ਖੇਤੀਬਾੜੀ ਮਾਹਿਰਾਂ ਅਨੁਸਾਰ ਲੋੜੀਂਦੀਆਂ ਖਾਦਾਂ/ਸਪਰੇਹਾਂ ਵਾਲੀ ਖੇਤੀ ਵੱਲ ਤੁਰਨ ਕਿਸਾਨ- ਡੀ ਸੀ
ਮੋਗਾ 29 ਮਾਰਚ ( ਅਸ਼ਵਨੀ) -ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨੀ, ਜਵਾਨੀ ਅਤੇ ਪੌਣ-ਪਾਣੀ ਬਚਾ ਕੇ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਇਸ ਤਹਿਤ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਅਤੇ ਜਾਗਰੂਕਤਾ ਕੈਂਪ ਵਿੰਡਸਰ ਗਾਰਡਨ ਦੁਨੇਕੇ ਵਿਖੇ ਆਯੋਜਿਤ ਕੀਤਾ ਗਿਆ ਜਿਥੇ ਜ਼ਿਲ੍ਹੇ ਭਰ ਵਿਚੋਂ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਇਸ ਕੈਂਪ ਵਿੱਚ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅੱਜ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਜਿਆਦਾ ਰੁਝਾਨ ਵਧਣਾ ਚਿੰਤਾ ਦਾ ਵਿਸ਼ਾ ਹੈ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਇਸ ਲਈ ਵੀ ਤੋਰ ਰਹੇ ਹਨ ਕਿ ਉਨ੍ਹਾਂ ਨੂੰ ਡਰ ਹੈ ਕਿ ਇੱਥੋਂ ਦੀ ਹਵਾ, ਮਿੱਟੀ ਅਤੇ ਪਾਣੀ ਨੂੰ ਅਸੀਂ ਦੂਸ਼ਿਤ ਕਰਨ ਵਾਲੇ ਰਾਹਾਂ ਉੱਪਰ ਬੜੀ ਤੇਜੀ ਨਾਲ ਦੌੜ ਰਹੇ ਹਾਂ। ਪੰਜਾਬ ਦੀ ਕਿਸਾਨੀ ਵਿੱਚ ਵਾਤਾਵਰਨ ਪੱਖੀ ਤਕਨੀਕਾਂ ਲਿਆ ਕੇ ਬਗੈਰ ਰੇਹਾਂ, ਸਪਰੇਹਾਂ ਜਾਂ ਇਨ੍ਹਾਂ ਦੀ ਲੋੜ ਮੁਤਾਕਿ ਵਰਤੋਂ ਬਾਰੇ ਜਾਗਰੂਕਤਾ ਲਿਆਉਣੀ ਬਹੁਤ ਹੀ ਜਰੂਰੀ ਹੈ। ਬੇਲੋੜੀਆਂ ਖਾਦਾਂ ਜਾਂ ਸਪਰੇਹਾਂ ਨਾਲ ਜਿੱਥੇ ਕਿਸਾਨ ਆਪਣੇ ਪੈਸੇ ਦੀ ਬਰਬਾਦੀ ਕਰਦੇ ਹਨ ਉੱਥੇ ਵਾਤਾਵਰਨ ਵੀ ਪਲੀਤ ਹੋ ਜਾਂਦਾ ਹੈ। ਲੋੜ ਹੈ ਖੇਤੀਬਾੜੀ ਮਾਹਿਰਾਂ ਅਨੁਸਾਰ ਖੇਤੀ ਕਰਨ ਦੀ ਜਾਂ ਕੁਦਰਤੀ ਖੇਤੀ ਵੱਲ ਤੁਰਨ ਦੀ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵਿੱਚ ਇਸੇ ਹੀ ਪਹਿਲੂਆਂ ਦੀ ਜਾਗਰੂਕਤਾ ਲਿਆਉਣ ਲਈ ਅੱਜ ਦਾ ਇਹ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਾਤਾਵਰਨ ਤੇ ਕੁਦਰਤੀ ਸੋਮੇ ਬਚਾਉਣ ਵਿੱਚ ਕਿਸਾਨ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਦੀ ਪੀੜ੍ਹੀ ਨੂੰ ਜਾਗਰੂਕ ਹੋਣਾ ਪਵੇਗਾ ਕਿ ਜਿਹੋ ਜਿਹਾ ਵਾਤਾਵਰਨ ਉਨ੍ਹਾਂ ਨੂੰ ਉਨ੍ਹਾਂ ਦੇ ਪੂਰਵਜ ਦੇ ਕੇ ਗਏ ਕਿ ਉਹੋ ਜਿਹਾ ਹੀ ਵਾਤਾਵਰਨ ਉਹ ਆਪਣੀ ਅਗਲੀ ਪੀੜ੍ਹੀ ਲਈ ਛੱਡ ਕੇ ਜਾਣ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਹੁਣ ਸਾਹਮਣੇ ਹੀ ਹੈ ਕਿ ਮਲਚਿੰਗ ਵਿਧੀ ਨਾਲ ਬੀਜੀ ਕਣਕ ਇਸ ਮੀਂਹ, ਹਨ੍ਹੇਰੀ ਨਾਲ ਬਿਲਕੁਲ ਵੀ ਪ੍ਰਭਾਵਿਤ ਨਹੀਂ ਹੋਈ ਜਿਸ ਲਈ ਵਿਭਾਗ ਵੱਲੋਂ ਬਿਜਾਈ ਸਮੇਂ ਹੀ ਕਿਸਾਨਾਂ ਵਿੱਚ ਜਾਗਰੂਕਤਾ ਫੈਲਾਈ ਗਈ ਸੀ। ਇਸ ਕੈਂਪ ਵਿੱਚ ਚੇਅਰਮੈਨ ਨਗਰ ਸੁਧਾਰ ਟਰੱਸਟ ਦੀਪਕ ਅਰੋੜਾ ਨੇ ਵੀ ਸ਼ਮੂਲੀਅਤ ਕੀਤੀ।ਡਿਪਟੀ ਕਮਿਸ਼ਨਰ ਦੀਆਂ ਇਨ੍ਹਾਂ ਗੱਲਾਂ ਨਾਲ ਹਾਜ਼ਰ ਸਮੂਹ ਕਿਸਾਨਾਂ ਨੇ ਕੁਦਰਤੀ ਖੇਤੀ ਵੱਲ ਤੁਰਨ ਦਾ ਪ੍ਰਣ ਲਿਆ। ਕੈਂਪ ਵਿੱਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਸਾਨਾਂ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਪਿਛਲੇ ਸਾਲ ਵਾਂਗ ਇਸ ਸਾਲ ਵੀ ਪਰਾਲੀ ਨੂੰ ਦੀਆ ਘਟਨਾਵਾਂ ਉੱਪਰ ਕੰਟਰੋਲ ਕਰਕੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇਗਾ।ਇਸ ਕਿਸਾਨ ਸਿਖਲਾਈ ਕੈਂਪ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿੱਚ ਡਾ. ਮਨਪ੍ਰੀਤ ਸਿੰਘ ਜੈਦਕਾ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ, ਡਾ. ਰਮਨਦੀਪ ਕੌਰ ਨੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਮਸ਼ੀਨਾਂ ਬਾਰੇ, ਡਾ. ਪ੍ਰੇਰਨਾ ਠਾਕੁਰ ਵੱਲੋਂ ਖੇਤੀਬਾੜੀ ਦੀਆਂ ਵਾਤਾਵਰਨ ਪੱਖੀ ਤਕਨੀਕਾਂ ਬਾਰੇ , ਡਾ. ਅਮਨਦੀਪ ਸਿੰਘ ਬਰਾੜ ਨੇ ਸਾਉਣੀ ਦੀਆਂ ਫ਼ਸਲਾਂ ਵਿੱਚ ਖਾਦਾਂ ਦੀ ਸੁੱਚਜੀ ਵਰਤੋਂ, ਡਾ. ਗੁਰਮਿੰਦਰ ਸਿੰਘ ਬਰਾੜ ਖੇਤੀ ਵਿਕਾਸ ਅਫ਼ਸਰ ਨੇ ਮੌਜੂਦਾ ਫ਼ਸਲਾਂ ਦੀ ਸਥਿਤੀ ਬਾਰੇ, ਖੇਤੀਬਾੜੀ ਪੌਦਾ ਸੁਰੱਖਿਆ ਅਫ਼ਸਰ ਮੋਗਾ ਜ਼ਸਵਿੰਦਰ ਸਿੰਘ ਬਰਾੜ ਨੇ ਮਲਚਿੰਗ ਤਕਨੀਕ ਬਾਰੇ ਜਾਗਰੂਕਤਾ ਫੈਲਾਈ। ਕੈਂਪ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਖੇਤੀਬਾੜੀ ਮਸ਼ੀਨਰੀ ਅਤੇ ਹੋਰ ਖੇਤੀ ਨਾਲ ਸਬੰਧਿਤ ਵਿਸ਼ਿਆਂ ਬਾਰੇ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਮੰਚ ਦਾ ਸੰਚਾਲਨ ਬਲਾਕ ਖੇਤੀਬਾੜੀ ਅਫ਼ਸਰ ਬਾਘਾਪੁਰਾਣਾ ਡਾ. ਨਵਦੀਪ ਸਿੰਘ ਜੌੜਾ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਬਲਜਿੰਦਰ ਸਿੰਘ ਅਤੇ ਮਾਨਕ ਸਿੰਘ ਖੋਸਾ ਨੇ ਬਾਖੂਬੀ ਨਿਭਾਇਆ। ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਵਿਭਾਗੀ ਗਤੀਵਿਧੀਆਂ ਸਬੰਧੀ ਦੱਸਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਮੋਗਾ ਜ਼ਿਲ੍ਹਾ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ਤੱਕ ਕੈਂਪ ਲਗਾ ਕੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਬੀਜ ਬਿਜਾਈ/ਸਾਂਭ, ਪਾਣੀ ਦੀ ਬੱਚਤ ਕਰਨ, ਫ਼ਸਲੀ ਵਿਭਿੰਨਤਾ ਅਪਨਾਉਣ ਅਤੇ ਖੇਤੀ ਖਰਚੇ ਘਟਾਉਣ ਸਬੰਧੀ ਲਗਾਤਾਰ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਅਤੇ ਇਹ ਵਿਭਾਗੀ ਗਤੀਵਿਧੀਆਂ ਲਗਾਤਾਰ ਜਾਰੀ ਰਹਿਣਗੀਆਂ।ਇਸ ਕਿਸਾਨ ਸਿਖਲਾਈ ਕੈਂਪ ਵਿਚ ਅਗਾਂਹਵਧੂ ਕਿਸਾਨਾਂ ਤੋਂ ਇਲਾਵਾ ਅਲਾਈਡ ਵਿਭਾਗਾਂ ਦੇ ਅਧਿਕਾਰੀ, ਖੇਤੀ ਵਿਭਾਗ ਤੋਂ ਡਾ. ਸੁਖਰਾਜ ਕੌਰ, ਡਾ. ਨਵਦੀਪ ਜੌੜਾ, ਡਾ. ਗੁਰਬਾਜ ਸਿੰਘ, ਡਾ. ਅੰਮ੍ਰਿਤਪਾਲ ਸਿੰਘ, ਡਾ. ਅਮਰਜੀਤ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਰੁਕਿੰਦਰਪ੍ਰੀਤ ਸਿੰਘ, ਡਾ. ਜਗਦੀਪ ਸਿੰਘ, ਡਾ. ਤਰਨਜੀਤ ਸਿੰਘ, ਡਾ. ਜਸਵੀਰ ਕੌਰ, ਡਾ. ਯਸ਼ਪ੍ਰੀਤ ਕੌਰ, ਡਾ. ਰਾਜਸਰੂਪ ਸਿੰਘ ਗਿੱਲ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਤਪਤੇਜ਼ ਸਿੰਘ, ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਬਲਵਿੰਦਰ ਸਿੰਘ ਲੱਖੇਵਾਲੀ ਆਦਿ ਹਾਜ਼ਰ ਸਨ।