ਪਟਿਆਲਾ (ਭਗਵਾਨ ਭੰਗੂ)ਈਦ-ਉਲ-ਫਿਤਰ ਦਾ ਤਿਉਹਾਰ ਸਹਿਰ ‘ਚ ਵੱਖ-ਵੱਖ ਥਾਵਾਂ ‘ਤੇ ਸ਼ਰਧਾ ‘ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਭਾਈਚਾਰਕ ਏਕਤਾ ਦੀ ਮਿਸ਼ਾਲ ਕਾਇਮ ਕਰਦਿਆਂ ਹੋਰਨਾਂ ਧਰਮਾਂ ਨਾਲ ਸਬੰਧਤ ਵਿਅਕਤੀਆਂ ਵੱਲੋਂ ਵੀ ਮੁਸਲਮਾਨ ਭਾਈਚਾਰੇ ਨਾਲ ਈਦ-ਉਲ-ਫਿਤਰ ਦੀ ਖੁਸ਼ੀ ਸਾਝੀ ਕੀਤੀ ‘ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਸ਼ਹਿਰ ਦੇ ਮਾਲ ਰੋਡ ‘ਤੇ ਸਥਿਤ ਈਦਗਾਹ ‘ਚ ਪਹੁੰਚੇ ਵੱਡੀ ਗਿਣਤੀ ‘ਚ ਮੁਸ਼ਲਮਾਨ ਭਾਈਚਾਰੇ ਵੱਲੋਂ ਈਦ ਦੀ ਨਵਾਜ਼ ਅਦਾ ਕੀਤੀ ਗਈ ਅਤੇ ਇਕ ਦੂਜੇ ਨੂੰ ਗਲੇ ਮਿਲ ਕੇ ਈਦ ਦੀਆਂ ਵਧਾਈਆਂ ਦਿੱਤੀਆ ਗਈਆਂ। ਇਸ ਤੋਂ ਇਲਾਵਾ ਸ਼ਹਿਰ ‘ਚ ਬੈਂਕ ਕਾਲੌਨੀ ਅਤੇ ਤੇਜ ਬਾਗ ਕਾਲੌਨੀ ਸਮੇਤ ਕਈ ਮਸਜਿਦਾਂ ‘ਚ ਵੀ ਈਦ ਮਨਾਈ ਗਈ।
ਮੁਸ਼ਲਿਮ ਭਾਈਚਾਰੇ ਵੱਲੋਂ ਪਿਛਲੇ 29 ਦਿਨ ਰੋਜ਼ੇ ਰੱਖਣ ਉਪਰੰਤ ਚੰਨ ਦੇਖ ਕੇ ਈਸ਼ਾ ਦੀ ਨਵਾਜ਼ ਅਦਾ ਕੀਤੀ ਗਈ ਅਤੇ ਸ਼ਨੀਵਾਰ ਨੂੰ ਈਦਗਾਹਾਂ ‘ਚ ਇਕੱਤਰ ਹੋ ਕੇ ਈਦ ਦੀ ਨਵਾਜ ਪੜ੍ਹੀ ਗਈ। ਮੁਸ਼ਲਿਮ ਆਗੂ ਜਿਊਣਾ ਖਾਨ ਨੇ ਈਦ ਦੀ ਵਧਾਈ ਦਿੰਦਿਆ ਦੱਸਿਆ ਕਿ ਈਦ-ਉਲ-ਫਿਤਰ ਦੇ ਤਿਉਹਾਰ ਦੇ ਸਬੰਧ ‘ਚ ਮੁਸਲਿਮ ਭਾਈਚਾਰੇ ਵੱਲੋਂ ਰੱਖੇ ਰੋਜ਼ਿਆਂ ਦੌਰਾਨ ਨਵਾਜ ਦੇ ਨਾਲ 20 ਤਰਾਵੀਆਂ ਪੜ੍ਹੀਆ ਗਈਆਂ ਅਤੇ ਇਨ੍ਹਾਂ ਰੋਜ਼ਿਆਂ ਦੌਰਾਨ ਪੂਰੀ ਕੁਰਾਨ ਸ਼ਰੀਫ਼ ਪੜ੍ਹੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਈਦ-ਉਲ-ਫਿਤਰ ਦਾ ਤਿਉਹਾਰ ਸਾਰੀ ਦੁਨੀਆਂ ‘ਚ ਆਪਸੀ ਭਾਈਚਾਰਕ ਸਾਂਝ ਨਾਲ ਮਨਾਇਆ ਜਾਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਇਨ੍ਹਾਂ ਦਿਨਾਂ ਦੌਰਾਨ ਆਪਣੀ ਕਮਾਈ ਵਿਚੋਂ ਸ਼ਰਧਾ ਅਨੁਸਾਰ ਦਾਨ ਕਰਦੇ ਹਨ।