ਪੰਛੀਆ ਦਾ ਨਾਂ ਸੁਣਦਿਆਂ ਹੀ ਮਨ ਵਿੱਚ ਇੱਕ ਵਖਰਾ ਹੀ ਉਤਸ਼ਾਹ ਪੈਦਾ ਹੁੰਦਾ ਹੈ। ਜਿਸ ਨੂੰ ਸਿਰਫ਼ ਉਹ ਲੋਕ ਚੰਗੀ ਤਰ੍ਹਾਂ ਸਮਝ ਸਕਦੇ ਹਨ, ਜਿਨ੍ਹਾਂ ਨੇ ਪੰਛੀਆਂ ਨੂੰ ਦੇਖਣ ਦਾ ਆਨੰਦ ਲਿਆ ਹੋਵੇ। ਇਹ ਇੱਕ ਅਜਿਹਾ ਸ਼ੌਕ ਹੈ ਜੋ ਮਨ ਨੂੰ ਸੰਸਾਰਿਕ ਮੋਹ ਮਾਇਆ ਤੋਂ ਦੂਰ ਕਰਕੇ ਨਾ ਸਿਰਫ਼ ਸ਼ਾਂਤੀ ਪ੍ਰਦਾਨ ਕਰਦਾ ਹੈ, ਸਗੋਂ ਮਨੁੱਖ ਨੂੰ ਕੁਦਰਤ ਦੇ ਨੇੜੇ ਵੀ ਲਿਆਉਂਦਾ ਹੈ। ਇਸ ਸ਼ੌਂਕ ਨਾਲ ਜੁੜਨ ਤੇ ਸਾਨੂੰ ਆਪਣੇ ਆਲੇ ਦੁਆਲੇ ਪੰਛੀਆਂ ਦੀਆਂ ਵਖੋ ਵੱਖ ਅਵਾਜ਼ਾ ਸੁਣਨ ਦਾ ਮੌਕਾ ਵੀ ਮਿਲਦਾ ਹੈ। ਕਿਉਕਿ ਇਹ ਅਵਾਜ਼ਾ ਵੀ ਸਾਡੇ ਸਮਾਜ ਦਾ ਹੀ ਇਕ ਅਹਿਮ ਹਿਸਾ ਹਨ। ਇਹਨਾਂ ਦੇ ਦਿਲ ਸੱਚੇ ਹੁੰਦੇ ਹਨ ਅਤੇ ਓਹਨਾਂ ਨੂੰ ਵੀ ਪਿਆਰ ਦੀ ਲੋੜ ਹੁੰਦੀ ਹੈ। ਜਿਨ੍ਹਾਂ ਵੱਧ ਅਸੀਂ ਇਹਨਾਂ ਨੂੰ ਪਿਆਰ ਕਰਾਂਗੇ, ਉਸ ਤੋਂ ਕਿਤੇ ਵੱਧ ਇਹ ਸਾਨੂੰ ਪਿਆਰ ਕਰਨਗੇ।
ਵਾਤਾਵਰਨ ਨੂੰ ਸੰਤੁਲਿਤ ਰੱਖਣ ਲਈ ਰੁੱਖਾਂ ਅਤੇ ਪੌਦਿਆਂ ਤੋਂ ਇਲਾਵਾ ਪੰਛੀਆਂ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਮਨੁੱਖੀ ਦਖਲਅੰਦਾਜ਼ੀ ਕਾਰਨ ਇਨ੍ਹਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਮਨੁੱਖ ਆਪਣੇ ਸੁਆਰਥ ਵਿਚ ਇੰਨਾ ਅੰਨ੍ਹਾ ਹੋ ਗਿਆ ਹੈ ਕਿ ਉਸ ਨੂੰ ਆਪਣੇ ਫਾਇਦੇ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਸਦਾ। ਮਨੁੱਖ ਆਪਣੇ ਸਵਾਰਥ ਲਈ ਕੁਦਰਤ ਨਾਲ ਲਗਾਤਾਰ ਛੇੜਛਾੜ ਕਰ ਰਿਹਾ ਹੈ ਅਤੇ ਜਿਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਜਦੋਂ ਸਾਡੇ ਘਰ ਕੱਚੇ ਹੁੰਦੇੇ ਸਨ ਘਰਾਂ ਦੀਆਂ ਛੱਤਾਂ ਬਾਲਿਆਂ ਦੀਆਂ ਹੁੰਦੀਆਂ ਸਨ। ਵੇਹੜੇ ਚ ਨਿੰਮ, ਤੂਤ, ਡੇਕ,ਟਾਲੀ ਜਿਹੇ ਦੇਸੀ ਦਰੱਖਤ ਲੱਗੇ ਹੁੰਦੇ ਸਨ ਜਿਹਨਾਂ ਅੰਦਰ ਅਕਸਰ ਇਹ ਪੰਛੀ ਆਪਣੇ ਆਲ੍ਹਣੇ ਪਾ ਕੇ ਰਹਿੰਦੇ ਸਨ ਪਰ ਜਿਉਂ-ਜਿਉਂ ਸਾਡੇ ਘਰ ਕੋਠੀਆਂ ਦੇ ਰੂਪ ਵਿੱਚ ਤਬਦੀਲ ਹੋ ਗਏ ਪੁਰਾਣੇ ਘਰਾਂ ਵਿਚਲੇ ਬਾਲਿਆਂ ਦੀਆਂ ਕੱਚੀਆਂ ਛੱਤਾਂ ਦੇ ਨਾਲ-ਨਾਲ ਇਹਨਾਂ ਦੇ ਘਰ ਵੀ ਚਲੇ ਗਏ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਕਾਰਨ ਜਿੱਥੇ ਪੰਛੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ, ਅਤੇ ਕੁਝ ਨਸਲਾਂ ਖ਼ਤਮ ਹੋਣ ਦੀ ਕਗਾਰ ‘ਤੇ ਵੀ ਪਹੁੰਚ ਗਈਆਂ। ਹੁਣ ਸਾਨੂੰ ਆਪਣੇ ਆਲੇ ਦੁਆਲੇ ਇਹਨਾਂ ਪੰਛੀਆਂ ਦੀਆਂ ਓਹ ਆਵਾਜ਼ਾਂ ਸੁਣਨ ਨੂੰ ਨਹੀ ਮਿਲਦੀਆਂ ਜਿਨ੍ਹਾਂ ਨਾਲ ਸਾਡੀ ਸਵੇਰ ਦੀ ਅੱਖ ਖੁੱਲਦੀ ਸੀ।
ਸਾਡੀ ਵੀ ਹੁਣ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀ ਇਹਨਾਂ ਪੰਛੀਆਂ ਦੀਆਂ ਨਸਲਾਂ ਨੂੰ ਬਚਾਈਏ, ਇਹਨਾਂ ਨੂੰ ਮੁੜ ਸੁਰਜੀਤ ਕਰੀਏ। ਪਰ ਇਨ੍ਹਾਂ ਗੱਲਾਂ ਨੂੰ ਕੇਵਲ ਉਹੀ ਮਨੁੱਖ ਸਮਝ ਸਕਦਾ ਹੈ ਜਿਨ੍ਹਾਂ ਨੂੰ ਇਨ੍ਹਾਂ ਨਾਲ ਮੋਹ ਅਤੇ ਪਿਆਰ ਹੋਵੋ।
ਇਹਨਾਂ ਪੰਛੀਆਂ ਦੇ ਮੁੜ ਰੈਣ ਬਸੇਰੇ ਲਈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਬਰਨਾਲੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਧੌਲਾ ਨਿਵਾਸੀ ਸੰਦੀਪ ਧੌਲਾ ਨੇ,40 ਕੁ ਸਾਲਾਂ ਇਸ ਨੌਜਵਾਨ ਦੇ ਉਦਮ ਸਦਕਾ 2008 ਤੋਂ ਬਰਨਾਲੇ ਦੇ ਵਖੋ ਵੱਖ ਪਿੰਡਾਂ, ਕਸਬਿਆਂ ਵਿੱਚ ਤਕਰੀਬਨ ਕੋਈ 40 ਕੁ ਹਜ਼ਾਰ ਘਰ ਪੰਛੀਆਂ ਲਈ ਲਗਾਏ ਗਏ ਹਨ। ਬੀਤੇ ਦਿਨੀਂ 20 ਮਾਰਚ ਨੂੰ ਮਨਾਏ ਗਏ ਚਿੜੀ ਦਿਵਸ ਦੇ ਮੌਕੇ ਤੇ ਇਹਨਾਂ ਦੀ ਟੀਮ ਵਲੋਂ ਇੱਕੋ ਹੀ ਦਿਨ ਵਿੱਚ ਕੋਈ 3000 ਹਜ਼ਾਰ ਪੰਛੀਆਂ ਲਈ ਘਰ ਟੰਗੇ ਗਏ।
ਹੋਈ ਗਲਬਾਤ ਦੌਰਾਣ ਸੰਦੀਪ ਧੌਲਾ ਨੇ ਦਸਿਆ ਕਿ ਇਸ ਧਰਤੀ ਤੇ ਹਰੇਕ ਜੀਵ ਦਾ ਓਨਾਂ ਹੀ ਅਧੀਕਾਰ ਹੈ ਜਿੰਨਾ ਮਨੁੱਖ ਦਾ, ਪਰ ਅਸੀਂ ਆਪਣੇ ਸਵਾਰਥ ਲਈ ਇਹਨਾਂ ਪੰਛੀਆਂ ਨੂੰ ਘਰ ਬਣਾਉਣ ਲਈ ਕੋਈ ਜਗ੍ਹਾ ਨਹੀਂ ਦਿੱਤੀ, ਜਿੱਥੇ ਕਿ ਇਹ ਆਪਣਾ ਆਲ੍ਹਣਾ ਬਣਾ ਸਕਣ। ਸੋ ਅਸੀਂ ਆਪਣੀ ਟੀਮ ਨਾਲ ਮਿਲਕੇ ਪੰਛੀਆਂ ਦੀ ਏਸੇ ਲੋੜ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਲਈ ਲਕੜੀ ਦੇ ਘਰ ਬਣਾਕੇ ਘਰਾਂ ਦੀਆਂ ਛੱਤਾਂ ਹੇਠ, ਛੇਡਾਂ ਥਲੇ , ਖੰਬਿਆਂ ਉਤੇ, ਦੀਵਾਰਾਂ ਉਪਰ ਤੋ ਇਲਾਵਾ ਵੱਖ ਵੱਖ ਤਰ੍ਹਾਂ ਦੀਆਂ ਵੇਲਾਂ ਦੇ ਵਿੱਚ ਟੰਗੇ ਹਨ। ਜਿਨ੍ਹਾਂ ਦੇ ਵਿੱਚ ਪੰਛੀ ਆਪਣੇ ਆਲ੍ਹਣੇ ਖੁੱਦ ਤਿਆਰ ਕਰ ਆਪਣੇਂ ਬਚੇ ਪੈਦਾ ਕਰਦੇ ਹਨ ਅਤੇ ਆਪਣੀ ਨਸਲਾਂ ਨੂੰ ਅੱਗੇ ਵਧਾਉਂਦੇ ਹਨ।
ਇੱਥੇ ਇਹ ਵੀ ਗੱਲ ਜਿਕਰਯੋਗ ਹੈ ਕਿ ਸੰਦੀਪ ਧੌਲਾ ਨੇ ਪੰਛੀਆਂ ਦੇ ਆਲ੍ਹਣੇ ਟੰਗਣ ਤੋਂ ਇਲਾਵਾ ਆਪਣੇਂ ਆਲੇ ਦੁਆਾਲੇ ਨੂੰ ਖੁਸ਼ਹਾਲ ਅਤੇ ਹਰਿਆ ਭਰਿਆ ਬਨਾਉਂਣ ਲਈ ਕੋਈ 20000 ਤੋ ਵੀ ਵੱਧ ਦਰੱਖਤ ਵੀ ਲਗਾਏ ਹਨ, ਜਿਨ੍ਹਾਂ ਨੂੰ ਇਹਨਾਂ ਦੀ ਟੀਮ ਵਲੋਂ ਪਾਣੀ ਅਤੇ ਸਮੇਂ ਮੁਤਾਬਿਕ ਖਾਦ ਆਦਿ ਵੀ ਪਾਈ ਜਾਂਦੀ ਹੈ।
