ਫਿਰੋਜ਼ਪੁਰ 18 ਅਪ੍ਰੈਲ (ਬੋਬੀ ਸਹਿਜਲ – ਧਰਮਿੰਦਰ) : ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤੀ ਖੁਰਾਕ ਨਿਗਮ ਵੱਲੋਂ ਕਣਕ ਦੀ ਨਿਰਧਾਰਿਤ ਕੀਮਤ (ਐਮ.ਐਸ.ਪੀ.) ‘ਤੇ ਫਸਲ ਦੇ ਖਰਾਬੇ ਦੇ ਮੱਦੇਨਜ਼ਰ ਲਗਾਈ ਕੀਮਤ ਕਟੌਤੀ ਦਾ ਕਿਸਾਨਾਂ ‘ਤੇ ਕੋਈ ਅਸਰ ਨਹੀਂ ਪਵੇਗਾ, ਬਲਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਕਟੌਤੀ ਦੀ ਭਰਪਾਈ ਆਪਣੇ ਵੱਲੋਂ ਕਰਕੇ ਕਿਸਾਨਾਂ ਨੂੰ ਪੂਰੀ ਐਮ.ਐਸ.ਪੀ. ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਕਣਕ ਦੇ ਬਦਰੰਗ ਜਾਂ ਸੁੰਘੜੇ ਦਾਣਿਆਂ ਕਾਰਨ ਜੋ ਵੀ ਕੀਮਤ ਕਟੌਤੀ ਹੋਵੇਗੀ ਉਸਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਨੂੰ 2125 ਰੁਪਏ ਦਾ ਸਰਕਾਰ ਵੱਲੋਂ ਐਲਾਣਿਆ ਘੱਟੋ-ਘੱਟ ਭਾਅ ਮਿਲੇਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੂੰ ਪਹਿਲਾਂ ਤੋਂ ਕੀਮਤ ਕਟੌਤੀ ਨਾਲ ਅਦਾਇਗੀ ਮਿਲ ਗਈ ਹੋਈ ਤਾਂ ਵੀ ਉਸਦੇ ਖਾਤੇ ਵਿਚ ਵੀ ਕਟੌਤੀ ਕੀਤੀ ਰਕਮ ਭੇਜ ਦਿੱਤੀ ਜਾਵੇਗੀ।ਵਿਧਾਇਕ ਭੁੱਲਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀਮਤ ਕਟੌਤੀ ਸਬੰਧੀ ਕਿਸੇ ਵੀ ਘਬਰਾਹਟ ਵਿਚ ਨਾ ਆਉਣ।ਪੰਜਾਬ ਸਰਕਾਰ ਹਰ ਮੁਸ਼ਕਿਲ ਦੀ ਘੜੀ ਵਿੱਚ ਆਪਣੇ ਕਿਸਾਨਾਂ, ਮਜ਼ਦੂਰਾਂ ਸਮੇਤ ਹਰ ਵਰਗ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸੁੱਕੀ ਅਤੇ ਸਾਫ ਕਣਕ ਮੰਡੀ ਵਿਚ ਲਿਆਉਣ। ਉਨ੍ਹਾਂ ਨੇ ਖਰੀਦ ਏਂਜਸੀਆਂ ਨੂੰ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਕੀਮਤ ਕਟੌਤੀ ਸਬੰਧੀ ਕੋਈ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ।ਰਣਬੀਰ ਸਿੰਘ ਭੁੱਲਰ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਦੀਆਂ ਖ਼ਰੀਦ ਏਂਜਸੀਆਂ ਵੱਲੋਂ ਖਰੀਦ ਕੀਤਾ ਜਾਵੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।