ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਭਾਵੇਂ ਕ੍ਰਿਕਟ ਦਾ ਮੈਦਾਨ ਹੋਵੇ ਭਾਵੇਂ ਰਾਜਨੀਤਿਕ ਬਿਸਾਤ ਹਮੇਸ਼ਾ ਹੀ ਸੁਰਖੀਆਂ ਦਾ ਸ਼ਿੰਗਾਰ ਬਣੇ ਰਹੇ ਹਨ। ਨਵਜੋਤ ਸਿੰਘ ਸਿੱਧੂ ਚੰਗੇ ਅਤੇ ਬੇਬਾਕ ਬੁਲਾਰੇ ਅਤੇ ਵੱਡਾ ਨਾਮ ਹੋਣ ਕਾਰਨ ਰਾਜਨੀਤਿਕ ਪਾਰਟੀਆਂ ਵਲੋਂ ਉਨ੍ਹਾਂ ਨੂੰ ਚੋਣਾਂ ਸਮੇਂ ਸਟਾਰ ਪ੍ਰਚਾਰਕ ਵਜੋਂ ਵਰਤਿਆ ਗਿਆ। ਨਵਜੋਤ ਸਿੰਘ ਸਿੱਧੂ ਭਾਰੀ ਭੀੜ ਜੁਟਾਉਣ ਦੇ ਸਮਰੱਥ ਹੋਣ ਕਰਕੇ ਉਨ੍ਹਾਂ ਪਾਰਟੀਆਂ ਦੀਆਂ ਉਮੀਦਾਂ ਤੇ ਕਰ੍ਹੇ ਵੀ ਉਤਰਦੇ ਰਹੇ ਹਨ। ਪਰ ਆਪਣੇ ਬਿਆਨਾਂ ਅਤੇ ਬੇਬਾਕ ਭਾਸ਼ਣਾਂ ਕਾਰਨ ਹਮੇਸ਼ਾ ਵਿਵਾਦਾਂ ਵਿੱਚ ਘਿਰਦੇ ਰਹੇ। ਭਾਜਪਾ ਛੱਡ ਕੇ ਜਦੋਂ ਉਹ ਕਾਂਗਰਸ ਵਿਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਵਿਚ ਸਰਕਾਰ ਸਮੇਂ ਮੰਤਰੀ ਦਾ ਅਹੁਦਾ ਵੀ ਦਿਤਾ ਗਿਆ। ਪਰ ਮੰਤਰੀ ਹੋਣ ਦੇ ਬਾਵਜੂਦ ਉਹ ਆਪਣੇ ਵਿਭਾਗ ਨਾਲ ਇਨਸਾਫ਼ ਨਾ ਕਰ ਸਕੇ ਅਤੇ ਆਪਣੀ ਹੀ ਪਾਰਟੀ ਨਾਲ ਬਗਾਵਤ ਦੇ ਰਾਹ ਤੇ ਤੁਰ ਪਏ। ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੱਡੇ ਨੇਤਾਵਾਂ ਨੂੰ ਨਿਸ਼ਾਨੇ ਤੇ ਲੈ ਕੇ ਬਿਆਨਬਾਜੀ ਕਰਦੇ ਰਹੇ। ਜਿਸ ਕਾਰਨ ਪਾਰਟੀ ਵਿਚ ਇਕ ਵਾਰ ਵੱਡਾ ਭੂਚਾਲ ਆ ਗਿਆ। ਅਖੀਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ’ਚ ਕਾਮਯਾਬ ਹੋ ਗਏ। ਉਸ ਸਮੇਂ ਉਨ੍ਹਾਂ ਨੂੰ ਉਮੀਦ ਸੀ ਕਿ ਕਾਂਗਰਸ ਪਾਰਟੀ ਉਨ੍ਹਾਂ ਦੀ ਬਤੌਰ ਮੁੱਖ ਮੰਤਰੀ ਤਾਜਪੋਸ਼ੀ ਕਰ ਸਕਦੀ ਹੈ। ਪਰ ਪਾਰਟੀ ਦੇ ਅੰਦਰੂਨੀ ਕਲੇਸ਼ ਵਧੇਰੇ ਸੀਨੀਅਰ ਕਾਂਗਰਸੀ ਲੀਡਰਾਂ ਵਲੋਂ ਵਿਰੋਧਤਾ ਕਾਰਨ ਹਾਈਕਮਾਂਡ ਵਲੋਂ ਉਨ੍ਹਾਂ ਨੂੰ ਮੁੱਖ ਮੰਤਰੀ ਨਾਂ ਬਣਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿਤਾ। ਪਾਰਟੀ ਵਲੋਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਪੰਜਾਬ ਪ੍ਰਧਾਨ ਥਾਪਿਆ ਗਿਆ ਪਰ ਉਹ ਵਿਧਾਨ ਸਭਾ ਚੋਣਾਂ ਵਿਚ ਚੰਗੀ ਭੂਮਿਕਾ ਨਹੀਂ ਨਿਭਾ ਸਕੇ ਅਤੇ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਪੁਰਾਣੇ ਕੇਸ ਵਿਚ ਅਦਾਲਤ ਨੇ ਦੋਸ਼ੀ ਠਹਿਰਾਇਆ ਤਾਂ ਅਦਾਲਤ ਵਲੋਂ ਸੁਣਾਈ ਗਈ ਇਕ ਸਾਲ ਦੀ ਸਜਾ ਭੁਗਤਣ ਲਈ ਉਹ ਜੇਲ ਚਲੇ ਗਏ ਅਤੇ ਹੁਣ 315 ਦਿਨਾਂ ਬਾਅਦ ਸ਼ਨੀਵਾਰ ਨੂੰ ਆਪਣੀ ਸਜ਼ਾ ਪੂਰੀ ਕਰਕੇ ਜੇਲ ਤੋਂ ਰਿਹਾਅ ਹੋ ਗਏ। ਜੇਲ ਤੋਂ ਬਾਹਰ ਆਉਂਦਿਆਂ ਹੀ ਉਨ੍ਹਾਂ ਨੇ ਫਿਰ ਤੋਂ ਆਪਣੇ ਪੁਰਾਣੇ ਤਿੱਖੇ ਤੇਵਰ ਦਿਖਾ ਦਿਤੇ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜੇਲ ਤੋਂ ਆਉਂਦੇ ਹੀ ਨਿਸ਼ਾਨੇ ਤੇ ਲੈ ਲਿਆ। ਇੱਥੇ ਇਕ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਸਥਾਨਕ ਸੀਨੀਅਰ ਕਾਂਗਰਸੀ ਲੀਡਰਸ਼ਿਪ ਦਾ ਹੁਣ ਵੀ ਨਵਜੋਤ ਸਿੰਘ ਸਿੱਧੂ ਦੇ ਨਾਲ 36 ਦਾ ਅੰਕੜਾ ਹੀ ਰਹੇਗਾ। ਜਿਸ ਦਾ ਸੰਕੇਤ ਸਿੱਧੂ ਦੀ ਰਿਹਾਈ ਸਮੇਂ ਪਾਰਟੀ ਦੇ ਕਿਸੇ ਵੀ ਵੱਡੇ ਆਗੂ ਜਾਂ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਨਾ ਆਉਣ ਤੋਂ ਮਿਲਦਾ ਹੈ। ਜਦਕਿ ਕੁਝ ਦਿਨ ਹੀ ਪਹਿਲਾਂ ਭ੍ਰਿਸ਼ਟਾਚਾਰ ਦੇ ਦੋਸਾਂ ਵਿਚ ਜੇਲ ਵਿਚ ਨਜਰਬੰਦ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਮਾਨਤ ਮਿਲਣ ਤੇ ਜੇਲ ਤੋਂ ਬਾਹਰ ਆਉਣ ਸਮੇਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪਾਰਟੀ ਦੇ ਕਈ ਹੋਰ ਵੱਡੇ ਆਗੂ ਸਵਾਗਤ ਕਰਨ ਲਈ ਪੁੱਜੇ ਸਨ। ਇਸਤੋਂ ਪਹਿਲਾਂ ਜਦੋਂ ਸਿੱਧੂ ਇਕ ਸਾਲ ਲਈ ਜੇਲ ਵਿਚ ਨਜਰਬੰਦ ਸਨ ਤਾਂ ਪੰਜਾਬ ਵਿਚ ਸਮੁੱਚੀ ਕਾਂਗਰਸ ਲੀਡਰਸ਼ਿਪ ਇਕਜੁੱਟ ਹੋ ਕੇ ਕੰਮ ਕਰਦੀ ਰਹੀ ਅਤੇ ਕਿਸੇ ਵੀ ਲੀਡਰ ਵਲੋਂ ਪਾਰਟੀ ਪ੍ਰਧਾਨ ਜਾਂ ਕਿਸੇ ਹੋਰ ਆਗੀ ਦੇ ਖਿਲਾਫ ਕੋਈ ਬਿਆਨਬਾਜੀ ਨਹੀਂ ਕੀਤੀ ਅਤੇ ਨਾ ਹੀ ਕੋਈ ਵਿਰੋਧ ਜਤਾਇਆ। ਹੁਣ ਜਦੋਂ ਸਿੱਧੂ ਬਾਹਰ ਆ ਗਏ ਹਨ ਤਾਂ ਪਾਰਟੀ ਅੰਦਰ ਹਲਚਲ ਹੋਣੀ ਸੁਭਾਵਿਕ ਹੈ। ਹੁਣ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਨਾਲ ਪੰਜਾਬ ਵਿੱਚ ਮੁੜ ਕਾਂਗਰਸ ਦੇ ਦੋ ਮੰਚ ਖੜ੍ਹੇ ਹੋਣਗੇ। ਜਿਨ੍ਹਾਂ ਵਿੱਚ ਇੱਕ ਧੜਾ ਮੌਜੂਦਾ ਪ੍ਰਧਾਨ ਦੇ ਧੜ੍ਹੇ ਨਾਲ.