ਕੌਂਸਲ ਪ੍ਰਧਾਨ ਨੇ ਕਿਹਾ ਕਿ ਮਹਿਲਾ ਕੌਂਸਲਰਾਂ ਦੇ ਪਰਿਵਾਰ ਕਰ ਰਹੇ ਨੇ ਰਾਜਨੀਤੀ, ਮਹਿਲਾ ਕੌਂਸਲਰਾਂ ਨੇ ਕਿਹਾ ਗਲਤ
ਜਗਰਾਉਂ, 13 ਦਸੰਬਰ ( ਭਗਵਾਨ ਭੰਗੂ, ਮੋਹਿਤ ਜੈਨ )-ਸ਼ਹਿਰ ਦੇ 15 ਕੌਂਸਲਰਾਂ ਨੇ ਨਗਰ ਕੌਂਸਲ ਵਿੱਚ ਮੌਜੂਦਾ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਅਹੁਦੇ ਤੋਂ ਹਟਾਉਣ ਲਈ ਬੇਭਰੋਸਗੀ ਮਤਾ ਪੇਸ਼ ਕਰਕੇ ਇਸ ਮਾਮਲੇ ਵਿੱਚ ਈਓ ਮਨੋਹਰ ਸਿੰਘ ਨੂੰ ਮੀਟਿੰਗ ਸੱਦਣ ਦੀ ਅਪੀਲ ਕੀਤੀ ਸੀ। ਪਰ 9 ਦਿਨ ਬੀਤ ਜਾਣ ਤੋਂ ਬਾਅਦ ਵੀ ਮੀਟਿੰਗ ਬੁਲਾਉਣ ਲਈ ਕੋਈ ਹਿਲਜੁਲ ਤਾਂ ਨਹੀਂ ਹੋਈ। ਪਰ ਪ੍ਰਧਾਨ ਰਾਣਾ ਨੇ ਉਨ੍ਹਾਂ 15 ਕੌਂਸਲਰਾਂ ਖ਼ਿਲਾਫ਼ ਮੋਰਚਾ ਖੋਲ੍ਹਦਿਆਂ 5 ਦਸੰਬਰ ਨੂੰ 15 ਕੌਂਸਲਰਾਂ ਨੇ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤੇ ’ਤੇ ਦਸਤਖ਼ਤ ਕਰਕੇ ਈਓ ਮਨੋਹਰ ਸਿੰਘ ਨੂੰ ਸੌਂਪਣ ਵਾਲੇ ਕੌਂਸਲਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਗਰ ਕੌਂਸਲ ਦੇ ਈਓ ਮਨੋਹਰ ਸਿੰਘ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਹੈ ਕਿ 15 ਕੌਂਸਲਰਾਂ ਵਿੱਚੋਂ ਕਿੰਨੇ ਕੌਂਸਲਰ ਬੇ ਭਰੋਸਗੀ ਮਤਾ ਦੇਣ ਲਈ ਖੁਦ ਹਾਜ਼ਰ ਸਨ ਅਤੇ ਕਿੰਨੇ ਕੌਂਸਲਰਾਂ ਦੇ ਰਿਸ਼ਤੇਦਾਰ ਪਹੁੰਚੇ ਸਨ। ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਕੋਈ ਵੀ ਚੁਣੀ ਹੋਈ ਮਹਿਲਾ ਦਾ ਕੰਮ ਉਸਦੇ ਰਿਸ਼ਤੇਦਾਰ ਨਹੀਂ ਕਰ ਸਕਦੇ ਅਏਤੇ ਨਾ ਹੀ ਉਸਦੇ ਕੰਮਾਂ ਵਿਚ ਦਖਲਅੰਦਾਜੀ ਕਰ ਸਕਦੇ ਹਨ। ਪਰ ਬੇ ਭਰੋਸਗੀ ਲਈ ਪੱਤਰ ਸੌਂਪਣ ਸਮੇਂ ਮਹਿਲਾ ਕੌਂਸਲਰਾਂ ਦੇ ਪਤੀ, ਸਹੁਰੇ ਅਤੇ ਪੁੱਤਰ ਸ਼ਾਮਲ ਸਨ ਨਾ ਕਿ ਖੁਦ ਮਹਿਲਾ ਕੌਂਸਲਰ। ਇਸ ਲਈ ਉਨ੍ਹਾਂ ਖਿਲਾਫ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਮਹਿਲਾ ਕੌਂਸਲਰਾਂ ਦੇ ਅਹੁਦੇ ਦਾ ਦੁਰਉਪਯੋਗ ਕਰਪਨ ਦੇ ਦੋਸ਼ ਵਿਚ ਬਣਦੀ ਕਾਰਵਾਈ ਕੀਤੀ ਜਾਵੇ।
