ਵਿਧਾਇਕਾ ਮਾਣੂਕੇ ਖਿਲਾਫ਼ ਧਰਨਾ 22 ਨੂੰ-
ਜਗਰਾਉਂ, 21 ਅਪ੍ਰੈਲ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਜਾਲੰਧਰ ਜਿਮਨੀ ਚੋਣ ਨੂੰ ਵਕਾਰ ਦਾ ਸਵਾਲ ਬਣਾ ਕੇ ਅੱਡੀ ਚੋਟੀ ਦਾ ਜੋਰ ਲਾ ਰਹੀ ਭਗਵੰਤ ਮਾਨ ਦੀ ਪਾਰਟੀ ਤੇ ਸਰਕਾਰ ਕਿਸਾਨੀ ਦੀਆਂ ਮੁਸ਼ਕਲਾਂ ਹੱਲ ਕਰਨ ਚ ਬੁਰੀ ਤਰਾਂ ਨਾਕਾਮ ਸਾਬਿਤ ਹੋਈ ਹੈ। ਬਰਬਾਦ ਫਸਲਾਂ ਦਾ ਮੁਆਵਜਾ ਬਸਾਖੀ ਤਕ ਦੇਣ ਦਾ ਦਮਗਜਾ ਤਾਂ ਫੇਲ ਸਾਬਤ ਹੋਇਆ ਹੀ ਹੈ ਪਰ ਨਾਲ ਹੀ ਕੇਂਦਰ ਸਰਕਾਰ ਵਲੋਂ ਕੀਤੀ ਮੁੱਲ ਕਟੌਤੀ ਦੀ ਪੰਜਾਬ ਸਰਕਾਰ ਵਲੋਂ ਪੂਰਤੀ ਕਰਨ ਦਾ ਦਮਗਜੇ ਵੀ ਫੋਕਾ ਫਾਇਰ ਸਾਬਤ ਹੋਇਆ ਹੈ। ਉਤੋਂ ਸਿਤਮ ਜਰੀਫੀ ਇਹ ਹੈ ਕਿ ਮੰਡੀਆਂ ਚ ਕਣਕ ਨੂੰ ਮੀਂਹ ਤੋਂ ਬਚਾਉਣ ਦਾ ਖਾਸਕਰ ਕੱਚੀਆਂ ਮੰਡੀਆਂ ਚ ਕੋਈ ਪ੍ਰਬੰਧ ਨਹੀਂ ਹੈ। ਪਹਿਲਾਂ ਕਿਸਾਨ ਨੂੰ ਖਰਾਬ ਮੌਸਮ ਨੇ ਖੇਤਾਂ ਚ ਮਾਰ ਮਾਰੀ ਹੁਣ ਖਰਾਬ ਪ੍ਰਬੰਧ ਨੇ ਮੰਡੀਆਂ ਚ ਮਾਰਨਾ ਸ਼ੁਰੂ ਕੀਤਾ ਹੋਇਆ ਹੈ। ਸਾਡੇ ਮੁਖਮੰਤਰੀ ਸਾਹਿਬ ਕਰਨਾਟਕ ਦਾ ਰਾਜ ਸਾਂਭਣ ਲਈ, ਕੇਜਰੀਵਾਲ ਦੀ ਸੀ ਬੀ ਆਈ ਤੋਂ ਪੁੱਛਗਿੱਛ ਖਿਲਾਫ ਦਿੱਲੀ ਚ ਕਿਕਲੀ ਪਾਉਣ ਚ ਮਸ਼ਰੂਫ ਹਨ। ਇਹ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਕਿ ਪੰਜਾਬ ਦੀਆਂ ਲਗਭਗ ਸਾਰੀਆਂ ਮੰਡੀਆਂ ਚ ਏਜੰਸੀਆਂ ਨੇ ਕਣਕ ਦੀ ਖਰੀਦ ਬੰਦ ਕੀਤੀ ਹੋਈ ਹੈ ਕਿਓਂਕਿ ਖਰੀਦ ਏਜੰਸੀਆਂ ਵਲੋਂ ਖਰੀਦੀ ਕਣਕ ਨਾਲ ਮੰਡੀਆਂ ਨੱਕੋ ਨਕ ਭਰੀਆਂ ਪਈਆ ਹਨ ,ਲਿਫਟਿੰਗ ਦਾ ਅਤਿਅੰਤ ਮਾੜਾ ਪ੍ਰਬੰਧ ਹੈ ਜਿਸ ਕਾਰਨ ਕਿਸਾਨਾਂ ਅਤੇ ਮੰਡੀਆਂ ਦੇ ਗੱਲਾ ਮਜਦੂਰਾਂ ,ਆੜਤੀਆ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਠੇਕੇਦਾਰੀ ਪ੍ਰਬੰਧ ਟਰੱਕ ਯੂਨੀਅਨ, ਖਰੀਦ ਏਜੰਸੀਆਂ ਦੇ ਮਜਦੂਰਾਂ,ਗੱਲਾ ਮਜਦੂਰਾਂ ਸਮੇਤ ਸਾਰਿਆਂ ਨੂੰ ਟਿੱਚ ਜਾਣ ਲਿਫਟਿੰਗ ਚ ਰੋੜਾ ਅਟਕਾ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਨਖਿੱਧ ਠੇਕੇਦਾਰਾਂ ਦਾ ਠੇਕੇ ਕੈਂਸਲ ਕੀਤੇ ਜਾਣ।ਉਨਾਂ ਕਿਹਾ ਕਿ ਇਸ ਸਮੱਸਿਆ ਸਬੰਧੀ ਪਹਿਲੀਆਂ ਹਕੂਮਤਾਂ ਨਾਲੋਂ ਮਾਨ ਹਕੂਮਤ ਦਾ ਕੋਈ ਬੁਨਿਆਦੀ ਫਰਕ ਨਹੀਂ ਹੈ। ਉਨਾਂ ਪ੍ਰਸਾਸ਼ਨ ਤੋ ਇਸ ਮਾਮਲੇ ਚ ਤੁਰੰਤ ਸੁਧਾਰ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਨਾਂਹ ਦੀ ਹਾਲਤ ਚ ਸਾਰੀਆਂ ਪੀੜਤ ਧਿਰਾਂ ਨੂੰ ਨਾਲ ਲੈ ਕੇ ਪ੍ਰਸਾਸ਼ਨ ਦਾ ਘਿਰਾਓ ਕੀਤਾ ਜਾਵੇਗਾ।
ਵਿਧਾਇਕਾ ਮਾਣੂਕੇ ਖਿਲਾਫ਼ ਧਰਨਾ 22 ਨੂੰ–
ਲਿਫਟਿੰਗ, ਘੱਟ ਰੇਟ ਦੇਣ ਕਾਰਨ,ਠੇਕਾ ਕੈੰਸਲ ਕਰਨ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਖਿਲਾਫ ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪਰਦਰਸ਼ਨ 22 ਅਪ੍ਰੈਲ ਨੂੰ ਪੁਲ ਹੇਠਾਂ ਦਿੱਤਾ ਜਾਵੇਗਾ। ਸਾਰੀਆਂ ਧਿਰਾਂ ਦਾ ਧਰਨਾ ਦਸ ਵਜੇ। ਜਿਸ ਵਿੱਚ ਕੰਵਲਜੀਤ ਖੰਨਾ, ਅਵਤਾਰ ਸਿੰਘ ,ਰਾਜਪਾਲ ਬਾਬਾ, ਬਲਦੇਵ ਸਿੰਘ ਰਸੂਲਪੁਰ, ਰਮੇਸ਼ ਸਹੋਤਾ, ਦੇਵਰਾਜ ਰਾਜ, ਕਨ੍ਹਈਆ ਗੁਪਤਾ ਬਾਂਕਾ ਆਦਿ ਸੰਬੋਧਨ ਕਰਨਗੇ।