ਪੰਜਾਬ ਲੋਕ ਸੱਭਿਆਚਾਰਕ ਮੰਚ ਪਲਸ ਮੰਚ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਬੀਤੇ 40 ਵਰ੍ਹਿਆਂ ਤੋਂ ਮਨਾਈ ਜਾਂਦੀ ਨਾਟਕਾਂ ਅਤੇ ਗੀਤਾਂ ਭਰੀ ਰਾਤ, ਇਸ ਵਾਰ ਜਿੱਥੇ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਨੂੰ ਸਿਜਦਾ ਕਰਨ ਉਹਨਾਂ ਦੇ ਅਧੂਰੇ ਕਾਜ਼ ਪੂਰੇ ਕਰਨ ਦੇ ਮਜ਼ਦੂਰ ਜਮਾਤ ਸਿਰ ਖੜ੍ਹੇ ਇਤਿਹਾਸਕ ਕਾਰਜ਼ ਵਿਚ ਆਪਣੀਆਂ ਸਾਹਿਤਕ ਸਭਿਆਚਾਰਕ ਸਰਗਰਮੀਆਂ ਰਾਹੀਂ ਯੋਗਦਾਨ ਪਾਉਣ ਦਾ ਅਹਿਦ ਲਿਆ ਓਥੇ ਪਲਸ ਮੰਚ ਵੱਲੋਂ ਵਿਸ਼ੇਸ਼ ਤੌਰ ‘ਤੇ ਦੱਬੇ ਕੁਚਲੇ ਬੇਜ਼ਮੀਨੇ ਮਜ਼ਦੂਰਾਂ ਦਲਿਤਾਂ ਦੀ ਹੂਕ ਨੂੰ ਵੀ ਆਪਣੀਆਂ ਕਲਾ ਕ੍ਰਿਤਾਂ ਦੇ ਕੇਂਦਰ ਵਿਚ ਰੱਖਿਆ ਗਿਆ।
ਪੰਜਾਬੀ ਭਵਨ ਲੁਧਿਆਣਾ ਦੇ ਬਲਰਾਜ ਸਾਹਨੀ ਖੁੱਲ੍ਹੇ ਰੰਗ ਮੰਚ ਦੇ ਆਡੀਟੋਰੀਅਮ ਤੋਂ ਇਲਾਵਾ ਵਿਸ਼ਾਲ ਕੰਪਲੈਕਸ ਵਿੱਚ ਖਿੱਚ ਦਾ ਕੇਂਦਰ ਬਣਿਆ ਨਾਟਕ,ਗੀਤ ਸੰਗੀਤ,ਪੁਸਤਕ ਅਤੇ ਕਲਾ ਮੇਲਾ ਹਜ਼ਾਰਾਂ ਲੋਕਾਂ ਨੂੰ ਆਪਣੇ ਕਲਾਵੇ ਵਿੱਚ ਲੈਣ ‘ਚ ਸਫ਼ਲ ਰਿਹਾ।
ਇਸ ਰਾਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਗੁਰਮੀਤ ਕੜਿਆਲਵੀ ਦੀ ਕਹਾਣੀ ਦਰੁਣਾਚਾਰੀਆ ਤੇ ਅਧਾਰਿਤ ‘ਜੋ ਹਾਰਦੇ ਨਹੀਂ’ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਪਹਿਲਾ ਨਾਟਕ ਖੇਡਿਆ ਗਿਆ। ਨਾਟਕ ਦੀ ਪਿੱਠ ਭੂਮੀ ਦੇ ਗੀਤ ਅਮੋਲਕ ਸਿੰਘ ਨੇ ਲਿਖੇ ਅਤੇ ਰਾਜ ਕੁਮਾਰ ਦੀ ਆਵਾਜ਼ ਵਿੱਚ ਗਾਏ ਗਏ।
ਡਾ. ਸਵਰਾਜਬੀਰ ਦੀ ਕਲਮ ਤੋਂ ਲਿਖਿਆ ਨਾਟਕ ‘ ਅਦਾਕਾਰ ਆਦਿ ਅੰਤ ਕੀ ਸਾਖੀ ‘ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਖੇਡਿਆ ਗਿਆ।
