ਜਗਰਾਉਂ, 1 ਮਈ ( ਵਿਕਾਸ ਮਠਾੜੂ)- ਜੀ. ਐਚ. ਜੀ. ਅਕੈਡਮੀ ਵਿਖੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਦੀ ਅਗਵਾਈ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ‘ਤੇ ਅਜੀਤ ਹਾਊਸ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਹੇਹਰ ਨੇ ਵਿਦਿਆਰਥੀਆਂ ਨੂੰ ਮਜ਼ਦੂਰ ਦਿਵਸ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਮਜ਼ਦੂਰ ਵਰਗ ਦਾ ਅਭਾਰੀ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਸਾਡੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਖਾਤਰ ਆਪਣੇ ਜੀਵਨ ਦੀਆਂ ਖ਼ੁਸ਼ੀਆਂ, ਪਰਿਵਾਰ ਅਤੇ ਸਿਹਤ ਨੂੰ ਵੀ ਪਿਛਾਂਹ ਰੱਖ ਦਿੰਦੇ ਹਨ। ਸਾਡਾ ਫ਼ਰਜ਼ ਹੈ ਕਿ ਅਸੀਂ ਉਨ੍ਹਾਂ ਦੇ ਕੰਮਾਂ ਨੂੰ ਸੁਖਾਵਾਂ ਬਣਾਈਏ ਅਤੇ ਉਨ੍ਹਾਂ ਦੇ ਹੱਕਾਂ ਦਾ ਪੂਰਾ ਧਿਆਨ ਰੱਖੀਏ। ਉਨ੍ਹਾਂ ਦੀ ਮਿਹਨਤ ਦੇ ਪੂਰੇ ਮਿਹਨਤਾਨੇ ਦਾ ਭੁਗਤਾਨ ਕਰੀਏ।
ਇਸ ਮੌਕੇ ‘ਤੇ ਅੱਜ ਸਕੂਲ ਵਿੱਚ ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਉਨ੍ਹਾਂ ਨੇ ਮਜ਼ਦੂਰ ਦਿਵਸ ਨਾਲ ਸਬੰਧਤ ਆਪਣੇ ਵੀਚਾਰ ਲਿਖੇ। ਇਸੇ ਤਰ੍ਹਾਂ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਕੂਲ ਦੀਆਂ ਸਫ਼ਾਈ ਕਰਮਚਾਰੀ ਅੰਟੀਆਂ ਨੂੰ ਅਤੇ ਵੈਨ ਡਰਾਈਵਰਾ ਨੂੰ ਸਨਮਾਨਤ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਹੀ ਅਕਰਸ਼ਿਤ ਕਾਰਡ ਬਣਾ ਕੇ ਦਿੱਤੇ।ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮਜ਼ਦੂਰ ਦਿਵਸ ਸਾਡੇ ਲਈ ਬਹੁਤ ਮਹੱਤਵਪੂਰਨ ਦਿਵਸ ਹੈ। ਸਮਾਜ ਵਿੱਚ ਇਨ੍ਹਾਂ ਮਜ਼ਦੂਰ ਭੈਣ – ਭਰਾਵਾਂ ਦੀ ਮਦਦ ਤੋਂ ਬਿਨਾਂ ਵਿਚਰਨਾ ਅਸੰਭਵ ਹੈ। ਇਨ੍ਹਾਂ ਦੀ ਮਦਦ ਤੋਂ ਬਿਨਾਂ ਕਿਸੇ ਵੀ ਖੇਤਰ ਵਿੱਚ ਕੋਈ ਕਾਰਜ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਸਮਾਜ ਵਿੱਚ ਇਨ੍ਹਾਂ ਦੀ ਵਿਲੱਖਣ ਜਗ੍ਹਾ ਹੈ। ਸਾਨੂੰ ਇਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਮਜ਼ਦੂਰ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਕੂਲਾਂ ਵਿੱਚ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਹੋਣਾ ਬਹੁਤ ਲਾਜ਼ਮੀ ਹੈ ਤਾਂ ਜੋ ਵਿਦਿਆਰਥੀਆਂ ਅੰਦਰ ਹਰ ਮਹੱਤਵਪੂਰਨ ਦਿਨ – ਤਿਉਹਾਰ ਬਾਰੇ ਜਾਗਰੂਕਤਾ ਪੈਦਾ ਹੋ ਸਕੇ। ਉਨ੍ਹਾਂ ਨੇ ਸਕੂਲ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਅੰਦਰ ਮਜ਼ਦੂਰ ਵਰਗ ਪ੍ਰਤੀ ਸਤਿਕਾਰ ਪੈਦਾ ਹੋਵੇਗਾ ਅਤੇ ਇਹ ਜ਼ਰੂਰੀ ਹੈ ਕਿ ਉਹ ਹਰ ਪ੍ਰਕਾਰ ਦੇ ਕੰਮ ਅਤੇ ਹਰ ਪ੍ਰਕਾਰ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਣ। ਸਕੂਲ ਦੀ ਪ੍ਰਬੰਧਕ ਕਮੇਟੀ ਵੱਲੋਂ ਸਕੂਲ ਦੇ ਮੈਨੇਜਰ ਗੁਰਦੀਪ ਸਿੰਘ ਅਤੇ ਸਰਦਾਰ ਮਨਦੀਪ ਸਿੰਘ ਨੇ ਸਕੂਲ ਦੀਆਂ ਸਾਰੀਆਂ ਸਫ਼ਾਈ ਕਰਮਚਾਰੀਆਂ ਨੂੰ ਸੂਟ ਦੇ ਕੇ ਸਨਮਾਨਤ ਕੀਤਾ ਅਤੇ ਉਨ੍ਹਾਂ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।