ਹੁਸ਼ਿਆਰਪੁਰ, 9 ਅਪ੍ਰੈਲ (ਵਿਕਾਸ ਮਠਾੜੂ – ਮੋਹਿਤ ਜੈਨ) : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜ਼ਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਯੋਜਨਾਬੱਧ ਤਰੀਕੇ ਨਾਲ ਵਿਕਾਸ ਕਰ ਰਹੀ ਹੈ, ਜਿਸ ਕਾਰਨ ਹਰ ਖੇਤਰ ਦੀ ਨੁਹਾਰ ਬਦਲ ਰਹੀ ਹੈ। ਉਹ ਵਾਰਡ ਨੰਬਰ 6 ਦੇ ਮੁਹੱਲਾ ਕ੍ਰਿਸ਼ਨਾ ਨਗਰ ਵਿੱਚ ਵੱਖ-ਵੱਖ ਗਲੀਆਂ ਬਣਾਉਣ ਸਮੇਂ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।ਕੈਬਨਿਟ ਮੰਤਰੀ ਨੇ ਕਿਹਾ ਕਿ ਇਲਾਕੇ ਵਿੱਚ 22 ਲੱਖ 22 ਹਜ਼ਾਰ ਰੁਪਏ ਦੀ ਲਾਗਤ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਸੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਸਾਰੇ ਵਾਰਡਾਂ ਦੀਆਂ ਪ੍ਰਮੁੱਖ ਮੰਗਾਂ ਨੂੰ ਪੜਾਅਵਾਰ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਪੱਖੋਂ ਸ਼ਹਿਰ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸੜਕ ਦੇ ਨਿਰਮਾਣ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਕੰਮ ਦੀ ਗੁਣਵੱਤਾ ਵਿੱਚ ਕੋਈ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਪੰਜਾਬ ਸਰਕਾਰ ਦੀ ਹਮੇਸ਼ਾ ਹੀ ਤਰਜੀਹ ਰਹੀ ਹੈ। ਇਸ ਮੌਕੇ ਚੇਅਰਮੈਨ ਸਹਿਕਾਰੀ ਬੈਂਕ ਵਿਕਰਮ ਸ਼ਰਮਾ ਬੌਬੀ, ਅਜੇ ਮੋਹਨ ਬੱਬੀ, ਰਾਜੇਸ਼ਵਰ ਦਿਆਲ ਬੱਬੀ, ਵਰਿੰਦਰ ਸ਼ਰਮਾ ਬਿੰਦੂ, ਸਤਵੰਤ ਸਿੰਘ ਸਿਆਣ, ਧੀਰਜ ਸ਼ਰਮਾ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।