ਬੇਭਰੋਸਗੀ ਮਤੇ ’ਤੇ ਦਸਤਖਤ ਕਰਨ ਵਾਲੀਆਂ ਮਹਿਲਾ ਕੌਂਸਲਰ ਆਈਆਂ ਸਾਹਮਣੇ-ਜਦੋਂ ਪ੍ਰਧਾਨ ਰਾਣਾ ਨੇ ਈਓ ਮਨੋਹਰ ਸਿੰਘ ਨੂੰ ਇਹ ਸਵਾਲ ਪੁੱਛਿਆ ਤਾਂ ਮੰਗਲਵਾਰ ਨੂੰ ਸਾਰੀਆਂ ਮਹਿਲਾ ਕੌਂਸਲਰਾਂ ਨੇ ਨਗਰ ਕੌਂਸਲ ਦਫਤਰ ਪਹੁੰਚ ਕੇ ਕਿਹਾ ਕਿ ਬੇਭਰੋਸਗੀ ਮਤੇ ’ਤੇ ਉਨ੍ਹਾਂ ਦੇ ਦਸਤਖਤ ਹੋਣ ਦੀ ਗੱਲ ਕਹੀ ਅਤੇ ਕਿਹਾ ਕਿ ਉਹ ਬਤੌਰ ਕੌਂਸਲਰ ਆਪਣਾ ਸਾਰਾ ਕੰਮ ਆਪ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤੇ ਦੇ 9 ਦਿਨ ਬਾਅਦ ਵੀ ਕੌਂਸਲ ਪ੍ਰਧਾਨ ਰਾਣਾ ਨੇ ਮੀਟਿੰਗ ਨਹੀਂ ਬੁਲਾਈ, ਜਿਸਦਾ ਉਨ੍ਹਾਂ ਈਓ ਤੋਂ ਜਵਾਬ ਮੰਗਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮਹਿਲਾ ਕੌਂਸਲਰ ਸੁਧਾ ਰਾਣੀ, ਅਨੀਤਾ ਸੱਭਰਵਾਲ, ਪਰਮਿੰਦਰ ਕੌਰ ਕਲਿਆਣ, ਕਰਮਜੀਤ ਕੌਰ, ਸੁਖਦੇਵ ਕੌਰ ਧਾਲੀਵਾਲ ਨੇ ਕਿਹਾ ਕਿ 5 ਦਸੰਬਰ ਨੂੰ ਅਸੀਂ ਸਾਰੀਆਂ ਮਹਿਲਾ ਕੌਂਸਲਰਾਂ ਸਮੇਤ ਹੋਰ ਕੌਂਸਲਰਾਂ ਨਾਲ ਮਿਲ ਕੇ ਕੌਂਸਲ ਪ੍ਰਧਾਨ ਰਾਣਾ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨ ਲਈ ਪਹੁੰਚੇ ਸਨ। ਨਗਰ ਕੌਂਸਲ ਦੇ ਈਓ ਮਨੋਹਰ ਸਿੰਘ ਦੇ ਦਫ਼ਤਰ ਮੌਜੂਦ ਨਾ ਹੋਣ ਕਰਕੇ ਕੁਝ ਸਮਾਂ ਉਡੀਕ ਕਰਨ ਤੋਂ ਬਾਅਦ ਉਹ ਵਾਪਸ ਆਪਣੇ ਘਰ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਕੌਂਸਲ ਪ੍ਰਧਾਨ ਰਾਣਾ ਵੱਲੋਂ ਉਨ੍ਹਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜ ਨਹੀਂ ਕਰਵਾਏ ਜਾ ਰਹੇ। ਵਾਰਡਾਂ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਨ ਵਾਰਡ ਵਾਸੀ ਉਨ੍ਹਾਂ ਨੂੰ ਸਵਾਲ ਕਰਦੇ ਹਨ। ਜਦੋਂ ਉਹ ਆਪਣੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਸਬੰਧੀ ਕੌਂਸਲ ਪ੍ਰਧਾਨ ਰਾਣਾ ਨਾਲ ਗੱਲ ਕਰਦੇ ਹਨ ਤਾਂ ਕੌਂਸਲ ਪ੍ਰਧਾਨ ਉੱਥੋਂ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਕੋਈ ਵਾਜਬ ਜਵਾਬ ਨਹੀਂ ਦਿੰਦੇ। ਜਿਸ ਕਾਰਨ 15 ਕੌਂਸਲਰ ਪ੍ਰਧਾਨ ਰਾਣਾ ਖ਼ਿਲਾਫ਼ ਬੇਭਰੋਸਗੀ ਮਤਾ ਈਓ ਮਨੋਹਰ ਸਿੰਘ ਨੂੰ ਦੇਣ ਲਈ ਮਜਬੂਰ ਹੋ ਗਏ ਹਨ।ਉਨ੍ਹਾਂ ਕਿਹਾ ਕਿ ਬੇ ਭਰੋਸਗੀ ਮਤੇ ਤੇ ਜੇਕਰ ਪ੍ਰਧਾਨ ਰਾਣਾ ਚਾਹੁਣ ਤਾਂ ਉਨ੍ਹਾਂ ਦੇ ਹਸਤਾਖਰਾਂ ਦੀ ਤਸਦੀਕ ਕਰਵਾ ਸਕਦੇ ਹਨ।
