨਾਬਾਰਡ ਦੇ ਡੀਡੀਐਮ ਅਸ਼ਵਨੀ ਕੁਮਾਰ ਅਤੇ ਐਲਡੀਐਮ ਮਨੀਸ਼ ਕੁਮਾਰ ਹਾਜਰ ਸਨ।ਬੈਠਕ ਦੌਰਾਨ ਨਾਬਾਰਡ ਵੱਲੋਂ ਸਾਲ 2023—24 ਲਈ ਤਿਆਰ ਕੀਤੀ ਗਈ ਜਿ਼ਲ੍ਹਾ ਫਾਜਿ਼ਲਕਾ ਦੀ ਸੰਭਾਵਿਤ ਕਰਜਾ ਯੋਜਨਾ ਜਾਰੀ ਕੀਤੀ ਗਈ। ਇਹ ਯੋਜਨਾ 7687.16 ਕਰੋੜ ਰੁਪਏ ਦੀ ਤਿਆਰ ਕੀਤੀ ਗਈ ਹੈ ਜਿਸ ਵਿਚ ਖੇਤੀਬਾੜੀ ਸੈਕਟਰ ਲਈ 5811 ਅਤੇ ਐਮਐਸਐਮਈ ਸੈਕਟਰ ਲਈ 1042 ਕਰੋੜ ਰੁਪਏ ਦੀ ਕਰਜਾ ਯੋਜਨਾ ਸ਼ਾਮਿਲ ਹੈ।ਇਹ ਪਿੱਛਲੇ ਸਾਲ ਨਾਲੋਂ 4 ਫੀਸਦੀ ਜਿਆਦਾ ਹੈ।ਇਸ ਤੋਂ ਬਿਨ੍ਹਾਂ ਲੀਡ ਬੈਂਕ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਦੀ ਸਲਾਨਾ ਕਰਜਾ ਯੋਜਨਾ 2023—24 ਵੀ ਜਾਰੀ ਕੀਤੀ ਗਈ ਜ਼ੋ ਕਿ 5543.36 ਕਰੋੜ ਰੁਪਏ ਦੀ ਬਣਾਈ ਗਈ ਹੈ। ਇਹ ਪਿੱਛਲੇ ਸਾਲ ਨਾਲ 4 ਫੀਸਦੀ ਜਿਆਦਾ ਹੈ।ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਹਦਾਇਤ ਕੀਤੀ ਕਿ ਸਾਰੀਆਂ ਬੈਂਕਾਂ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਕਰਨੀ ਯਕੀਨੀ ਬਣਾਉਣ ਅਤੇ ਖੇਤੀ, ਔਰਤਾਂ ਅਤੇ ਪਿੱਛੜੇ ਵਰਗਾਂ ਨੂੰ ਜਿਆਦਾ ਤੋਂ ਜਿਆਦਾ ਵਿੱਤ ਮੁਹਈਆ ਕਰਵਾਇਆ ਜਾਵੇ।
ਭਾਰਤੀ ਰਿਜਰਵ ਬੈਂਕ ਦੇ ਏਜੀਐਮ ਵਿਨੋਦ ਕੁਮਾਰ ਨੇ ਢਿੱਲੀ ਕਾਰਗੁਜਾਰੀ ਵਾਲੀਆਂ ਬੈਂਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜ਼ੇਕਰ ਬੈਂਕਾਂ ਪ੍ਰਥਾਮਿਕ ਸੈਕਟਰ ਨੂੰ ਵਿੱਤ ਮੁਹਈਆ ਨਹੀਂ ਕਰਵਾਉਣਗੀਆਂ ਤਾਂ ਆਰਬੀਆਈ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਜ਼ੇਕਰ ਕੋਈ ਬੈਂਕ ਬਿਨ੍ਹਾਂ ਕਿਸੇ ਕਾਰਨ ਤੋਂ ਯੋਗ ਕੇਸ ਵਿਚ ਲੋਕਾਂ ਨੂੰ ਲੋਨ ਦੇਣ ਵਿਚ ਪ੍ਰੇਸ਼ਾਨੀ ਪੈਦਾ ਕਰੇ ਤੇ ਚੱਕਰ ਲਗਵਾਏ ਤਾਂ ਅਜਿਹੇ ਲੋਕ ਆਰਬੀਆਈ ਕੋਲ ਸਿ਼ਕਾਇਤ ਕਰ ਸਕਦੇ ਹਨ।
