ਜਿਸ ਤਰ੍ਹਾਂ ਰੁੱਖਾਂ, ਪੌਦਿਆਂ ਅਤੇ ਪਸ਼ੂ- ਪੰਛੀਆਂ ਦਾ ਜੀਵਨ ਮਨੁੱਖ ‘ਤੇ ਨਿਰਭਰ ਕਰਦਾ ਹੈ, ਉਸੇ ਤਰ੍ਹਾਂ ਮਨੁੱਖ ਦੇ ਜੀਵਨ ਵਿਚ ਵੀ ਪਸ਼ੂ ਪੰਛੀ ਇਕ ਅਹਿਮ ਭੂਮਿਕਾ ਨਿਭਾਉਂਦੇ ਹਨ। ਹਾਲਾਂਕਿ ਅਸੀਂ ਉਨ੍ਹਾਂ ਵਲੋਂ ਦਿੱਤਾ ਯੋਗਦਾਨ ਨਹੀਂ ਦੇਖਦੇ, ਜਿਵੇਂ ਅਸਮਾਨ ਵਿੱਚ ਉੱਡਣ ਵਾਲੇ ਪੰਛੀ ਉਹਨਾਂ ਕੀੜੇ- ਮਕੌੜਿਆਂ ਦਾ ਸ਼ਿਕਾਰ ਕਰਦੇ ਹਨ ਜੋ ਧਰਤੀ ਉੱਤੇ ਸਾਡੇ ਲਈ ਬਹੁਤ ਸਾਰੇ ਖ਼ਤਰਿਆਂ ਦਾ ਕਾਰਨ ਬਣਦੇ ਹਨ। ਭਾਵ, ਪੰਛੀਆਂ ਵਲੋਂ ਮਨੁੱਖੀ ਜਾਨਾਂ ਦੀ ਰਾਖੀ ਕੀਤੀ ਗਈ। ਦੂਜੇ ਪਾਸੇ ਅਸੀਂ ਪਸ਼ੂਆਂ ਦੀ ਗੱਲ ਕਰੀਏ ਤਾਂ ਪਸ਼ੂ ਮਨੁੱਖ ਲਈ ਇੱਕ ਐਸਾ ਧਨ ਹਨ ਜੋਕਿ ਅਲੱਗ ਅਲੱਗ ਮੌਕੇ ਤੇ ਕੰਮ ਆਉਂਦਾ ਹੈ। ਗਾਂ, ਮੱਝ, ਬੱਕਰੀ ਵਰਗੇ ਜਾਨਵਰਾਂ ਦਾ ਦੁੱਧ ਸਾਡੇ ਲਈ ਬਹੁਤ ਲਾਭਦਾਇਕ ਹੈ। ਭੇਡਾਂ ਦੀ ਉੱਨ ਅਤੇ ਵੱਖ- ਵੱਖ ਪ੍ਰਜਾਤੀਆਂ ਦੇ ਜਾਨਵਰਾਂ ਦੀਆਂ ਖੱਲਾਂ ਤੋਂ ਕਈ ਤਰ੍ਹਾਂ ਦੀਆਂ ਉਪਯੋਗੀ ਵਸਤੂਆਂ ਵੀ ਬਣਾਈਆਂ ਜਾਂਦੀਆਂ ਹਨ। ਇਥੋਂ ਤੱਕ ਕਿ ਇਹਨਾਂ ਪਸ਼ੂਆਂ ਦਾ ਮਲ- ਮੂਤਰ ਵੀ ਖੇਤੀਬਾੜੀ ਅਤੇ ਭੋਜਨ ਉਤਪਾਦਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਦੁੱਧ ਦੇਣ ਵਾਲੇ ਪਸ਼ੂਆਂ ਵਿੱਚੋ ਇੱਕ ਹੈ ਗਾਂ, ਜਿਸ ਨੂੰ ਸਾਡਾ ਭਾਰਤ ਦੇਸ਼ ਗਊ ਮਾਤਾ ਦੇ ਨਾਮ ਨਾਲ ਵੀ ਜਾਣਦਾ ਹੈ। ਕਹਿਣ ਨੂੰ ਤਾਂ ਗਾਂ ਇੱਕ ਜਾਨਵਰ ਹੈ ਜੋ ਦੁੱਧ ਦਿੰਦਾ ਹੈ. ਪਰ ਅਸਲ ਵਿਚ ਉਸ ਨੂੰ ਮਾਂ ਦਾ ਦਰਜਾ ਇਸ ਲਈ ਵੀ ਹਾਸਿਲ ਹੈ ਕਿ ਗਾਂ ਸਿਰਫ਼ ਦੁੱਧ ਦੇਣ ਲਈ ਹੀ ਲਾਭਦਾਇਕ ਨਹੀਂ ਬਲਕਿ ਇਨ੍ਹਾਂ ਦੀ ਵਰਤੋਂ ਖੇਤਾਂ ਵਿਚ ਵੀ ਕੀਤੀ ਜਾਂਦੀ ਰਹੀ ਹੈ। ਇਹ ਖੇਤੀਬਾੜੀ ਲਈ ਬਹੁਤ ਹੀ ਮਹੱਤਵਪੂਰਨ ਸਾਬਿਤ ਹੋਈ। ਕਿਉਕਿ ਭਾਰਤ ਇੱਕ ਪੁਰਾਤਨ ਸਮੇਂ ਤੋਂ ਹੀ ਖੇਤੀ ਪ੍ਰਧਾਨ ਦੇਸ਼ ਰਿਹਾ ਹੈ। ਖੇਤੀ ਉਦੋਂ ਵੀ ਕੀਤੀ ਜਾਂਦੀ ਰਹੀ ਹੈ ਜਦੋਂ ਬਿਜਲੀ ਅਤੇ ਪੈਟਰੋਲ ਡੀਜ਼ਲ ਵਰਗੇ ਬਾਲਣ ਦਾ ਪ੍ਰਚਲਨ ਨਹੀਂ ਸੀ ਹੋਇਆ। ਉਸ ਵਕਤ ਇਹਨਾਂ ਗਾਵਾਂ ਦਾ ਅਹਿਮ ਯੋਗਦਾਨ ਰਿਹਾ ਹੈ। ਗਾਵਾਂ ਤੋਂ ਪੈਦਾ ਹੋਏ ਵੱਛੇ ਵੱਡੇ ਹੋ ਕੇ ਬਲਦ ਬਣਦੇ। ਇਨ੍ਹਾਂ ਬਲਦਾਂ ਦੀ ਵਰਤੋਂ ਨਾਲ ਖੇਤਾਂ ਵਿੱਚ ਹਲ ਵਾਹੁਣ , ਕੋਹਲੂ ਤੇ ਤੇਲ ਕੱਢਣ ਤੋਂ ਅਤੇ ਹਲਟਾਂ ਦੁਆਰਾ ਖੂਹਾਂ ਚੋ ਪਾਣੀ ਕੱਡਣ ਤੋਂ ਇਲਾਵਾਂ ਕਈ ਛੋਟੇ ਮੋਟੇ ਕੰਮ ਲਏ ਜਾਂਦੇ ਰਹੇ ਹਨ। ਇੱਥੇ ਇਹ ਵੀ ਗੱਲ ਜਿਕਰਯੋਗ ਹੈ ਕਿ ਸਿਰਫ਼ ਗਾਂ ਦਾ ਦੁੱਧ ਹੀ ਕੰਮ ਨਹੀਂ ਸੀ ਆਉਂਦਾ, ਗਾਵਾਂ ਦਾ ਮਲ- ਮੂਤਰ ਵੀ ਵਰਤਿਆ ਜਾਂਦਾ ਸੀ। ਗਾਂ ਦੇ ਗੋਹੇ ਨੂੰ ਖਾਣਾ ਪਕਾਉਣ ਲਈ ਪਾਥੀਆਂ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਰਿਹਾ ਹੈ। ਜੈਵਿਕ ਖਾਦ ਗਾਂ ਦੇ ਗੋਹੇ ਤੋਂ ਹੀ ਬਣਾਈ ਜਾਂਦੀ ਹੈ, ਜੋ ਪੌਦਿਆਂ ਅਤੇ ਖੇਤਾਂ ਦੀ ਮਿੱਟੀ ਨੂੰ ਉਪਜਾਊ ਬਣਾਉਂਦੀ ਹੈ। ਕਚੇ ਘਰਾਂ ਚ ਗੋਹੇ ਦਾ ਲੇਪ ਕਰਨ ਲਈ ਗਾਂ ਦਾ ਗੋਹਾ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ। ਅਸਲ ਵਿੱਚ ਗਊ ਮਾਤਾ ਨੇ ਮਾਂ ਵਾਂਗ ਹੀ ਸਾਡੀ ਮਦੱਦ ਕੀਤੀ। ਪਰ ਕੀ ਅਸੀਂ ਗਊ ਮਾਤਾ ਨੂੰ ਆਪਣੀ ਮਾਂ ਵਾਂਗ ਸੰਭਾਲਿਆ, ਜਾਂ ਸਤਿਕਾਰ ਦਿੱਤਾ ਸ਼ਾਇਦ ਉੱਤਰ ਹੋਏਗਾ ਨਹੀਂ।
ਭਾਰਤ ਦੇਸ਼ ਵਿੱਚ ਗਊਆਂ ਨੂੰ ਮਾਤਾ ਦਾ ਦਰਜਾ ਮਿਲਿਆ ਹੋਇਆ ਹੈ। ਲੋਕ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਗਊਸ਼ਾਲਾਵਾਂ ਵਿੱਚ ਜਾ ਕੇ ਗਊਆਂ ਦੀ ਅਲੱਗ ਅਲੱਗ ਤਰੀਕੇ ਨਾਲ ਸੇਵਾ ਕਰਕੇ ਪੁੰਨ ਕਮਾਉਂਦੇ ਹਨ ਪਰ ਸਾਡੇ ਹੀ ਦੇਸ਼ ਵਿੱਚ ਕੁੱਝ ਕੁ ਲੋਕਾਂ ਕਰਕੇ ਹੀ ਅਸੀਂ ਜ਼ਖਮੀ ਹਾਲਤ ਵਿੱਚ ਜਾਂ ਬੇਸਹਾਰਾ ਹੋਣ ਕਾਰਨ ਗਊਆਂ ਨੂੰ ਅਕਸਰ ਖੁਲ੍ਹੀਆਂ ਸੜਕਾਂ ਤੇ ਘੁੰਮਦਿਆਂ ਦੇਖਦੇ ਹਾਂ। ਇਹ ਉਹ ਗਾਵਾਂ ਹਨ ਜਿੰਨ੍ਹਾ ਨੇ ਸਾਨੂੰ 5-7 ਸਾਲ ਅੰਮ੍ਰਿਤ ਵਰਗਾ ਦੁੱਧ ਪਿਲਾਇਆ, ਕਈ ਵੱਛੀਆਂ ਦਿੱਤੀਆਂ ਜੋ ਸਾਲ- ਦੋ ਸਾਲ ਤਕ ਨੂੰ ਦੁੱਧ ਦੀਆਂ ਬਾਲਟੀਆਂ ਭਰਦੀਆਂ ਨਜ਼ਰ ਆਉਂਦੀਆਂ ਤੇ ਇਕ ਵਛੜਾ ਦਿਤਾ ਜੋ ਸਾਡੇ ਪਸ਼ੂਆਂ ਦੇ ਚਾਰੇ ਲਈ ਰੇਹੜਾ ਖਿਚਦਾ ਹੈ। ਪਰ ਉਸ ਦਾ ਸਿਲਾ ਗਊ ਨੂੰ ਇਹ ਮਿਲਿਆ ਕਿ ਅਸੀਂ ਉਸ ਨੂੰ ਲੋਕਾਂ ਦੇ ਡੰਡੇ ਖਾਣ ਲਈ ਸੜਕਾਂ ਤੇ ਖੁੱਲ੍ਹਾ ਛੱਡਣ ਲਈ ਮਜਬੂਰ ਹੋ ਗਏ। ਕਿਉਕਿ ਬਾਰ ਬਾਰ ਕੋਸ਼ਿਸ਼ਾਂ ਤੋਂ ਬਾਅਦ ਵੀ ਉਸ ਦੀ ਜਣਨ ਕਿਰਿਆ ਠੀਕ ਨਾ ਹੋ ਸਕੀ ਤੇ ਜਿਸ ਕਾਰਣ ਓਸ ਨੂੰ ਮਜਬੂਰਨ ਸੜਕਾਂ ਤੇ ਬੇਸਹਾਰਾ ਰਹਿਣਾ ਪਿਆ।
