ਮੋਹਾਲੀ(ਭਗਵਾਨ ਭੰਗੂ)- ਦੈੜੀ ਪਿੰਡ ਵਿੱਚ ਕਬਾੜ ਦੀ ਦੁਕਾਨ ਕਰਦੇ ਇੱਕ ਵਿਅਕਤੀ ਤੋਂ 11 ਹਜਾਰ ਰੁਪਏ ਖੋਹਣ ਵਾਲੇ ਇੱਕ ਵਿਅਕਤੀ ਨੂੰ ਸਨੇਟਾ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਸਨੇਟਾ ਦੇ ਇੰਚਾਰਜ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦਸਿਆ ਕਿ 29 ਮਾਰਚ ਨੂੰ ਮੁਲਜ਼ਮ ਸਤਨਾਮ ਸਿੰਘ ਵਾਸੀ ਸੋਹਾਣਾ ਲਾਂਸਰ ਕਾਰ ਵਿੱਚ ਦੈੜੀ ਪਿੰਡ ਵਿੱਚ ਆ ਕੇ ਦੈੜੀ ਵਿੱਚ ਕਬਾੜ ਦੀ ਦੁਕਾਨ ਕਰਦੇ ਸੋਹਣ ਯਾਦਵ ਤੋਂ 11 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਿਆ ਸੀ। ਇਸ ਸਬੰਧੀ ਆਈ ਪੀ ਸੀ ਦੀ ਧਾਰਾ 379ਬੀ, 506, 34 ਅਧੀਨ ਐਫ ਆਈ ਆਰ ਨੰਬਰ 104 ਮਿਤੀ 30 ਮਾਰਚ ਨੂੰ ਦਰਜ ਕੀਤੀ ਗਈ ਸੀ। ਉਹਨਾਂ ਦਸਿਆ ਕਿ ਪੁਲਿਸ ਨੇ ਮੁਲਜਮ ਸਤਨਾਮ ਸਿੰਘ ਵਾਸੀ ਸੋਹਾਣਾ ਨੂੰ ਗ੍ਰਿਫਤਾਰ ਕਰਕੇ ਉਸ ਵੱਲੋਂ ਵਾਰਦਾਤ ਵਿੱਚ ਵਰਤੀ ਕਈ ਲਾਂਸਰ ਕਾਰ ਬਰਾਮਦ ਕਰ ਲਈ ਹੈ। ਉਹਨਾਂ ਕਿਹਾ ਕਿ ਮੁਲਜਮ ਸਤਨਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸਨੇਟਾ ਪੁਲਿਸ ਚੌਂਕੀ ਦੇ ਇੰਚਾਰਜ਼ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਇਲਾਕੇ ਵਿੱਚ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿਤਾ ਜਾਵੇਗਾ। ਉਹਨਾਂ ਸ਼ਰਾਰਤੀ ਅਨਸਰਾਂ ਅਤੇ ਭੈੜੇ ਪੁਰਸ਼ਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਜਾਂ ਤਾਂ ਆਪਣੀਆਂ ਗਲਤ ਕਾਰਵਾਈਆਂ ਬੰਦ ਕਰ ਦੇਣ ਜਾਂ ਫਿਰ ਇਲਾਕਾ ਛੱਡ ਕੇ ਚਲੇ ਜਾਣ।