ਫਿਲੌਰ, 13 ਅਪ੍ਰੈਲ ( ਅਸ਼ਵਨੀ, ਮੋਹਿਤ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ (ਜਲੰਧਰ) ਦੇ ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕਾਲਜ ਦੇ ਵਿਦਿਆਰਥੀ ਵਿਦਿਅਕ ਤੇ ਸਹਿ-ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਕਾਲਜ ਦਾ ਨਾਂ ਰੌਸ਼ਨ ਕਰਦੇ ਆ ਰਹੇ ਹਨ। ਇਸ ਵਾਰ ਵੀ ਬੀ.ਐੱਸ.ਸੀ. ਸਮੈਸਟਰ ਤੀਜੇ ਦੇ ਵਿਦਿਆਰਥੀ ਜਸਵੀਰ ਰਾਮ ਅਤੇ ਅਮਰਪ੍ਰੀਤ ਕੌਰ ਨੇ ਕਿਊਟੀ ਦੇ ਵਿਸ਼ੇ ਵਿੱਚੋਂ ਸ਼ਤ-ਪ੍ਰਤੀ-ਸ਼ਤ ਅੰਕ ਪ੍ਰਾਪਤ ਕੀਤੇ। ਇਨ੍ਹਾਂ ਵਿਦਿਆਰਥੀਆਂ ਨੇ ਕ੍ਰਮਵਾਰ 68% ਅਤੇ 69% ਸਾਰੇ ਵਿਸ਼ਿਆਂ ‘ਚੋਂ ਕੁੱਲ ਅੰਕ ਹਾਸਲ ਕੀਤੇ। ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਇਹ ਵੀ ਕਿਹਾ ਕਿ ਕਾਲਜ ਦੀਆਂ ਸਹਿ-ਵਿਦਿਅਕ ਕਾਰਗੁਜ਼ਾਰੀਆਂ ਵੀ ਮਹੱਤਵਪੂਰਨ ਸਥਾਨ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰਾ ਸਾਰਾ ਸਟਾਫ਼ ਹੀ ਮਿਹਨਤੀ ਹੈ। ਇਸ ਲਈ ਕਾਲਜ ਆਏ ਦਿਨ ਨਵੇਂ ਮੁਕਾਮ ਹਾਸਲ ਕਰਦਾ ਰਹਿੰਦਾ ਹੈ। ਪ੍ਰਿੰਸੀਪਲ ਵੱਲੋਂ ਸ਼ਤ-ਪ੍ਰਤੀਸ਼ਤ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।