ਮਾਨਸਾ, 26 ਮਾਰਚ ( ਲਿਕੇਸ਼ ਸ਼ਰਮਾਂ, ਰੋਹਿਤ ਗੋਇਲ)-ਮਾਲਵਾ ਪੱਟੀ ‘ਚ ਕਿਸਾਨ ਦੀ ਖੁਦਕੁਸ਼ੀ ਦਾ ਸਿਲਸਿਲਾ ਅੱਜ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮਾਨਸਾ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਤੋਂ ਪਹਿਲਾਂ ਹੀ ਪਿੰਡ ਭੈਣੀਬਾਘਾ ਦੇ 38 ਸਾਲਾ ਕਿਸਾਨ ਕੁਲਵਿੰਦਰ ਸਿੰਘ ਨੇ ਆਪਣੇ ਖੇਤ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।ਮਾਨਸਾ ਦੇ ਇਕ ਕਿਸਾਨ ਨੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਖੇਤ ਵਿਚ ਫਾਹਾ ਲੈ ਲਿਆ। ਪਿੰਡ ਭੈਣੀਬਾਘਾ ਦੇ ਕਿਸਾਨ ਕੁਲਵਿੰਦਰ ਸਿੰਘ (38) ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਨੇ ਸੁਸਾਇਟੀ ਅਤੇ ਬੈਂਕ ਤੋਂ ਲਿਮਿਟ ਕਰਵਾ ਕੇ ਕਰਜ਼ਾ ਲਿਆ ਹੋਇਆ ਸੀ।ਉਸ ਦੇ ਸਿਰ ਸਾਢੇ ਤਿੰਨ ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਬੀਤੀ ਰਾਤ ਆਪਣੇ ਖੇਤ ਵਿਚ ਇਕ ਦਰੱਖ਼ਤ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ।ਉਸ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ ਤੇ ਸਿਰਸ ਉਤੇ ਕਰਜ਼ੇ ਦਾ ਭਾਰ ਸੀ,ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ 16 ਸਾਲ ਦਾ ਇਕਲੌਤਾ ਪੁੱਤਰ,ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਛੱਡ ਗਿਆ ਹੈ।ਇਸ ਦੇ ਬਾਅਦ ਜਦ ਉਸ ਦੇ ਭਰਾ ਨੂੰ ਪਤਾ ਲੱਗਿਆ ਤੇ ਹੋਰਾਂ ਨੇ ਜਾ ਕੇ ਉਸ ਨੂੰ ਉਤਾਰਿਆ। ਕਿਸਾਨ ਆਗੂ ਜਗਦੇਵ ਸਿੰਘ ਨੇ ਕਿਹਾ ਕਿ ਇਹ ਮੰਦਭਾਗਾ ਹੋਇਆ ਹੈ ਅਤੇ ਲਗਾਤਾਰ ਕਿਸਾਨ ਕਰਜ਼ਿਆਂ ਦੇ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ ਪਰ ਸਰਕਾਰਾਂ ਵਲੋਂ ਇਨ੍ਹਾਂ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਨਹੀਂ ਕੀਤੇ ਜਾ ਰਹੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਰਜ਼ੇ ਤੇ ਲੀਕ ਮਾਰ ਕੇ ਕਰਜ਼ਾ ਮੁਕਤ ਕੀਤਾ ਜਾਵੇ। ਮ੍ਰਿਤਕ ਦੇ ਬੇਟੇ ਨੂੰ ਨੌਕਰੀ ਦਿੱਤੀ ਜਾਵੇ ਅਤੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ ਜਾਵੇ। ਠੂਠਿਆਂਵਾਲੀ ਚੌਂਕੀ ਦੇ ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
