ਪੱਟੀ (ਅਸਵਨੀ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਵਿਚ ‘ਸੰਵਿਧਾਨ ਬਚਾਓ’ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸ ਮੁਹਿੰਮ ਤਹਿਤ ਪੱਟੀ ਦੀ ਵਾਰਡ ਨੰਬਰ 15’ਚ ਕੌਂਸਲਰ ਰਮਨ, ਕਾਂਗਰਸੀ ਆਗੂ ਰਾਜ ਕੁਮਾਰ ਰਾਜੂ ਦੇ ਘਰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਮੀਟਿੰਗ ਕੀਤੀ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾ ‘ਤੇ ਸੰਵਿਧਾਨ ਬਚਾਓ ਮੁਹਿੰਮ ਤਹਿਤ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਉਨ੍ਹਾਂ ਦੱਸਿਆ ਕਿ ਵਿਗੜ ਰਹੀ ਸੰਵਿਧਾਨਕ ਸਥਿਤੀ ਬਾਰੇ ਲੋਕਾਂ ਤਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਮੀਟਿੰਗਾਂ ਕੀਤੀਆ ਜਾ ਰਹੀਆ ਹਨ। ਗਿੱਲ ਨੇ ਕਿਹਾ ਕਿ ਸੱਤਾਧਾਰੀ ਕੇਂਦਰ ਸਰਕਾਰ ਉਨ੍ਹਾਂ ਦੀ ਆਵਾਜ਼ ਦਬਾ ਕੇ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਆਜ਼ਾਦੀ ਨੂੰ ਖਤਰੇ ਵਿਚ ਪਾ ਰਹੀ ਹੈ। ਇਸ ਦੇ ਨਾਲ ਹੀ ਆਪਣੇ ਕੋਝੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਲੋਕਤੰਤਰ ਦੇ ਮੰਦਰ ਦਾ ਨਿਰਾਦਰ ਕਰ ਰਹੀ ਹੈ। ਸੱਤਾਧਾਰੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਗਿੱਲ ਨੇ ਆਖਿਆ ਕਿ ਕੇਂਦਰ ਸਰਕਾਰ ਧੋਖੇਬਾਜ਼ਾਂ ਨਾਲ ਮਿਲ ਕੇ ਦੇਸ਼ ਦੇ ਨਾਗਰਿਕਾਂ ਨੂੰ ਧੋਖਾ ਦੇ ਰਹੀ ਹੈ, ਜੋ ਕਿ ਅਡਾਨੀ ਵਿਰੁੱਧ ਕਾਰਵਾਈ ਕਰਨ ਵਿਚ ਜਾਣ ਬੁੱਝ ਕੇ ਕੀਤੀ ਜਾ ਰਹੀ ਅਣਗਹਿਲੀ ਤੋਂ ਸਪੱਸ਼ਟ ਹੈ। ਗੌਤਮ ਅਡਾਨੀ ਨੂੰ ਦਿੱਤੇ ਮੋਦੀ ਸਰਕਾਰ ਦੇ ਬੇਲੋੜੇ ਪੱਖਾਂ ਦਾ ਦਲੇਰੀ ਨਾਲ ਪਰਦਾਫਾਸ਼ ਕਰਨ ਵਾਲੇ ਨੇਤਾ ਰਾਹੁਲ ਗਾਂਧੀ ਦੀ ਆਵਾਜ਼ ਨੂੰ ਚੁੱਪ ਕਰਾ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਚੋਰਾਂ ਨਾਲ ਰਲੇ ਹੋਏ ਹਨ। ਜੇਕਰ ਕੋਈ ਇਨ੍ਹਾਂ ਵਿਰੁੱਧ ਕੋਈ ਉਂਗਲ ਉਠਾਉਂਦਾ ਹੈ ਤਾਂ ਸਰਕਾਰ ਆਵਾਜ਼ ਦਬਾਉਣ ਲਈ ਆਪਣੀ ਪੂਰੀ ਤਾਕਤ ਲਗਾ ਦਿੰਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜ਼ਾਲਮ ਸ਼ਾਸਕਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੀਏ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਅਧਿਕਾਰਾਂ ਲਈ ਲੋਕਤੰਤਰ ਦੀ ਰਾਖੀ ਕਰੀਏ। ਇਸ ਮੌਕੇ ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ, ਹਰਮਨ ਸੇਖੋਂ, ਐਡ: ਜਗਮੀਤ ਸਿੰਘ ਭੁੱਲਰ ਕੌਂਸਲਰ, ਵਿਜੇ ਸ਼ਰਮਾ ਸ਼ਹਿਰੀ ਪ੍ਰਧਾਨ, ਬਲਦੇਵ ਸਿੰਘ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।