ਪੰਛੀਆਂ, ਦਰੱਖਤਾਂ ਅਤੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਸੰਦੀਪ ਧੌਲਾ ਦੀ ਪੰਛੀ ਪ੍ਰੇਮੀ ਸੋਸਾਇਟੀ ਬਰਨਾਲਾ ਨੂੰ ਵੱਖੋ-ਵੱਖ ਮੌਕੇ ਦੀਆ ਸਰਕਾਰਾਂ ਵੱਲੋ ਕਈ ਵਾਰ ਮਾਣ ਸਨਮਾਣ ਵੀ ਮਿਲਿਆ। ਇਸ ਤੋਂ ਇਲਾਵਾ ਇਸ ਸੋਸਾਇਟੀ ਨੂੰ ਸਮਾਜ ਅਤੇ ਵਾਤਾਵਰਨ ਦੇਖ ਰੇਖ ਸੰਬੰਧੀ ਕੰਮ ਕਰਨ ਲਈ ਕਈ ਐਵਾਰਡ ਵੀ ਮਿਲੇ। ਇਸ ਸੰਬੰਧੀ ਹੋਰ ਉਪਰਾਲਿਆ ਬਾਰੇ ਉਹਨਾ ਦਸਿਆ ਕਿ ਮੇਰੇ ਵਲੋ ਇੱਕਲੇ ਹੀ ਕੀਤੇ ਇਸ ਉਪਰਾਲੇ ਨਾਲ ਅੱਜ ਮੈਨੂੰ ਸੈਕੜੇ ਲੋਕਾਂ ਦਾ ਸਹਿਯੋਗ ਹੈ। ਲੋਕ ਵੱਧਚੜ੍ਹ ਕੇ ਸਾਡੀ ਇਸ ਸੋਸਾਇਟੀ ਨੂੰ ਯੋਗਦਾਨ ਦੇ ਰਹੇ ਹਨ। ਸਾਡੇ ਵਲੋ ਕੀਤੇ ਇਸ ਉਪਰਾਲੇ ਨੂੰ ਵੇਖਕੇ ਪਿੰਡਾ, ਸ਼ਹਿਰਾਂ ਤੋ ਇਲਾਵਾ ਦੇਸ਼ ਵਿਦੇਸ਼ ਵਿੱਚ ਵੀ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ।
ਡੇਅਰੀ ਫ਼ਾਰਮਿੰਗ ਦਾ ਕੰਮ ਕਰਨ ਵਾਲੇ ਸੰਦੀਪ ਧੌਲਾ ਨੇ ਐਮ ਬੀ ਏ ਅਤੇ ਐਮ ਸੀ ਏ ਦੀ ਡਿਗਰੀ ਵੀ ਹਾਸਿਲ ਕੀਤੀ ਹੈ। ਆਪਣੇ ਵਲੋਂ ਦਿੱਤੇ ਇੱਕ ਸੁਨੇਹੇ ਵਿੱਚ ਉਹਨਾਂ ਦਸਿਆ ਕਿ ਇਹਨਾਂ ਪੰਛੀਆਂ ਦੇ ਰੈਣ ਬਸੇਰੇ ਖਤਮ ਕਰਨ ਚ ਸਾਡੇ ਲੋਕਾਂ ਦਾ ਹੀ ਹੱਥ ਹੈ ਅਤੇ ਹੁਣ ਸਾਡਾ ਹੀ ਫ਼ਰਜ਼ ਬਣਦਾ ਹੈ ਕਿ ਅਸੀਂ ਹੀ ਇਹਨਾਂ ਪੰਛੀਆਂ ਦੇ ਮੁੜ ਵਸੇਬੇ ਲਈ ਕੋਈ ਨਾ ਕੋਈ ਯਤਨ ਕਰੀਏ, ਚਾਹੇ ਅਸੀਂ ਆਲ੍ਹਣੇ ਟਂਗੀਏ, ਘਰਾਂ ਦੀਆਂ ਛੱਤਾਂ ਤੇ ਪਾਣੀ ਵਾਲੇ ਕੁੱਜੇ ਰੱਖੀਏ ਜਾਂ ਫੇਰ ਇਹਨਾਂ ਪੰਛੀਆਂ ਲਈ ਖਾਣ ਲਈ ਚੋਗੇ ਆਦਿ ਦਾ ਪ੍ਰਬੰਧ ਕਰੀਏ।
ਬਲਦੇਵ ਸਿੰਘ ਬੇਦੀ
ਜਲੰਧਰ