ਅਤੇ ਦੂਜਾ ਨਵਜੋਤ ਸਿੰਘ ਸਿੱਧੂ ਦੇ ਨਾਲ ਖੜਾ ਨਜ਼ਰ ਆਏਗਾ। ਨਵਜੋਤ ਸਿੰਘ ਸਿੱਧੂ ਜਦੋਂ ਜੇਲ ਵਿਚ ਨਜਰਬੰਦ ਸਨ ਤਾਂ ਪ੍ਰਿਅੰਕਾ ਗਾਂਧੀ ਨੇ ਜੇਲ ’ਚ ਨਵਜੋਤ ਸਿੰਘ ਸਿੱਧੂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਲ ਤੋਂ ਬਾਹਰ ਆਉਣ ’ਤੇ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਹੁਣ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਰਟੀ ਹਾਈਕਮਾਂਡ ਤੋਂ ਇਹ ਉਮੀਦ ਹੈ ਕਿ ਉਨ੍ਹਾਂ ਨੂੰ ਪਾਰਟੀ ਹਾਈਕਮਾਂਡ ਕੋਈ ਵੱਡੀ ਜਿੰਮੇਵਾਰੀ ਸੰਭਾਲੇਗੀ। ਇਸ ਮੌਕੇ ਪਾਰਟੀ ਸਿਰਫ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਪਦ ਦੇਣ ਤੋਂ ਇਲਾਵਾ ਹੋਰ ਕੁਝ ਨਹੀਂ ਦੇ ਸਕਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਕਾਂਗਰਸ ਦਾ ਵੱਡਾ ਧੜ੍ਹਾ ਸਿੱਧੂ ਨੂੰ ਬਤੌਰ ਪ੍ਰਧਾਨ ਬਰਦਾਸ਼ਤ ਨਹੀਂ ਕਰੇਗਾ। ਜਿਸ ਨਾਲ ਪਾਰਟੀ ਫਿਰ ਤੋਂ ਘਮਾਸਾਨ ਦੇ ਦੌਰ ਵਿਚ ਚਲੀ ਜਾਏਗੀ ਜਿਸ ਦਾ ਨੁਕਸਾਨ ਉਨ੍ਹਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਂਡ ਜਲਦਬਾਜ਼ੀ ਵਿੱਚ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੇਗੀ। ਜਿਸ ਕਾਰਨ ਕਾਂਗਰਸ ਪਾਰਟੀ ਜੋ ਕਿ ਪਹਿਲਾਂ ਹੀ ਬੁਰੀ ਬਿਖਰੀ ਹੋਈ ਅਤੇ ਹਾਸ਼ੀਏ ਤੇ ਖੜ੍ਹੀ ਹੋਈ ਹੈ ਨੂੰ ਬਚਾਉਣ ਲਈ ਕੋਈ ਰਿਸਕ ਨਹੀਂ ਲੈਣਾ ਚਾਹੀਦੀ। ਇਸ ਲਈ ਹੁਣ ਪੰਜਾਬ ਵਿਚ ਕਾਂਗਰਸ ਦੀ ਸਥਿਤੀ ਬੇ-ਹੱਦ ਦਿਲਚਸਪ ਮੋੜ ਤੇ ਆ ਖੜੀ ਹੋਈ ਹੈ। ਜਿਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਉਂਕਿ ਕਾਂਗਰਸ ਹਾਈਕਮਾਂਡ ਵਲੋਂ ਲਿਆ ਜਾਣ ਵਾਲਾ ਕੋਈ ਵੀ ਫੈਸਲਾ ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਦੇ ਰਾਜਸੀ ਭਵਿੱਖ ਨੂੰ ਤੈਅ ਕਰੇਗਾ।
ਹਰਵਿੰਦਰ ਸਿੰਘ ਸੱਗੂ ।