ਜਲੰਧਰ-3 ਅਪ੍ਰੈਲ ( ਬਾਰੂ ਸੱਗੂ) ਕੇਂਦਰ ਸਰਕਾਰ ਵੱਲੋਂ ਬੇਮੌਸਮੇ ਮੀਂਹ ਦੀ ਝੰਬੀ ਕਣਕ ਦੇ ਸਰਕਾਰੀ ਭਾਅ ’ਚ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਦੇ ਤੌਖਲੇ ਸਬੰਧੀ ਜਮਹੂਰੀ ਕਿਸਾਨ ਸਭਾ ਨੇ ਅੱਜ ਇਥੇ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਇਸ ਦੌਰਾਨ ਖ਼ੁਰਾਕ ਮੰਤਰਾਲੇ ਨੇ 10 ਫ਼ੀਸਦੀ ਤੱਕ ਲਸਟਰ ਲੌਸ ਵਾਲੀ ਕਣਕ ਨੂੰ ਸਰਕਾਰੀ ਭਾਅ ਵਿਚ ਬਿਨਾਂ ਕਿਸੇ ਕਟੌਤੀ ਦੇ ਖ਼ਰੀਦਣ ਦਾ ਫ਼ੈਸਲਾ ਕੀਤਾ ਹੈ। ਅਗਰ ਲਸਟਰ ਲੌਸ 10 ਫ਼ੀਸਦੀ ਤੋਂ 80 ਫ਼ੀਸਦੀ ਤੱਕ ਪਾਇਆ ਜਾਂਦਾ ਹੈ ਤਾਂ ਸਰਕਾਰ ਕਣਕ ਦੀ ਫ਼ਸਲ ਦੇ ਸਰਕਾਰੀ ਭਾਅ ਵਿਚ ਇੱਕ ਫ਼ੀਸਦੀ ਤੋਂ 25 ਫ਼ੀਸਦੀ ਤੱਕ ਕਟੌਤੀ ਕਰ ਸਕਦੀ ਹੈ।ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਵਲੋਂ ਜਾਰੀ ਇੱਕ ਬਿਆਨ ’ਚ ਕਿਹਾ ਕਿ ਲਸਟਰ ਲੌਸ ਦੇ ਨਾਂ ਹੇਠ ਕੱਟ ਲਾਉਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੂਬਾ ਪ੍ਰੈਸ ਸਕੱਤਰ ਹਰਨੇਕ ਸਿੰਘ ਗੁਜਰਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਦੱਸਿਆ ਕਿ ਬੇਮੌਸਮੀ ਬਾਰਸ਼ ਕਾਰਨ ਹੋਏ ਨੁਕਸਾਨ ’ਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ। ਬਿਨ੍ਹਾਂ ਕਸੂਰ ਕਿਸਾਨਾਂ ਨੂੰ ਸਜ਼ਾ ਦੇਣ ਦੀ ਥਾਂ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਬਾਂਹ ਫੜੇ।
ਉਕਤ ਆਗੂਆਂ ਨੇ ਕਿਹਾ ਕਿ ਲੰਘੇ ਸਾਲ ਵੱਧ ਗਰਮੀ ਕਾਰਨ ਝਾੜ ਘੱਟ ਗਿਆ ਸੀ ਅਤੇ ਇਸ ਵਾਰ ਮੌਸਮ ਦੀ ਕਰੋਪੀ ਕਾਰਨ ਪੰਜਾਭ ਭਰ ’ਚ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ, ਜਿਸ ਲਈ ਪੰਜਾਬ ਸਰਕਾਰ ਵਲੋਂ ਨਿਗੂਣੀ ਜਿਹੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ। ਹੁਣ ਕੇਂਦਰ ਨੇ ਲਸਟਰ ਲੌਸ ਦੇ ਨਾਮ ’ਤੇ ਕੱਟ ਲਗਾਇਆ ਤਾਂ ਪੰਜਾਬ ਦਾ ਕਿਸਾਨ ਉਜੜ ਜਾਏਗਾ। ਆਗੂਆਂ ਨੇ ਕਿਹਾ ਕਿ ਵਿਛੀ ਹੋਈ ਕਣਕ ਨੂੰ ਚੁਕਣ ਲਈ ਖਰਚ ਵੀ ਵੱਧ ਆਏਗਾ ਅਤੇ ਭਿੱਜੀ ਹੋਈ ਕਣਕ ਦੀ ਪੂਰੀ ਤੂੜੀ ਵੀ ਨਹੀਂ ਬਣੇਗੀ, ਜਿਸ ਨਾਲ ਪਸ਼ੂਆਂ ਦੇ ਚਾਰੇ ਦੀ ਵੀ ਤੋਟ ਆਏਗੀ।ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਤੁਰੰਤ ਕਿਸਾਨਾਂ ਨੂੰ ਖਰੀਦ ਦੇ ਮਾਪਦੰਡ ’ਚ ਰਾਹਤ ਦੇਣ ਅਤੇ ਮੌਸਮ ਕਾਰਨ ਹੋਏ ਹੋਰਨਾ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਦਾ ਤੁਰੰਤ ਐਲਾਨ ਕਰੇ।