“ਬੈਸਟ ਬਿਫੋਰ” ਨਾ ਲਿਖਣ ਸਬੰਧੀ ਦੁਕਾਨਾਂ ਨੂੰ ਨੋਟਿਸ ਜਾਰੀ
ਮਾਲੇਰਕੋਟਲਾ, 7 ਮਾਰਚ ( ਵਿਕਾਸ ਮਠਾੜੂ)-ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਦੁੱਧ ਵੇਚਣ ਵਾਲਿਆਂ ਡੇਅਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਅਧੀਨ ਸ੍ਰੀਮਤੀ ਰਾਖੀ ਵਿਨਾਇਕ ਸਹਾਇਕ ਕਮਿਸ਼ਨਰ ਫੂਡ ਸੇਫਟੀ ਅਤੇ ਸੰਦੀਪ ਸਿੰਘ ਫੂਡ ਸੇਫਟੀ ਅਫਸਰ ਦੀ ਟੀਮ ਵੱਲੋਂ ਮਲੇਰਕੋਟਲਾ ਦੇ ਵੱਖ ਵੱਖ ਪਿੰਡ ਹਥਨ ਅਤੇ ਮੰਡੇਰ ਵਿੱਚ ਅਚਨਚੇਤ ਚੈਕਿੰਗ ਕਰ ਕੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਚਾਰ ਸੈਂਪਲ ਭਰੇ ਗਏ । ਇਸ ਤੋਂ ਇਲਾਵਾ 1 ਸਰੋਂ ਦੇ ਤੇਲ ਦਾ ਸੈਂਪਲ ਵੀ ਜਾਂਚ ਲਈ ਭਰਿਆ ਗਿਆ।ਉਨ੍ਹਾ ਹੋਰ ਦੱਸਿਆ ਕਿ ਚੈਕਿੰਗ ਦੌਰਾਨ ਟੀਮ ਵੱਲੋ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਦੇ ਮਾਪਦੰਡਾਂ ਅਨੁਸਾਰ ਸਾਫ ਸੁਥਰੇ ਢੰਗ ਨਾਲ ਕੰਮ ਕਰਨ ਅਤੇ ਐਫ.ਐਸ.ਐਸ.ਏ.ਆਈ (FSSAI) ਤਹਿਤ ਲਾਇਸੰਸ /ਰਜਿਸਟ੍ਰੇਸ਼ਨ ਬਣਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ। ਸਹਾਇਕ ਕਮਿਸ਼ਨਰ ਫੂਡ ਸ੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜਿਆ ਜਾਵੇਗਾ ਅਤੇ ਲੈਬਾਰਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੇਲ੍ਹ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਇਸ ਤੋਂ ਇਲਾਵਾ ਫੂਡ ਸੇਫਟੀ ਟੀਮ ਵੱਲੋਂ ਮਲੇਰਕੋਟਲਾ ਦੇ ਵੱਖ ਵੱਖ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਮਿਠਾਈਆਂ ਦੀਆਂ ਟਰੇਆਂ ਉੱਤੇ ” ਬੈਸਟ ਬਿਫੋਰ ਡੇਟ ” (best before date) ਲਿਖਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਸਬੰਧੀ ਟੀਮ ਵੱਲੋਂ ਕਾਲਜ ਰੋਡ, ਕਲਬ ਚੌਂਕ, ਕੁਟੀ ਰੋਡ, ਸਠਾਂ ਚੌਂਕ ਵਿਖ਼ੇ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਦੋ ਦੁਕਾਨਾਂ ਦੇ ਹਲਵਾਈਆਂ ਨੂੰ ਉਪਰੋਕਤ ਨਿਯਮਾਂ ਦੀ ਪਾਲਣਾ ਨਾ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੀ ਚੈਕਿੰਗ ਜਾਰੀ ਰਹੇਗੀ ਅਤੇ ਜੋ ਵੀ ਦੁਕਾਨਦਾਰ ਫੂਡ ਸੇਫ਼ਟੀ ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਹੈ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।