ਮਾਲੇਰਕੋਟਲਾ, ( ਵਿਕਾਸ ਮਠਾੜੂ, ਰੋਹਿਤ ਗੋਇਲ)- – ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਸਥਾਨਕ ਉਰਦੂ ਅਕਾਦਮੀ ਵਿਖੇ ਚੱਲ ਰਹੇ ‘ ਮਾਲੇਰਕੋਟਲਾ ਸੱਭਿਆਚਾਰਕ ਮੇਲਾ ‘ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਿਹਾ ਕਿ ਮਾਲੇਰਕੋਟਲਾ ਦੀ ਸਬਜ਼ੀ ਉਤਪਾਦਨ ਅਤੇ ਨਰਸਰੀ ਖੇਤਰ ਵਿੱਚ ਵੱਖਰੀ ਪਛਾਣ ਹੈ ਜਿਸਨੂੰ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ।

ਪ੍ਰਸਿੱਧ ਫੋਟੋਗਰਾਫ਼ਰ ਰਵਿੰਦਰ ਸਿੰਘ ਰਵੀ ਵੱਲੋਂ ਲਗਾਈ ਗਈ ਫੋਟੋ ਪ੍ਰਦਰਸ਼ਨੀ ਨੂੰ ਦੇਖਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿੱਥੇ ਮਾਲੇਰਕੋਟਲਾ ਦੀ ਰਾਜਸੀ, ਧਾਰਮਿਕ ਅਤੇ ਰੂਹਾਨੀਅਤ ਖੇਤਰ ਵਿੱਚ ਬਹੁਤ ਅਹਿਮੀਅਤ ਹੈ ਉਥੇ ਹੀ ਸਬਜ਼ੀ ਉਤਪਾਦਨ ਅਤੇ ਨਰਸਰੀ ਖੇਤਰ ਵਿੱਚ ਵੱਖਰੀ ਪਛਾਣ ਹੈ ਜਿਸਨੂੰ ਹਰ ਹੀਲੇ ਬਰਕਰਾਰ ਰੱਖਣਾ ਅੱਜ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਇਹਨਾਂ ਦੋਵਾਂ ਖੇਤਰਾਂ ਵਿਚ ਤਕਨੀਕੀ ਵਿਕਾਸ ਲਿਆਂਦਾ ਜਾਵੇਗਾ। ਇਸ ਸਬੰਧੀ ਜਲਦ ਹੀ ਇਕ ਉੱਚ ਪੱਧਰੀ ਸੈਮੀਨਾਰ ਵੀ ਕਰਵਾਇਆ ਜਾਵੇਗਾ। ਜਿਸ ਵਿਚ ਵੱਖ ਵੱਖ ਖੇਤੀ ਮਾਹਿਰ ਅਤੇ ਬਾਗਬਾਨੀ ਮਾਹਿਰ ਹਿੱਸਾ ਲੈਣਗੇ।
ਉਹਨਾਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਮਾਧਵੀ ਕਟਾਰੀਆ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਨੂੰ ਸੁਚੱਜੀ ਅਗਵਾਈ ਦੇਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਮੀਦ ਕੀਤੀ ਕਿ ਉਹ ਹਰ ਹਿਲੇ ਸਮਾਂ ਜ਼ਿਲ੍ਹੇ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਉਹਨਾਂ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਜ਼ਿਲ੍ਹਾ ਮਾਲੇਰਕੋਟਲਾ ਨੂੰ ਵਿਸ਼ਵ ਦੇ ਨਕਸ਼ੇ ਉੱਤੇ ਲਿਆਉਣ ਲਈ ਕਿਹੜੇ ਕੰਮ ਕੀਤੇ ਜਾ ਸਕਦੇ ਹਨ ਇਸ ਬਾਰੇ ਇਕ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਦੇਣ ਤਾਂ ਜੌ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰ ਸਕਣ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਉਰਦੂ ਅਕਾਦਮੀ ਮਲੇਰਕੋਟਲਾ ਵਿਖੇ ਸੂਰਾ,ਗਾਇਤਰੀ ਮੰਤਰ, ਮੂਲ ਮੰਤਰ ,ਇਸਾਈ ਪ੍ਰਾਰਥਨਾਵਾਂ ਦੇ ਉਚਾਰਨ ਉਪਰੰਤ ਸ਼ਮਾ ਰੋਸ਼ਨ ਕਰਨ ਦੇ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ । ਇਸ ਉਪਰੰਤ ਸ੍ਰੀ ਸਾਂਵਲ ਧਾਮੀ ਵਲੋਂ ਭਾਰਤ -ਪਾਕਿ ਦੀ ਵੰਡ ਦੀਆਂ ਕਹਾਣੀਆਂ ਦੇ ਕਿੱਸੇ ਸਾਂਝੇ ਕੀਤੇ ਗਏ । ਇਸ ਉਪਰੰਤ ਮਾਲੇਰਕੋਟਲਾ ਦੇ ਨਿਵਾਸੀਆਂ ਵਲੋਂ ਵੀ ਵੰਡ ਵੇਲੇ ਦੇ ਅਨੁਭਵ ਸਾਂਝੇ ਕੀਤੇ ਗਏ । ਪਾਰਟੀਸ਼ਨ ਵੀਡੀਓ ਕਲਿੱਪ ਸਾਂਝੇ ਕਰਨ ਦੇ ਨਾਲ ਨਾਲ ,ਅਜ਼ਾਦੀ ਵੇਲੇ ਦੀਆਂ 2 ਕਹਾਣੀਆਂ ਤੇ ਅਧਾਰਿਤ ਨਾਟਕਾਂ ਦੀ ਪੇਸ਼ਕਾਰੀ ਕੀਤੀ ਗਈ । ਫਿਰ ਹਿੰਦੀ ਫ਼ਿਲਮ ਸਕਰੀਨਿੰਗ ‘ ਰੋਡ-ਟੂ- ਸੰਗਮ ‘ ਦਿਖਾਈ ਗਈ ਅਤੇ ਫ਼ਿਲਮ ਤੋਂ ਬਾਅਦ ਉਸ ਸਬੰਧੀ ਚਰਚਾ ਦਾ ਸੈਸ਼ਨ ਆਯੋਜਿਤ ਕੀਤਾ ਗਿਆ । ਇਸ ਮੌਕੇ ਰੋਸ਼ਨ ਦੀਨ ਉਰਫ਼ ਤੋਤੀ 110 ਸਾਲਾ ਬਜ਼ੁਰਗ ਨੇ ਆਪਣੀ ਹੱਡ ਬੀਤੀ ਸੁਣਾਈ, ਐਡਵੋਕੇਟ ਮੁਹੰਮਦ ਅਯਾਜ਼, ਅਨਵਰ ਸਦੀਕੀ ਨੇ ਵੀ ਆਪਣੇ ਪਰਿਵਾਰਕ ਵਿਛੋੜੇ ਦੇ ਪਰਿਵਾਰਕ ਦੁਖ ਦਰਦ ਖੁਸ਼ੀਆ ਗਮੀਆ ਬਾਰੇ ਦੱਸਿਆ। ਨੁਕੜ ਨਾਟਕ ਮੁਹੱਬਤ ਦੀ ਚਾਹ ਪੜ੍ਹੇ ਲਿਖੇ ਅਨਪੜ੍ਹ ਦੀ ਪੇਸ਼ਕਾਰੀ ਕੀਤੀ ਗਈ।
ਮੇਲੇ ਦੇ ਅਖੀਰਲੇ ਦਿਨ ਮਿਤੀ 27 ਮਾਰਚ ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਸਵੇਰੇ 11.00 ਵਜੇ ਮਾਲੇਰਕੋਟਲਾ ਦੇ ਲੋਕਲ ਕਲਾਕਾਰਾਂ ਵਲੋਂ ਆਪਣੇ ਹੁਨਰ ਦੀ ਪੇਸ਼ਕਾਰੀ ਪੇਸ਼ ਕੀਤੀ ਜਾਵੇਗੀ । ਦੁਪਹਿਰ 02.00 ਵਜੇ ਨਕਲ ਪ੍ਰਫਾਰਮੈਂਸ (ਭੰਡ ਦੀ ਅਦਾਕਾਰੀ) ਅਦਾ ਕੀਤੀ ਜਾਵੇਗੀ ।
ਆਖੀਰ ਵਿੱਚ ਪੰਜਾਬੀ ਸਭਿਆਚਾਰਕ ਪ੍ਰੋਗਰਾਮ ਉਲੀਕੇ ਜਾਣਗੇ । ਜਿਸ ਵਿੱਚ ਮਲਵਈ ਗਿੱਧਾ ,ਸੰਮੀ, ਜਿੰਦੂਆ, ਲੁੱਡੀ, ਅਤੇ ਭੰਗੜੇ ਆਦਿ ਦੀ ਪੇਸ਼ਕਾਰੀ ਕੀਤੀ ਜਾਵੇਗੀ । ” ਮਾਲੇਰਕੋਟਲਾ ਸਭਿਆਚਾਰਕ ਮੇਲਾ ” ਦੀ ਸਮਾਪਤੀ ਸ਼ਾਮ 06.30 ਵਜੇ ਕੱਵਾਲੀ ਸਮਾਗਮ ਨਾਲ ਹੋਵੇਗੀ। ਇਸ ਮੌਕੇ ਸਕੱਤਰ ਪੰਜਾਬ ਉਰਦੂ ਅਕਾਦਮੀ ਕਮ ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਲਤੀਫ ਅਹਿਮਦ ਥਿੰਦ, ਸਹਾਇਕ ਕਮਿਸਨਰ ਸ੍ਰੀ ਗੁਰਮੀਤ ਕੁਮਾਰ ,ਐਸ.ਡੀ.ਐਮ ਅਹਿਮਦਗੜ੍ਹ ਸ੍ਰੀ ਹਰਬੰਸ ਸਿੰਘ, ਸ੍ਰੀ ਜਗਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।