ਕੀ ਕਹਿਣਾ ਹੈ ਈ.ਓ ਮਨੋਹਰ ਸਿੰਘ ਦਾ- ਇਸ ਸਬੰਧੀ ਈ.ਓ ਮਨੋਹਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੇਭਰੋਸਗੀ ਮਤਾ ਦੇਣ ਵਾਲੀ ਮਹਿਲਾ ਕੌਂਸਲਰਾਂ ਅਤੇ ਬਾਕੀ ਕੌਂਸਲਰਾਂ ਨੇ 9 ਦਿਨ ਬੀਤ ਜਾਣ ਦੇ ਬਾਵਜੂਦ ਮੀਟਿੰਗ ਨਾ ਬੁਲਾਉਣ ਦੀ ਗੱਲ ਕਹੀ। ਉੁਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਚਾਰ-ਪੰਜ ਦਿਨ ਦਾ ਸਮਾਂ ਹੈ। ਮਹਿਲਾ ਕੌਂਸਲਰਾਂ ਦੇ ਪਤੀ, ਸਹੁਰਾ, ਪੁੱਤਰ ਅਤੇ ਹੋਰ ਕੌਂਸਲਰਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਬੇਭਰੋਸਗੀ ਮਤੇ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਕੋਈ ਵੀ ਬੇਭਰੋਸਗੀ ਮਤਾ ਦੇਣ ਲਈ ਆ ਸਕਦਾ ਹੈ।
ਕੀ ਕਿਹਾ ਪ੍ਰਧਾਨ ਰਾਣਾ – ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਖਿਲਾਫ 15 ਕੌਂਸਲਰਾਂ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਸੀ ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਬੇਭਰੋਸਗੀ ਮਤਾ ਈ.ਓ. ਮਨੋਹਰ ਸਿੰਘ ਨੂੰ 15 ਕੌਂਸਲਰਾਂ ਵੱਲੋਂ ਦਿਤਾ ਗਿਆ ਹੈ। ਜਦੋਂ ਕਿ ਉਸ ਸਮੇਂ ਕੁਝ ਮੌਜੂਦਾ ਕੌਂਸਲਰਾਂ ਤੋਂ ਇਲਾਵਾ ਮਹਿਲਾ ਕੌਂਸਲਰਾਂ ਦੇ ਪਤੀ, ਸਹੁਰਾ ਅਤੇ ਪੁੱਤਰ ਮੌਜੂਦ ਸਨ ਨਾ ਕਿ ਖੁਦ ਮਹਿਲਾ ਕੌਂਸਲਰ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਚੁਣੀ ਹੋਈ ਮਹਿਲਾ ਦਾ ਕੋਈ ਵੀ ਪਰਿਵਾਰਕ ਮੈਂਬਰ ਉਨ੍ਹਾਂ ਦੀ ਥਾਂ ਤੇ ਕੰਮ ਨਹੀਂ ਕਰ ਸਕਦਾ ਅਤੇ ਨਾ ਹੀ ਉਨ੍ਹਾਂ ਦੇ ਅਹੁਦੇ ਦੀ ਦੁਰਵਰਤੋਂ ਕਰ ਸਕਦਾ ਹੈ। ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਉਨ੍ਹਾਂ ਨੇ ਈਓ ਮਨੋਹਰ ਸਿੰਘ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ।