ਪੰਜਾਬ ਵਿੱਚ ਜੇਲ੍ਹਾਂ ਵਿਚ ਨਜ਼ਰਬੰਦ ਅਪਰਾਧੀਆਂ ਦੀਆਂ ਸਮੇਂ ਸਮੇਂ ਤੇ ਜੇਲ ਦੇ ਅੰਦਰੋਂ ਕੀਤੀਆਂ ਜਾਣ ਵਾਲੀਆਂ ਦਤੀਵਿਧੀਆਂ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀਆਂ ਹਨ। ਜੇਲ੍ਹਾਂ ਵਿਚ ਖੁਦ ਨੂੰ ਸੁਰੱਖਿਆ ਕਰਦੇ ਹੋਏ ਗੈਂਗਸਟਰ, ਨਸ਼ਾ ਤਸਕਰ ਜਾਂ ਹੋਰ ਵੱਡੇ ਅਪਰਾਧੀ ਜੇਲ੍ਹ ਦੇ ਅੰਦਰ ਬੈਠ ਕੇ ਬਾਹਰ ਵੱਡੇ ਧੰਦੇ ਆਸਾਨੀ ਨਾਲ ਕਰਨ ਵਿਚ ਸਫਲ ਹੁੰਦੇ ਹਨ। ੁਹ ਜੇਲ੍ਹਾਂ ਵਿਚ ਬੈਠ ਕੇ ਆਪਣੇ ਬਾਹਰੀ ਨੈੱਟਵਰਕ ਰਾਹੀਂ ਜਿਥੇ ਪੰਜਾਬ ਭਰ ਵਿਚ ਨਸ਼ ਦੀਆਂ ਵੱਡੀਆਂ ਖੇਪਾਂ ਸਪਲਾਈ ਕਰਵਾਉਂਦੇ ਹਨ ਉਥੇ ਨਾਲ ਹੀ ਨਜ਼ਾਇਜ਼ ਹਥਿਆਰਾਂ ਦੀ ਸਪਲਾਈ, ਲੁੱਟ ਖੋਹ, ਕਤਲ ਅਤੇ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜਿਸ ਦੇ ਖੁਲਾਸੇ ਸਮੇਂ-ਸਮੇਂ ’ਤੇ ਸਾਹਮਣੇ ਆ ਰਹੇ ਹਨ। ਹੁਣ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਵੱਖ-ਵੱਖ ਦਸ ਕੇਸਾਂ ਵਿੱਚ ਨਜ਼ਰਬੰਦ ਅਪਰਾਧੀ ਅਰੁਣ ਕੁਮਾਰ ਉਰਫ਼ ਅਨਿਲ ਕੁਮਾਰ ਵਾਸੀ ਬੱਠੂ ਹਰੇਲੀ ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼, ਜੋ ਕਿ ਇਸ ਸਮੇਂ ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਹੈ। ਲੁਧਿਆਣਾ ਦੀ ਸੈਂਟਰਲ ਜੇਲ੍ਹ ’ਚ ਉਸਦੀ ਬੈਰਕ ਵਿਚ ਉਸਦਾ ਜਨਮ ਦਿਨ ਮਨਾਇਆ ਗਿਆ ਅਤੇ ਬਕਾਇਦਾ ਗਰੈਂਡ ਪਾਰਟੀ ਦਾ ਇੰਤਜਾਮ ਕੀਤਾ ਗਿਆ। ਜਿਸ ਵਿਚ ਜੇਲ੍ਹ ਵਿਚ ਨਜ਼ਰਬੰਦ ਵੱਖ ਵੱਖ 20 ਦੇ ਕਰੀਬ ਕੈਦੀ ਉਸਦੀ ਜਨਮ ਦਿਨ ਪਾਰਟੀ ਵਿਚ ਸ਼ਾਮਲ ਹੋਏ ਅਤੇ ਖੂਬ ਹੰਗਾਮਾ ਕੀਤਾ। ਵੀਡੀਓ ਬਣਾਈ ਗਈ ਅਤੇ ਬਾਅਦ ਵਿਨਚ ਉਸਨੂੰ ਵਾਇਰਲ ਵੀ ਕੀਤਾ ਗਿਆ। ਭਾਵੇਂ ਕਿ ਇਹ ਪਾਰਟੀ 15 ਦਿਨ ਪਹਿਲਾਂ ਹੋਈ ਦੱਸੀ ਜਾ ਰਹੀ ਹੈ ਪਰ ਹੁਣ ਉਸ ਪਾਰਟੀ ਦੀ ਨੀਡੀਓ ਵਾਇਰਲ ਹੋਣ ਕਾਰਨ ਸਰਕਾਰ ਅਤੇ ਜੇਲ ਪ੍ਰਸਾਸ਼ਨ ਵਿਚ ਹੜਕੰਪ ਮੱਚ ਗਿਆ। ਉਸਤੋਂ ਬਾਅਦ ਆਨਣ ਫਾਨਨ ਵਿਚ ਥਾਣਾ ਡਵੀਜ਼ਨ ਨੰਬਰ 7 ਵਿੱਚ ਏਡੀਜੀਪੀ ਦੀਆਂ ਹਦਾਇਤਾਂ ਤੇ ਵੱਲੋਂ ਡਿਪਟੀ ਜੇਲ੍ਹਰ ਦੀ ਸ਼ਿਕਾਇਤ ’ਤੇ 20 ਦੇ ਕਰੀਬ ਲੋਕਾਂ ਨੂੰ ਨਾਮਜ਼ਦ ਕਰਕੇ ਕੇਸ ਵੀ ਦਰਜ ਕੀਤਾ ਗਿਆ ਹੈ। ਹੁਣ ਇੱਥੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਇਸ ਤੋਂ ਪਹਿਲਾਂ ਜਦੋਂ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਜੇਲ੍ਹ ਤੋਂ ਹੀ ਦੋ ਵਾਰ ਟੈਲੀਕਾਸਟ ਹੋਇਆ ਸੀ ਤਾਂ ਇਸ ਦੇ ਲਈ ਮਾਨ ਸਰਕਾਰ ਨੂੰ ਚਾਰੇ ਪਾਸਿਓਂ ਵਿਰੋਧੀ ਪਾਰਟੀਆਂ ਨੇ ਘੇਰਿਆ ਸੀ। ਜਿਸ ਵਿਚ ਬਚਾਅ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ, ਸਰਕਾਰ ਇਸਦੀ ਜਿੰਮਾਂ ਕਦੇ ਰਾਜਸਥਾਨ ਸਿਰ ਮੜ੍ਹਦੀ ਨਜ਼ਰ ਆਈ ਅਤੇ ਕਦੇ ਸਿੱਧੇ ਤੌਰ ’ਤੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਇੰਟਰਵਿਊ ਪੰਜਾਬ ਦੀ ਜੇਲ੍ਹ ’ਚ ਹੋਈ ਹੀ ਨਹੀਂ। ਪਰ ਹੁਣ ਤੱਕ ਉਸ ਇੰਟਰਵਿਊ ਤੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਿੱਥੇ ਹੋਈ ਸੀ ਅਤੇ ਨਾ ਹੀ ਪੰਜਾਬ ਪੁਲਸ ਅਤੇ ਜੇਲ. ਪ੍ਰਸ਼ਾਸਨ ਨੇ ਲਾਰੈਂਸ ਬਿਸ਼ਨੋਈ ਤੋਂ ਇਸ ਬਾਰੇ ਪੁੱਛ ਗਿਛ ਕਰਕੇ ਹੀ ਸਥਿਤੀ ਸਪਸ਼ੱਟ ਕੀਤੀ ਹੈ। ਇਸ ਤੋਂ ਬਾਅਦ ਸਮੇਂ-ਸਮੇਂ ’ਤੇ ਜੇਲ੍ਹਾਂ ਤੋਂ ਮੋਬਾਈਲ ਫੋਨਾਂ ਨਾਲ ਹਜ਼ਾਰਾਂ ਕਾਲਾਂ ਕਰਨ ਦਾ ਮਾਮਲਾ ਸਾਹਮਣੇ ਆਇਆ, ਜੇਲ੍ਹਾਂ ਵਿਚ ਵੱਡੀ ਸੰਖਿਆ ਵਿਚ ਮੋਬਾਇਲ ਫੋਨ ਬਰਾਮਦ ਹੋਣਾ ਤਾਂ ਹੁਣ ਆਮ ਗੱਲ ਹੋ ਗਈ ਹੈ। ਹੁਣ ਜਨਮ ਦਿਨ ਦੀ ਪਾਰਟੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਪੁਲਸ ਅਤੇ ਜੇਲ ਪ੍ਰਸ਼ਾਸਨ ਦੇ ਸਾਰੇ ਦਾਅਵਿਆਂ ਦੀ ਪੋਲ ਦਾ ਪਰਦਾਫਾਸ਼ ਕਰ ਦਿਤਾ। ਜੇਲ੍ਹ ਵਿੱਚ ਮੋਬਾਈਲ ਫੋਨ ਕਿਵੇਂ ਪਹੁੰਚਿਆ, ਅਰੁਣ ਕੁਮਾਰ ਉਰਫ਼ ਅਨਿਲ ਕੁਮਾਰ ਦੀ ਜਨਮ ਦਿਨ ਦੀ ਪਾਰਟੀ ਦੇ ਸਮਾਗਮ ਦਾ ਆਯੋਜਨ ਕਿਵੇਂ ਕੀਤਾ ਗਿਆ, ਉਸ ਦੇ ਬੈਰਕ ਵਿੱਚ ਜਨਮ ਦਿਨ ਦੀ ਪਾਰਟੀ ਲਈ ਖਾਣ-ਪੀਣ ਦਾ ਸਾਮਾਨ ਕਿੱਥੋਂ ਆਇਆ ਅਤੇ 20 ਦੇ ਕਰੀਬ ਕੈਦੀ ਉਸ ਦੇ ਜਨਮ ਦਿਨ ਦੀ ਪਾਰਟੀ ’ਚ ਸ਼ਾਮਲ ਹੋਣ ਲਈ ਬੈਰਕ ’ਚ ਇਕੱਠੇ ਕਿਵੇਂ ਹੋਏ ? ਇੰਨੀ ਵੱਡੀ ਗਤੀਵਿਧੀ ’ਚ ਇਹ ਸਭ ਵੱਡੇ ਸਵਾਲ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਵਿਚ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਮੂਲੀਅਤ ਤੋਂ ਬਗੈਰ ਇਹ ਸੰਭਵ ਨਹੀਂ ਹੋ ਸਕਦਾ। ਇੰਨਾ ਹੀ ਨਹੀਂ ਉਸ ਨੇ ਆਪਣੇ ਜਨਮਦਿਨ ਦੀ ਪਾਰਟੀ ਮੋਬਾਇਲ ਫੋਨ ਤੇ ਵੀਡੀਓ ਬਣਵਾ ਕੇ ਵਾਇਰਲ ਵੀ ਕਰਵਾਈ। ਕੀ ਇਸ ਨਵੇਂ ਮਾਮਲੇ ’ਚ ਸਰਕਾਰ ਅਤੇ ਜੇਲ ਪ੍ਰਸ਼ਾਸਨ ਕੋਈ ਜਵਾਬ ਦੇ ਸਕੇਗਾ? ਇਸ ਤੋਂ ਪਹਿਲਾਂ ਜੇਲ ’ਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਣ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕੀਤੀ ਗਈ ਸੀ। ਹਾਈਕੋਰਟ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਹੁਣ ਬਦ ਤੋਂ ਬਦਤਰ ਹੋ ਚੁੱਕੇ ਹਨ। ਅਜਿਹੇ ’ਚ ਪੰਜਾਬ ਸਰਕਾਰ ਵੱਲੋਂ ਹਾਈਕੋਰਟ ’ਚ ਭਰੋਸਾ ਦੇਣ ਤੋਂ ਬਾਅਦ ਜੋ ਵੀਡੀਓ ਹੁਣ ਜਨਮ ਦਿਨ ਮਨਾਉਣ ਵਾਲੀ ਦੁਬਾਰਾ ਸਾਹਮਣੇ ਆਈ ਹੈ, ਉਹ ਸਰਕਾਰ ਅਤੇ ਜੇਲ੍ਹ ਪ੍ਰਸਾਸ਼ਨ ਲਈ ਹੋਰ ਮੁਸੀਬਤ ਖੜ੍ਹੀ ਕਰ ਸਕਦੀ ਹੈ। ਹੁਣ ਭਾਵੇਂ ਇਸ ਮਾਮਲੇ ਦੀ ਜਾਂਚ ਲਈ ਸਾਈਬਰ ਸੈੱਲ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਅਤੇ ਲਗਾਤਾਰ ਇਸ ਮਾਮਲੇ ਵਿਚ ਸ਼ਾਮਲ ਹੋਣ ਵਾਲੇ ਅਤੇ ਆਯੋਜਨ ਕਰਨ ਵਾਲਿਆਂ ਖਿਲਾਫ ਕੇਸ ਵੀ ਦਰਜ ਕੀਤੇ ਜਾ ਰਹੇ ਹਨ ਪਰ ਕੀ ਜੇਲ੍ਹ ਪ੍ਰਸਾਸ਼ਨ ਦੇ ਅਧਿਕਾਰੀਆਂ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਜਾਂਚ ਦਾ ਨਤੀਜਾ ਕੀ ਨਿਕਲੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲੇ ਮਾਮਲੇ ਵਿਚ ਜਿਸ ਤਰ੍ਹਾਂ ਹੁਣ ਤੱਕ ਜਾਂਚ ਏਜੰਸੀਆਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕੀਆਂ ਕੀ ਉਸੇ ਤਰ੍ਹਾਂ ਹੀ ਇਸ ਜਨਮਦਿਨ ਪਾਰਟੀ ਵਾਲੇ ਮਾਮਲੇ ਵਿਚ ਵੀ ਹੋਵੇਗਾ ਜਾਂ ਕੋਈ ਨਤੀਜਾ ਸਾਹਮਣੇ ਆ ਸਕੇਗਾ। ਇਸ ਤੇ ਸਭ ਦੀ ਨਜ਼ਰ ਹੈ।
ਹਰਵਿੰਦਰ ਸਿੰਘ ਸੱਗੂ।