ਕੋਟਕਪੂਰਾ (ਰਾਜਨ ਜੈਨ-ਰੋਹਿਤ ਗੋਇਲ ) ਸਥਾਨਕ ਜਲਾਲੇਆਣਾ ਰੋਡ ਦੇਸ਼ਰਾਜ ਬਸਤੀ ਦੇ ਵਾਸੀਆਂ ਵੱਲੋਂ ਲੱਗ ਰਹੀ ਕੂੜਾ ਕਰਕਟ ਦੀ ਫੈਕਟਰੀ ਖ਼ਿਲਾਫ਼ ਮੋਰਚਾ ਖੋਲ ਦਿੱਤਾ ਹੈ। ਇਸ ਦੌਰਾਨ ਜਿੱਥੇ ਫੈਕਟਰੀ ਲਾਉਣ ਤੋਂ ਭੜਕੇ ਨਗਰ ਵਾਸੀਆਂ ਨੇ ਜਬਰਦਸਤ ਨਾਅਰੇਬਾਜੀ ਕੀਤੀ। ਉਥੇ ਹੀ ਘਰਾਂ ਦੇ ਅੰਦਰ ਫੈਕਟਰੀ ਕਾਰਨ ਜਹਿਰੀਲੇ ਕੀੜੇ ਪਤੰਗੇ ਦਾਖ਼ਲ ਹੋਣ ਦਾ ਖ਼ਦਸ਼ਾ ਵੀ ਪ੍ਰਗਟ ਕੀਤਾ। ਨਗਰ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਵਲੋਂ ਜ਼ੋਰਦਾਰ ਸੰਘਰਸ਼ ਵੀ ਵਿੱਿਢਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰਰੀਤ ਸਿੰਘ, ਗਗਨਦੀਪ ਸਿੰਘ, ਹਰਮਿੰਦਰ ਸਿੰਘ, ਰਿੰਕੂ ਸਿੰਘ, ਵਿਜੇ ਕੁਮਾਰ, ਬਿੰਦਰ ਕੁਮਾਰ, ਵਿਨੋਦ ਕੁਮਾਰ, ਬੂਟਾ ਸਿੰਘ, ਸ਼ੰਭੂ ਕੁਮਾਰ, ਸਤੀਸ਼ ਕੁਮਾਰ, ਕਮਲੇਸ਼ ਰਾਣੀ, ਰਾਧਾ ਰਾਣੀ, ਚਰਨਜੀਤ ਕੌਰ, ਕਾਲਾ ਸਿੰਘ, ਰਾਜ ਕੁਮਾਰ ਆਦਿ ਨੇ ਦੱਸਿਆ ਕਿ ਇਸ ਨਗਰ ਦੀ ਸੰਘਣੀ ਆਬਾਦੀ ‘ਚ ਕੂੜਾ ਕਰਕਟ ਤੇ ਹੋਰ ਬੇਕਾਰ ਸਮਾਨ ਨੂੰ ਭਿਗਲਾਅ ਕੇ ਸਮਾਨ ਤਿਆਰ ਕਰਨ ਵਾਲੀ ਫੈਕਟਰੀ ਲਗਾਈ ਜਾ ਰਹੀ ਹੈ, ਜਿਸ ਨਾਂਲ ਸਾਡੇ ਘਰਾਂ ‘ਚ ਜ਼ਹਿਰੀਲੇ ਕੀੜੇ ਪਤੰਗੇ ਘਰਾਂ ‘ਚ ਦਾਖਲ ਹੋਣਗੇ। ਉਨ੍ਹਾਂ ਕਿਹਾ ਕਿ ਕੂੜੇ ਕਰਕਟ ਦੇ ਪ੍ਰਦੂਸ਼ਣ ਕਾਰਨ ਗੰਦੀ ਬਦਬੋ ਆਉਣ ਨਾਲ ਸਾਡੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਾਦਸ਼ਾ ਹੈ। ਉਨ੍ਹਾਂ ਕਿਹਾ ਪਹਿਲਾ ਵੀ ਇਸ ਨਗਰ ‘ਚ ਦੋ ਫੈਕਟਰੀਆਂ ਚੱਲ ਰਹੀਆਂ ਹਨ, ਜਿਸ ਕਾਰਨ ਊਨ੍ਹਾਂ ਨੂੰ ਪਹਿਲਾਂ ਤੋਂ ਹੀ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਪੈ ਰਿਹਾ ਹੈ। ਉਨ੍ਹਾਂ ਕਿਹਾ ਕੁਝ ਸਮਾਂ ਪਹਿਲਾਂ ਇਸ ਨਗਰ ਦੇ ਬੱਚੇ ਨੂੰ ਵੱਡੀਆਂ ਤਾਰਾਂ ਤੋਂ ਕਰੰਟ ਲੱਗ ਗਿਆ ਸੀ ਤੇ ਇਨ੍ਹਾਂ ਫੈਕਟਰੀਆਂ ਦੀ ਵਧੇਰੇ ਅਵਾਜ ਕਾਰਨ ਕਿਸੇ ਵੀ ਵਿਅਕਤੀ ਨੂੰ ਕਾਫ਼ੀ ਸਮਾਂ ਬੱਚੇ ਨੂੰ ਕਰੰਟ ਲੱਗਣ ਪਤਾ ਨਹੀ ਲੱਗਿਆ, ਜਿਸ ਕਾਰਨ ਜ਼ਿਆਦਾ ਕਰੰਟ ਲੱਗਣ ਨਾਲ ਬੱਚਾ ਅਪਾਹਜ ਹੋ ਗਿਆ ਹੈ। ਉਨ੍ਹਾਂ ਕਿਹਾ ਕੂੜਾ ਕਰਕਟ ਦੀ ਫੈਕਟਰੀ ਦੀ ਉਸਾਰੀ ਨੂੰ ਬੰਦ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ, ਪ੍ਰਦੂਸ਼ਣ ਕੰਟਰੋਲ ਬੋਰਡ, ਡਿਪਟੀ ਕਮਿਸ਼ਨ ਫ਼ਰੀਦਕੋਟ, ਸਪੀਕਰ ਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਇਲਾਕਾ ਵਾਸੀਆਂ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ।