ਇਹਨਾਂ ਬੇਸਹਾਰਾ ਗਊਆਂ ਲਈ ਹਰ ਸ਼ਹਿਰ, ਕਸਬਿਆਂ ਵਿੱਚ ਬਹੁਤ ਸਾਰੀਆਂ ਗਊਸ਼ਾਲਾਵਾ ਵੀ ਖੁੱਲ੍ਹੀਆਂ ਹੋਇਆ ਹਨ ਜਿੱਥੇ ਇਹ ਗਾਵਾਂ ਰੱਖਿਆਂ ਜਾਂਦੀਆ ਹਨ।
ਇਸ ਤੋ ਇਲਾਵਾ ਬਹੁਤ ਥਾਈਂ ਗਲੀ, ਮੁੱਹਲੇ ਅਤੇ ਪਿੰਡਾ ਵਿੱਚ ਵੀ ਬਹੁਤ ਸਾਰੀਆਂ ਸੋਸਾਇਟੀ,ਕਲਬ ਅਤੇ ਨੇਕ ਰੂਹਾਂ ਵੀ ਹਨ ਜੋ ਇਹਨਾਂ ਅਵਾਰਾ ਗਊਆਂ ਦੀ ਮਦੱਦ ਕਰਦਿਆਂ ਹਨ। ਇਹਨਾਂ ਵਿੱਚੋਂ ਹੀ ਇੱਕ ਨੇਕ ਦਿਲ ਇਨਸਾਨ ਹੈ ਸੁਨੀਲ ਗਰਗ,ਜੋਕਿ ਬਰਨਾਲੇ ਦੇ ਪਿੰਡ ਧੌਲਾ ਦਾ ਵਸਨੀਕ ਹੈ। ਜਿਸ ਦੇ ਸਵੇਰ ਹੀ ਇਹਨਾਂ ਬੇਸਹਾਰਾ ਗਊਆਂ ਦੀ ਸੇਵਾ ਤੋਂ ਸ਼ੁਰੂ ਹੂੰਦੀ ਹੈ। 32 ਸਾਲਾਂ ਸੁਨੀਲ ਗਰਗ ਸਵੇਰ ਤੋ ਹੀ ਇਹਨਾਂ ਗਊਆਂ ਲਈ ਚਾਰੇ ਆਦਿ ਦੇ ਪ੍ਰਬੰਧ ਕਰਨ ਲਈ ਆਪਣੀ ਟੀਮ ਸੁਨੀਲ ਗੋਇਲ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਜੂਆ ਸਿੰਘ ਅਤੇ ਅਰਪਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੈਂਬਰਾਂ ਨਾਲ ਜੁੱਟ ਜਾਂਦਾ ਹੈ। ਇਹ ਟੀਮ ਆਪਣੇਂ ਪਿੰਡ ਤੋਂ ਇਲਾਵਾ ਲਾਗਲੇ ਪਿੰਡਾ ਚ ਵੀ ਘੁੰਮ ਰਹੀਆਂ ਆਵਾਰਾ ਗਊਆ ਦੀ ਦੇਖ ਰੇਖ , ਡਾਕਟਰੀ ਸਹਾਇਤਾ ਅਤੇ ਹਰੇ ਚਾਰੇ ਆਦਿ ਦਾ ਪ੍ਰਬੰਧ ਕਰਦੀ ਹੈ। ਹੈਲਪ ਕੁਆਈਨ ਫਾਉਡੇਂਸ਼ਨ ਨਾਮ ਹੇਠ ਸੁਨੀਲ ਗਰਗ ਨੇ ਆਪਣਾ ਕਲੱਬ ਬਣਾ, ਕੋਈ 100 ਤੋਂ ਵੱਧ ਮੈਂਬਰ ਜੋੜੇ ਹੋਏ ਹਨ। ਪੰਜਾਬ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਮਾਸਟਰ ਡਿਗਰੀ ਹਾਸਲ ਕਰ ਚੁੱਕੇ ਸੁਨੀਲ ਗਰਗ ਨੇ ਦਸਿਆ ਕਿ ਲੋਕਡਾਊਨ ਦੌਰਾਣ ਇਹਨਾਂ ਬੇਸਹਾਰਾ ਗਊਆਂ ਦੀ ਮਦੱਦ ਲਈ ਸਾਡੀ ਇਹ ਟੀਮ ਅੱਗੇ ਆਈ। ਗਲਬਾਤ ਦੌਰਾਨ ਸੁਨੀਲ ਗਰਗ ਨੇ ਦਸਿਆ ਕਿ ਮੇਂ ਇੱਕਲਾ ਹੀ ਇਸ ਕੰਮ ਲਈ ਅੱਗੇ ਆਇਆ ਸੀ ਪਰ ਅੱਜ ਮੇਰੇ ਨਾਲ ਬਹੁਤ ਨੇਕ ਰੂਹਾਂ ਜੁੜੀਆਂ ਹੋਈਆਂ ਹਨ ਜੋ ਸਾਨੂੰ ਲੋੜ ਪੈਣ ਤੇ ਤਨ, ਮਨ ਅਤੇ ਧੰਨ ਨਾਲ ਸਹਿਯੋਗ ਦੇਕੇ ਸਾਡੀ ਇਸ ਟੀਮ ਦੀ ਮਦੱਦ ਕਰਦਿਆਂ ਹਨ। ਇਸ ਤੋਂ ਇਲਾਵਾਂ ਉਹਨਾਂ ਦਸਿਆ ਕਿ ਸਾਡੀ ਇਹ ਟੀਮ ( ਹੈਲਪ ਕੁਆਈਨ ਫਾਊਡੇਂਸ਼ਨ ) ਪਖੋਂ ਕਲਾਂ ਬਰਨਾਲਾ ਦੀ ਲੋਕਸੇਵਾ ਗਊਸ਼ਾਲਾ ਸਮਿਤੀ ਦੇ ਬਾਬਾ ਜੀ ਹਰੀ ਵੈਦ ਜੀ ਦੀ ਪ੍ਰੇਰਣਾ ਸਦਕਾ ਬਣੀ ਹੈ। ਜਿਨ੍ਹਾਂ ਤੋਂ ਅਸੀਂ ਆਸ਼ੀਰਵਾਦ ਪ੍ਰਾਪਤ ਕਰ ਸਭ ਤੋਂ ਪਹਿਲਾਂ ਸੜਕਾਂ ਤੇ ਆਵਾਰਾ ਘੁੰਮ ਰਹੀਆਂ ਗਾਵਾਂ ( ਜੋ ਐਕਸੀਡੈਂਟ ਦਾ ਕਾਰਨ ਬਣ ਰਹੀਆਂ ਸਨ) ਦੇ ਗਲਿਆ ਵਿਚ ਸੇਫਟੀ ਬੇਲਟਾ ਪਾ ਕੇ ਸ਼ੁਰੂ ਕਿਤਾ ਸੀ।
ਸੁਨੀਲ ਗਰਗ ਜੀ ਨੇ ਕਿਹਾ ਕਿ ਸਾਡੇ ਵਲੋਂ ਚਲਾਏ ਜਾ ਰਹੇ ਹੈਲਪ ਕੋਈਨ ਫਾਊਡੇਂਸ਼ਨ ਦਾ ਸਿਰਫ ਇਕੋ ਇਕ ਮਿਸ਼ਨ ਹੈ ਕਿ ਜਿਵੇਂ ਸਾਧੂ-ਸੰਤਾਂ ਵੱਲੋਂ ਵੀ ਹਮੇਸ਼ਾ ਗਊਆਂ ਦੀ ਸਾਂਭ-ਸੰਭਾਲ ਨੂੰ ਵੱਡੇ ਪੁੰਨ ਦਾ ਕੰਮ ਮੰਨਿਆ ਜਾਂਦਾ ਰਿਹਾ ਹੈ ਓਵੇਂ ਹੀ ਅਸੀਂ ਵੀ ਭਵਿੱਖ ਵਿਚ ਇਹਨਾਂ ਗਊਆਂ ਦੀ ਵੱਧ ਤੋਂ ਵੱਧ ਦੇਖ ਭਾਲ ਦੀ ਸੇਵਾ ਕਰੀਏ,ਇਹਨਾਂ ਦੇ ਰਹਿਣ ਲਈ ਪ੍ਰਬੰਧ ਕਰੀਏ ਅਤੇ ਅਸਲ ਵਿੱਚ ਗਊ ਮਾਤਾ ਨੂੰ ਗਊ ਮਾਤਾ ਦਾ ਦਰਜਾ ਦੇਕੇ ਪੁੰਨ ਕਮਾਈਏ।
ਬਲਦੇਵ ਸਿੰਘ ਬੇਦੀ
ਜਲੰਧਰ