Home Political ਦੂਜੇ ਦਿਨ ਵੀ ਸਪੀਕਰ ਸੰਧਵਾਂ ਵੱਲੋਂ ਪਿੰਡ ਪਿੰਡ ਪੁੱਜਕੇ ਨਸ਼ਾ ਪੀੜਤ ਨੌਜਵਾਨਾਂ...

ਦੂਜੇ ਦਿਨ ਵੀ ਸਪੀਕਰ ਸੰਧਵਾਂ ਵੱਲੋਂ ਪਿੰਡ ਪਿੰਡ ਪੁੱਜਕੇ ਨਸ਼ਾ ਪੀੜਤ ਨੌਜਵਾਨਾਂ ਨੂੰ ਸਿੱਧੇ ਰਸਤੇ ਆਉਣ ਦਾ ਸੱਦਾ

51
0


ਕੋਟਕਪੂਰਾ, 3 ਸਤੰਬਰ (ਰਾਜੇਸ਼ ਜੈਨ – ਰਾਜ਼ਨ ਜੈਨ) :- ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ‘ਨਸ਼ੇ ਭਜਾਈਏ-ਜਵਾਨੀ ਬਚਾਈਏ’ ਮੁਹਿੰਮ ਦੇ ਦੂਜੇ ਦਿਨ ਨੋਜਵਾਨਾਂ ਨੂੰ ਜਾਗਰੂਕ ਕਰਨ ਲਈ ਹਲਕੇ ਦੇ ਪਿੰਡਾਂ ਸਿੱਖਾਂ ਵਾਲਾ, ਚਮੇਲੀ, ਨੰਗਲ, ਪਿੰਡ ਨੱਥੇ ਵਾਲਾ ਪੁਰਾਣਾ, ਨੱਥੇ ਵਾਲਾ ਨਵਾਂ, ਬੀੜ ਸਿੱਖਾਂ ਵਾਲਾ, ਦੇਵੀ ਵਾਲਾ, ਸਿਰਸਿੜੀ, ਆਦਿ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕਰਕੇ ਨੌਜਵਾਨਾਂ ਨੂੰ ਜਾਗਰੂਕ ਕੀਤਾ।ਸੰਧਵਾਂ ਦੇ ਵਿਚਾਰ ਸੁਣਨ ਲਈ ਲਗਭਗ ਹਰ ਪਿੰਡ ਵਿੱਚ ਹੀ ਭਾਰੀ ਗਿਣਤੀ ਵਿੱਚ ਮਰਦ-ਔਰਤਾਂ, ਨੋਜਵਾਨਾਂ ਅਤੇ ਬੱਚਿਆਂ ਨੇ ਅੱਜ ਦੂਜੇ ਦਿਨ ਭਰਵੀਂ ਸ਼ਮੂਲੀਅਤ ਕੀਤੀ।ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਸਰਕਾਰ ਕਿਸੇ ਵੀ ਹਾਲਤ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਖਰੀਦ ਕਰਨ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦੇਵੇਗੀ। ਉਨ੍ਹਾਂ ਰੋਂਦੀਆਂ ਕੁਰਲਾਉਂਦੀਆਂ ਮਾਂਵਾਂ ਭੈਣਾਂ ਨੂੰ ਹੋਸਲਾ ਦਿੱਤਾ ਤੇ ਵਿਸ਼ਵਾਸ ਦਿਵਾਇਆ ਕਿ ਹੁਣ ਨਸ਼ੇ ਕਾਰਨ ਕਿਸੇ ਵੀ ਘਰ ਵਿੱਚ ਸੱਥਰ ਨਹੀ ਵਿਛੇਗਾ। ਇਸ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਹਰ ਹੀਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਚਨਬੱਧ ਹੈ। ਰਵਾਇਤੀ ਪਾਰਟੀਆਂ ਦੀਆ ਅਣਗਹਿਲੀਆਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ 75 ਸਾਲਾਂ ਦੇ ਉਲਝਾਏ ਗਏ ਸਿਸਟਮ ਨੂੰ ਸੁਲਝਾਉਣ ਵਿਚ ਸਮਾਂ ਜ਼ਰੂਰ ਲੱਗੇਗਾ। ਉਨ੍ਹਾਂ ਕਿਹਾ ਕਿ ਨਸ਼ੇ ਦੀ ਗਿਰਫ਼ਤ ਵਿਚ ਆਏ ਨੌਂਜਵਾਨਾਂ ਦਾ ਇਲਾਜ ਕਰਵਾ ਕੇ, ਉਹਨਾਂ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਲਈ ਹੀ ਨਸ਼ੇ ਭਜਾਈਏ – ਜਵਾਨੀ ਬਚਾਈਏ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਰੱਗ ਦੀ ਸਪਲਾਈ ਅਤੇ ਮੰਗ ਦੀ ਚੇਨ ਨੂੰ ਤੋੜਨ ਲਈ ਡਰੱਗ ਤਸਕਰਾਂ ‘ਤੇ ਸਖਤ ਸ਼ਿਕੰਜਾ ਕਸਿਆ ਜਾ ਰਿਹਾ ਹੈ। ਵੱਡੇ ਮਗਰਮੱਛਾਂ ਨੂੰ ਨੱਥ ਪਾਉਣ ਲਈ ਡਰੱਗ ਤਸਕਰੀ ਵਿਚ ਸ਼ਾਮਿਲ ਦੋਸ਼ੀਆਂ ਦੀ ਸੰਪਤੀ ਨੂੰ ਅਟੈਚ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ।ਇਸ ਦੌਰਾਨ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਲੋਕ ਗਾਇਕ ਹਰਿੰਦਰ ਸੰਧੂ ਨੇ ਸਮਾਜ ਸੁਧਾਰਕ ਗਾਇਕੀ ਰਾਹੀਂ ਹਾਜ਼ਰੀ ਲਵਾਈ।ਪਿੰਡ ਪਿੰਡ ਜਾ ਕੇ ਮਾਹਰਾਂ ਵਲੋਂ ਵੀ ਲੋਕਾਂ ਨੂੰ ਇਸ ਸਬੰਧੀ ਸੁਚੇਤ ਕੀਤਾ ਗਿਆ ਅਤੇ ਪਿੰਡ ਡੋਡ ਵਾਸੀ ਜਗਰੂਪ ਸਿੰਘ ਤੇ ਉਸ ਦੇ ਸਾਥੀਆਂ ਨੇ ਲੋਕਾਂ ਨੂੰ ਸੰਬੋਧਤ ਹੁੰਦਿਆਂ ਦੱਸਿਆ ਕਿ ਉਹ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਗਏ ਸਨ ਅਤੇ ਨਸ਼ਾ ਛੱਡਣ ਤੋਂ ਬਾਅਦ ਉਹ ਚੰਗਾ ਜੀਵਨ ਬਤੀਤ ਕਰ ਰਹੇ ਹਨ।ਸਪੀਕਰ ਸੰਧਵਾਂ ਨੇ ਕਿਹਾ ਕਿ ਜਿਲਾ ਪ੍ਰਸ਼ਾਸ਼ਨ, ਪੁਲਿਸ, ਸਿਹਤ ਵਿਭਾਗ ਸਮੇਤ ਸਾਰੇ ਵਿਭਾਗ ਇਸ ਮੁਹਿੰਮ ਨੂੰ ਅੱਗੇ ਵਧਾਉਣ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕੰਮ ਕਰਨ ਤਾਂ ਜੋ ਤੰਦਰੁਸਤ ਸਮਾਜ ਦੀ ਸਿਰਜਣਾ ਹੋ ਸਕੇ।

LEAVE A REPLY

Please enter your comment!
Please enter your name here