-ਚਾਹਵਾਨ 15 ਮਈ ਤੱਕ ਦਸਤੀ ਜਾਂ ਈ-ਮੇਲ ਰਾਹੀਂ ਭੇਜ ਸਕਦੇ ਹਨ ਅਰਜ਼ੀਆਂ-ਜ਼ਿਲ੍ਹਾ ਭਾਸ਼ਾ ਅਫ਼ਸਰ
ਮੋਗਾ, 3 ਮਈ ( ਰਾਜਨ ਜੈਨ)-ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵੱਲੋਂ ਜਲਦ ਹੀ ਉਰਦੂ ਭਾਸ਼ਾ ਦੀ ਸਿਖਲਾਈ ਲਈ ਜਮਾਤ ਸ਼ੁਰੂ ਕੀਤੀ ਜਾ ਰਹੀ ਹੈ। ਉਰਦੂ ਸਿੱਖਣ ਦੇ ਚਾਹਵਾਨਾਂ ਦੁਆਰਾ ਪਿਛਲੇ ਕਾਫ਼ੀ ਸਮੇਂ ਤੋਂ ਚੱਲੀ ਆ ਰਹੀ ਇਹ ਮੰਗ ਜਲਦ ਪੂਰੀ ਹੋਣ ਜਾ ਰਹੀ ਹੈ।ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵਿਖੇ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।ਇਸ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵਿਖੇ ਉਰਦੂ ਸਿਖਲਾਈ ਦੀ ਇਹ ਜਮਾਤ 1 ਜੁਲਾਈ, 2023 ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਾਸਤੇ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ਪਾਰਟ ਟਾਈਮ ਯੋਗ ਅਧਿਆਪਕ ਦੀ ਇਸ ਦਫ਼ਤਰ ਵਿਖੇ ਜ਼ਰੂਰਤ ਹੈ। ਉਰਦੂ ਅਧਿਆਪਕ ਦੀ ਘੱਟੋ-ਘੱਟ ਯੋਗਤਾ ਐੱਮ. ਏ. ਉਰਦੂ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵੱਲੋਂ ਉਰਦੂ ਅਧਿਆਪਕ ਲਈ ਪ੍ਰਾਪਤ ਬੇਨਤੀਆਂ ਦੀ ਮੈਰਿਟ ਬਣਾ ਕੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਭੇਜੀ ਜਾਵੇਗੀ ਅਤੇ ਅਧਿਆਪਕ ਦੀ ਚੋਣ ਸੰਬੰਧੀ ਅੰਤਿਮ ਫੈਸਲਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹੀ ਲਿਆ ਜਾਵੇਗਾ। ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ਪਾਰਟ ਟਾਈਮ ਰੱਖੇ ਜਾਣ ਵਾਲੇ ਉਮੀਦਵਾਰ ਨੂੰ 8 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਹਫ਼ਤੇ ਵਿਚ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ਾਨਾ ਇੱਕ ਘੰਟੇ ਦੀ ਜਮਾਤ ਹੋਵੇਗੀ। ਇਨ੍ਹਾਂ ਬਿਨੈ-ਪੱਤਰਾਂ ਲਈ ਕੋਈ ਵਿਸ਼ੇਸ਼ ਪ੍ਰੋਫਾਰਮਾ ਦੀ ਲੋੜ ਨਹੀਂ ਹੈ। ਉਮੀਦਵਾਰ ਸਾਧਾਰਨ ਕਾਗਜ਼ ਉੱਪਰ ਆਪਣੇ ਬਿਨੈ-ਪੱਤਰ ਦੇ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵਿਖੇ ਇਸ ਅਸਾਮੀ ਲਈ ਚਾਹਵਾਨ ਉਮੀਦਵਾਰ ਆਪਣੇ ਬਿਨੈ-ਪੱਤਰ 15 ਮਈ, 2023 ਤੱਕ ਦਫ਼ਤਰੀ ਈ-ਮੇਲ mogabhashavibhag@gmail.com ਰਾਹੀਂ ਜਾਂ ਦਸਤੀ ਤੌਰ ‘ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਪਹਿਲੀ ਮੰਜ਼ਿਲ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ, ਦੁਸਹਿਰਾ ਗਰਾਊਂਡ, ਮੋਗਾ ਵਿਖੇ ਭੇਜ ਸਕਦੇ ਹਨ।ਜ਼ਿਆਦਾ ਜਾਣਕਾਰੀ ਲਈ ਕਲਰਕ ਰਾਹੁਲ ਦੇ ਮੋਬਾਈਲ ਨੰਬਰ 9780300172 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।