ਗੁਰਸ਼ਰਨ ਸਿੰਘ ਦੀ ਨਾਟ- ਰਚਨਾ ‘ਕੰਮੀਆਂ ਦਾ ਵਿਹੜਾ’ ਚੰਡੀਗੜ੍ਹ ਸਕੂਲ ਆਫ਼ ਡਰਾਮਾ ਵੱਲੋਂ ਏਕੱਤਰ ਸਿੰਘ ਦੀ ਨਿਰਦੇਸ਼ਨਾ ‘ਚ ਖੇਡਿਆ ਗਿਆ।
ਡਾ. ਸਾਹਿਬ ਸਿੰਘ ਦੀ ਰਚਨਾ, ਨਿਰਦੇਸ਼ਨਾ ਅਤੇ ਅਦਾਕਾਰੀ ‘ਚ ਅਦਾਕਾਰ ਮੰਚ ਮੁਹਾਲੀ ਵੱਲੋਂ ‘ਸੰਦੂਕੜੀ ਖੋਲ੍ਹ ਨਰੈਣਿਆਂ’ ਨਾਟਕ ਸਾਹਿਬ ਸਿੰਘ ਦੀ ਸਿਹਤ ਦੀ ਖਰਾਬੀ ਕਾਰਨ ਪੇਸ਼ ਨਾ ਹੋ ਸਕਣ ਦੀ ਖ਼ਿਮਾਂ ਮੰਗੀ ਗਈ। ਜਦੋਂ ਭਰੇ ਪੰਡਾਲ ਵਿੱਚ ਡਾ . ਸਾਹਿਬ ਸਿੰਘ ਦੀ ਧੀ ਮਲਿਕਾ ਦਾ ਸੁਨੇਹਾ ਸੁਣਾਇਆ ਤਾਂ ਹਜ਼ਾਰਾਂ ਦਰਸ਼ਕਾਂ ਨੇ ਡਾ. ਸਾਹਿਬ ਸਿੰਘ ਦੀ ਸਿਹਤਯਾਬੀ ਲਈ ਸ਼ੁੱਭ ਕਾਮਨਾਵਾਂ ਕੀਤੀਆਂ।
ਮਾਨਵਤਾ ਕਲਾ ਮੰਚ ਨਗਰ ਨੇ ਕੁਲਵੰਤ ਕੌਰ ਨਗਰ ਦਾ ਲਿਖਿਆ ਅਤੇ ਜਸਵਿੰਦਰ ਪੱਪੀ ਦੁਆਰਾ ਨਿਰਦੇਸ਼ਤ ਕੀਤਾ ਨਾਟਕ ‘ਮੁਕਤੀ ਦਾਤਾ’ ਪੇਸ਼ ਕੀਤਾ।
ਨਾਟਕਾਂ ਨੇ ਸਨਅਤੀ, ਬੇਜ਼ਮੀਨੇ ਮਜ਼ਦੂਰਾਂ, ਕਿਸਾਨਾਂ, ਬੇਰੁਜ਼ਗਾਰਾਂ, ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਤਰਕਸ਼ੀਲਾਂ, ਬੁਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਮਿਆਂ ਦੀ ਆਵਾਜ਼ ਬੁਲੰਦ ਕੀਤੀ। ਪਰਦੇਸਾਂ ਨੂੰ ਉਡਾਰੀ ਮਾਰ ਰਹੀ, ਓਥੇ ਦਰਦ ਹੰਢਾ ਰਹੀ ਜੁਆਨੀ ਅਤੇ ਲੋਕਾਈ ਦਾ ਦਰਦ ਬਾਖੂਬੀ ਬਿਆਨ ਕੀਤਾ।
ਨਾਟਕਾਂ ਨੇ ਸਮਿਆਂ ਦੇ ਹਾਣੀ ਵਿਸ਼ਿਆਂ ਨੂੰ ਕਲਾਤਮਿਕ ਛੋਹਾਂ ਅਤੇ ਅਥਾਹ ਮਿਹਨਤ ਨਾਲ਼ ਇਸ ਮੁਕਾਮ ਤੇ ਪਹੁੰਚਾਇਆ ਹੋਇਆ ਸੀ ਜਿਸਦੀ ਦਾਦ, ਭਰਿਆ ਪੰਡਾਲ ਵਾਰ ਵਾਰ ਖੜ੍ਹੇ ਹੋ ਕੇ ਤਾੜੀਆਂ ਨਾਲ ਦਿੰਦਾ ਰਿਹਾ। ਪੰਜਾਬੀ ਰੰਗ ਮੰਚ ਦੇ ਇਤਿਹਾਸ ਦਾ ਯਾਦਗਾਰੀ ਸਫ਼ਾ ਹੋ ਨਿਬੜੀ ਨਾਟਕਾਂ ਭਰੀ ਰਾਤ। ਚੁਫ਼ੇਰੇ ਫੈਲੇ ਗਾੜ੍ਹੇ ਹਨੇਰੇ ਦੇ ਦੌਰ ਵਿੱਚ ਚੇਤਨਾ ਦੀਆਂ ਕਿਰਨਾਂ ਬਿਖੇਰਨ ਵਿੱਚ ਸਫ਼ਲ ਰਹੀ ਨਾਟਕਾਂ ਅਤੇ ਗੀਤਾਂ ਭਰੀ ਰਾਤ।
ਲੋਕ ਸੰਗੀਤ ਮੰਡਲੀ ਭਦੌੜ ਮਾਸਟਰ ਰਾਮ ਕੁਮਾਰ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਸਵਰਨ ਧਾਲੀਵਾਲ, ਲੋਕ ਸੰਗੀਤ ਮੰਡਲੀ ਜੀਦਾ ਜਗਸੀਰ ਜੀਦਾ, ਲੋਕ ਸੰਗੀਤ ਮੰਡਲੀ ਮਸਾਣੀ ਧਰਮਿੰਦਰ ਮਸਾਣੀ, ਦਸਤਕ ਮੰਚ,ਨਰਗਿਸ, ਰੂਬੀ ਚੰਡੀਗੜ੍ਹ, ਸਰਗ਼ਮ, ਅਜਮੇਰ ਅਕਲੀਆ ਨੇ ਇਸ ਰਾਤ ਨੂੰ ਗੀਤ ਸੰਗੀਤ ਦੇ ਪ੍ਰਭਾਵਸ਼ਾਲੀ ਰੰਗ ‘ਚ ਰੰਗਿਆ। ਜਦੋਂ ਗੰਨ ਅਤੇ ਗੈਂਗਸਟਰ ਅਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਜੋਕਾ ਰਾਜ ਭਾਗ ਛਤਰੀ ਤਾਣ ਰਿਹਾ ਹੈ ਇਸ ਵੇਲੇ ਇਹਨਾਂ ਗਾਇਕਾਂ ਨੇ ਕਿਰਤੀ ਲੋਕਾਂ ਦੀ ਪੀੜ ਅਤੇ ਮੁਕਤੀ ਦੇ ਨਗ਼ਮੇ ਸੁਣਾਏ।
ਪੰਜਾਬੀ ਦੇ ਨਾਮਵਰ ਸੰਵੇਦਨਸ਼ੀਲ ਲੋਕਾਂ ਜਾਏ ਕਵੀ ਹਰਮੀਤ ਵਿਦਿਆਰਥੀ, ਬੁੱਤ ਸਾਜ਼ ਜਨਕ ਰਾਮਗੜ੍ਹ, ਰੰਗ ਕਰਮੀ ਸਤਪਾਲ ਬੰਗਾ ਅਤੇ ਕਮਲਜੀਤ ਮੋਹੀ ਨੂੰ ਖਚਾ ਖਚ ਭਰੇ ਪੰਡਾਲ ਵਿੱਚ ਗੁਰਸ਼ਰਨ ਕਲਾ ਸਨਮਾਨ ਨਾਲ਼ ਸਨਮਾਨਿਤ ਕੀਤਾ ਗਿਆ। ਪਲਸ ਮੰਚ ਦੇ ਸੂਬਾਈ ਵਿੱਤ ਸਕੱਤਰ ਕਸਤੂਰੀ ਲਾਲ ਨੇ ਇਹਨਾਂ ਸ਼ਖ਼ਸੀਅਤਾਂ ਦੇ ਮਾਣ ਸਨਮਾਨ ਵਿੱਚ ਅਮੁੱਲੇ ਸ਼ਬਦ ਕਹੇ।
ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਦਾ ਇਤਿਹਾਸ ਗਵਾਹ ਹੈ ਕਿ ਸਮਾਜ ਅੰਦਰ ਬੁੱਢੇ, ਗਲ਼ੇ-ਸੜੇ, ਲੋਕ- ਦੋਖੀ ਨਿਜ਼ਾਮ ਨੂੰ ਮੂਲ਼ੋਂ ਬਦਲਕੇ ਨਵਾਂ ਨਰੋਆ ਅਤੇ ਲੋਕ ਪੱਖੀ ਨਿਜ਼ਾਮ ਸਿਰਜਣ ਦੇ ਇਤਿਹਾਸਕ ਕਾਰਜ਼ ਵਿੱਚ ਸਾਹਿਤ ਅਤੇ ਕਲਾ ਦੀ ਮਹੱਤਵਪੂਰਨ ਭੂਮਿਕਾ ਹੈ। ਪਲਸ ਮੰਚ ਇਸ ਕਾਰਜ਼ ਵਿੱਚ ਬੀਤੇ ਚਾਰ ਦਹਾਕਿਆਂ ਤੋਂ ਅਨੇਕਾਂ ਚੁਣੌਤੀਆਂ ਸਰ ਕਰਦਿਆਂ ਆਪਣੀਆਂ ਸੇਵਾਵਾਂ ਅਦਾ ਕਰਦਾ ਆ ਰਿਹਾ ਹੈ।
ਉਹਨਾਂ ਕਿਹਾ ਕਿ ਅੱਜ ਜਦੋਂ ਮੁਲਕ ਭਰ ਅੰਦਰ ਬੁੱਧੀਜੀਵੀਆਂ, ਸਾਹਿਤ, ਕਲਾ ਇਤਿਹਾਸ ਅਤੇ ਵਿਗਿਆਨਕ ਚੇਤਨਾ ਦੇ ਸਾਰੇ ਰਾਹ ਬੰਦ ਕਰਕੇ ਜ਼ੁਬਾਨਬੰਦੀ ਕਰਨ ਅਤੇ ਇਤਿਹਾਸ ਨੂੰ ਤਰੋੜ ਮਰੋੜ ਕੇ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਵਰਤਣ ਵਾਸਤੇ ਮੌਜੂਦਾ ਪ੍ਰਬੰਧ ਪੱਬਾਂ ਭਾਰ ਹੈ, ਅਜਿਹੇ ਮੌਕੇ ਪਲਸ ਮੰਚ, ਲੋਕ- ਪੱਖੀ ਸਾਹਿਤ ਅਤੇ ਕਲਾ ਦਾ ਪਰਚਮ ਬੁਲੰਦ ਰੱਖੇਗਾ। ਉਹਨਾਂ ਕਿਹਾ ਕਿ ਇਹ ਗਲਿਆ ਸੜਿਆ ਲੋਕ ਦੋਖੀ ਪ੍ਰਬੰਧ ਲੋਕਾਂ ਦੇ ਜਿਉਣ ਜੋਗਾ ਨਹੀਂ ਛੱਡਿਆ ਇਸਨੂੰ ਗ਼ਦਰੀ ਬਾਬਿਆਂ ਭਗਤ ਸਰਾਭਿਆਂ ਦੇ ਮਾਰਗ ਤੇ ਚੱਲ ਕੇ ਬਦਲਣ ਲਈ ਜੂਝਦੇ ਲੋਕਾਂ ਦੀ ਆਵਾਜ਼ ਸੰਗ ਆਪਣੀਆਂ ਕਲਾ ਕ੍ਰਿਤਾਂ ਰਾਹੀਂ ਪਲਸ ਮੰਚ ਯੋਗਦਾਨ ਪਾਉਂਦਾ ਰਹੇਗਾ।
ਇਪਟਾ ਮੋਗਾ ਦੇ ਕਲਾਕਾਰਾਂ ਅਵਤਾਰ ਚੜਿੱਕ ਅਤੇ ਇਕਬਾਲ ਸਿੰਘ ਨੇ ਭੰਡ ਕਲਾ ਰਾਹੀਂ ਤਿੱਖੇ ਸਿਆਸੀ ਵਿਅੰਗ ਕੱਸੇ।
ਪੰਜਾਬ ਕਲਾ ਸੰਗਮ ਫਗਵਾੜਾ ਦੀ ਟੀਮ ਨੇ ਨਿਸ਼ਾ -ਸੁਮਨ ਲਤਾ ਦੀ ਨਿਰਦੇਸ਼ਨਾ ‘ਚ ਅਮੋਲਕ ਸਿੰਘ ਦੇ ਗੀਤਾਂ ਤੇ ਅਧਾਰਿਤ ਕੋਰਿਓਗਰਾਫੀ ‘ਸਤਰੰਗੀ ਪੀਂਘ’ ਪੇਸ਼ ਕੀਤੀ।
ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰ ਕੇ ਮਤੇ ਪਾਸ ਕਰਦਿਆਂ ਮੰਗ ਕੀਤੀ ਕਿ ਸਿੱਖਿਆ ਸਿਲੇਬਸ, ਇਤਿਹਾਸ ਵਿਚ ਤਰੋੜ ਮਰੋੜ ਕਰਨਾ ਬੰਦ ਕੀਤਾ ਜਾਏ। ਬੁੱਧੀਜੀਵੀਆਂ, ਕਵੀਆਂ, ਲੇਖਕਾਂ, ਆਰਟਿਸਟ ਫੋਟੋ ਕਲਾਕਾਰਾਂ ਨੂੰ ਰਿਹਾ ਕੀਤਾ ਜਾਏ। ਗੁਰਸ਼ਰਨ ਭਾਅ ਜੀ ਦੇ ਜੱਦੀ ਘਰ ਨੂੰ ਮਿਊਜ਼ੀਅਮ ਦੇ ਰੂਪ ਵਿੱਚ ਸੰਭਾਲਿਆ ਜਾਏ। ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਟਿਕਾਣੇ ਨੂੰ ਇਤਿਹਾਸਕ ਯਾਦਗਾਰ ਵਜੋਂ ਸੰਭਾਲਿਆ ਜਾਏ। ਜਲ੍ਹਿਆਂਵਾਲਾ ਬਾਗ਼ ਦਾ ਮੂਲ਼ ਸਰੂਪ ਬਹਾਲ ਕੀਤਾ ਜਾਏ। ਦਿੱਲੀ ਜੰਤਰ ਮੰਤਰ ਤੇ ਆਪਣੀ ਅਣਖ਼ ਇੱਜ਼ਤ ਦੀ ਰਾਖੀ ਲਈ ਜੂਝ ਰਹੇ ਪਹਿਲਵਾਨਾਂ ਦੀ ਆਵਾਜ਼ ਸੰਗ ਅੱਜ ਦੇ ਇਕੱਠ ਨੇ ਆਵਾਜ਼ ਮਿਲਾਈ।
ਮੁਲਕ ਅਤੇ ਵਿਸ਼ੇਸ਼ ਕਰਕੇ ਪੰਜਾਬ ਸੂਬੇ ਅੰਦਰ ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਝੱਖੜਾਂ ਲਈ ਜ਼ਮੀਨ ਤਿਆਰ ਕਰਨ ਦਾ ਧੰਦਾ ਬੰਦ ਕੀਤਾ ਜਾਏ।
ਮੰਚ ਤੋਂ ਵੰਨ ਸੁਵੰਨੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਨਾਟਕਾਂ ਅਤੇ ਗੀਤਾਂ ਭਰੀ ਰਾਤ ਦਾ ਮੰਚ ਸੰਚਾਲਨ ਦੀ ਭੂਮਿਕਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਨਿਭਾਈ।
ਜ਼ਿਕਰਯੋਗ ਹੈ ਕਿ ਇਸ ਮੌਕੇ ਪਲਸ ਮੰਚ ਦੀ ਸੂਬਾ ਕਮੇਟੀ, ਗੁਰਸ਼ਰਨ ਭਾਅ ਜੀ ਦੀ ਬੇਟੀ ਡਾ. ਅਰੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਨੌਜਵਾਨ , ਵਿਦਿਆਰਥੀ ਅਤੇ ਔਰਤ ਆਗੂ ਕਾਫ਼ਲਿਆਂ ਸਮੇਤ ਹਾਜ਼ਰ ਸਨ। ਜਾਰੀ ਕਰਤਾ : ਅਮੋਲਕ ਸਿੰਘ ਪ੍ਰਧਾਨ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ )